ਮਨਜੀਤ ਸਿੰਘ ਨੇ ਲਾਈ ਸੁਨਹਿਰੀ ਦੌੜ, ਜੌਨਸਨ ਨੇ ਜਿੱਤੀ ਚਾਂਦੀ

ਜਕਾਰਤਾ – ਮਨਜੀਤ ਸਿੰਘ ਨੇ ਸ਼ੁਰੂਆਤ ਵਿੱਚ ਪੱਛੜਨ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ 800 ਮੀਟਰ ਦੌੜ ਵਿੱਚ ਸੋਨੇ ਵਜੋਂ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਤਗ਼ਮਾ ਜਿੱਤਿਆ, ਪਰ PV ਸਿੰਧੂ ਇੱਕ ਵਾਰ ਫ਼ਿਰ ਫ਼ਾਈਨਲ ਦੀ ਪਹੇਲੀ ਦਾ ਹੱਲ ਲੱਭਣ ਵਿੱਚ ਅਸਫ਼ਲ ਰਹੀ। ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਕੁਸ਼ਤੀ ਵਰਗੀ ਖੇਡ ਕੁਰਾਸ਼ ਵਿੱਚ ਭਾਰਤ ਨੂੰ ਚਾਂਦੀ ਅਤੇ ਕਾਂਸੀ ਮਿਲੀ ਜਦਕਿ ਐਥਲੈਟਿਕਸ ਵਿੱਚ ਪਹਿਲੀ ਵਾਰ ਸ਼ਾਮਿਲ ਮਿਕਸਡ ਚਾਰ ਗੁਣਾ 400 ਮੀਟਰ ਮੁਕਾਬਲੇ ਦੀ ਟੀਮ ਵੀ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੀ। ਭਾਰਤ ਨੇ ਇੱਕ ਸੋਨਾ, ਛੇ ਚਾਂਦੀ ਅਤੇ ਦੋ ਕਾਂਸੀ ਸਣੇ ਕੁੱਲ ਨੌਂ ਤਗ਼ਮੇ ਜਿੱਤੇ। ਇਸ ਪ੍ਰਦਰਸ਼ਨ ਨਾਲ ਭਾਰਤ ਤਗ਼ਮਾ ਸੂਚੀ ਵਿੱਚ ਕੁੱਲ 50 ਤਗ਼ਮਿਆਂ ਨਾਲ ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤ ਦੇ ਨਾਮ ਨੌਂ ਸੋਨੇ, 19 ਚਾਂਦੀ ਅਤੇ 22 ਕਾਂਸੀ ਦੇ ਤਗ਼ਮੇ ਹਨ। ਦੇਸ਼ ਆਪਣੀ 2014 ਦੇ ਤਗ਼ਮਿਆਂ ਦੀ ਗਿਣਤੀ ਦੀ ਬਰਾਬਰੀ ਕਰਨ ਤੋਂ ਸਿਰਫ਼ ਸੱਤ ਤਗ਼ਮੇ ਪਿੱਛੇ ਹੈ।
ਭਾਰਤ ਦੇ ਕੰਪਾਊਂਡ ਤੀਰਅੰਦਾਜ਼ਾਂ ਦੀ ਪੁਰਸ਼ ਅਤੇ ਮਹਿਲਾ ਟੀਮ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਕਰਾਸ਼ ਵਿੱਚ ਤਗ਼ਮੇ ਹੈਰਾਨ ਕਰਨ ਵਾਲੇ ਰਹੇ। ਇਹ ਮੱਧ ਏਸ਼ੀਆ ਦੀ ਰਿਵਾਇਤੀ ਖੇਡ ਹੈ ਜਿਸ ਵਿੱਚ ਖਿਡਾਰੀ ਵਿਰੋਧੀ ਨੂੰ ਤੌਲੀਏ ਦੀ ਸਹਾਇਤਾ ਨਾਲ ਹੇਠਾਂ ਡੇਗਣ ਦਾ ਯਤਨ ਕਰਦਾ ਹੈ। ਭਾਰਤ ਲਈ ਪਿੰਕੀ ਬਲਹਾਰਾ ਅਤੇ ਮਾਲਾਪ੍ਰਭਾ ਯਲੱਪਾ ਜਾਧਵ ਨੇ ਮਹਿਲਾਵਾਂ ਦੇ 52 ਕਿੱਲੋ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ। ਇਨ੍ਹਾਂ ਦੋਵਾਂ ਕੋਲ ਕਿੱਟ ਖ਼ਰੀਦਣ ਲਈ ਵੀ ਪੈਸੇ ਨਹੀਂ ਸਨ ਅਤੇ ਖੇਡ ਮੰਤਰਾਲੇ ਦੇ ਦਖ਼ਲ ਮਗਰੋਂ ਹੀ ਇਨ੍ਹਾਂ ਨੂੰ ਕਿੱਟ ਮਿਲੀ।
ਟੇਬਲ ਟੈਨਿਸ ਵਿੱਚ ਭਾਰਤ ਨੇ ਸੈਮੀ ਫ਼ਾਈਨਲ ਵਿੱਚ ਕੋਰੀਆ ਖ਼ਿਲਾਫ਼ ਹਾਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ ਜੋ ਉਸ ਦਾ ਪਹਿਲਾ ਤਗ਼ਮਾ ਹੈ। ਭਾਰਤੀ ਸਕੁਐਸ਼ ਟੀਮਾਂ ਨੇ ਆਪਣੀ ਜੇਤੂ ਲੈਅ ਜਾਰੀ ਰੱਖੀ ਅਤੇ ਪੁਰਸ਼ ਵਰਗ ਵਿੱਚ ਕਤਰ ਖ਼ਿਲਾਫ਼ ਹਰਿੰਦਰਪਾਲ ਸਿੰਘ ਸੰਧੂ ਨੂੰ ਛੱਡ ਕੇ ਬਾਕੀ ਭਾਰਤੀਆਂ ਨੂੰ ਜਿੱਤਾਂ ਦਰਜ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਈ ਜਿਸ ਕਾਰਨ ਪੁਰਸ਼ ਅਤੇ ਮਹਿਲਾ ਟੀਮਾਂ ਗਰੁੱਪ ਗੇੜ ਤੋਂ ਅੱਗੇ ਕੁਆਲੀਫ਼ਾਈ ਕਰਨ ਲਈ ਅੱਗੇ ਵਧੀਆਂ। ਭਾਰਤੀ ਹਾਕੀ ਟੀਮ ਦੀ ਜੇਤੂ ਮੁਹਿੰਮ ਜਾਰੀ ਰਹੀ। ਮੌਜੂਦਾ ਚੈਂਪੀਅਨ ਟੀਮ ਨੇ ਸ੍ਰੀਲੰਕਾ ਨੂੰ 20-0 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਪੂਲ A ਵਿੱਚ ਪੰਜਵੀਂ ਜਿੱਤ ਦਰਜ ਕੀਤੀ। ਭਾਰਤ ਟੂਰਨਾਮੈਂਟ ਵਿੱਚ ਹੁਣ ਤਕ 76 ਗੋਲ ਦਾਗ਼ ਚੁੱਕਾ ਹੈ।
ਮੁੱਕੇਬਾਜ਼ ਹਾਲਾਂਕਿ ਜਿੱਤ ਦਰਜ ਕਰਨ ਵਿੱਚ ਅਸਫ਼ਲ ਰਹੇ। ਪਵਿੱਤਰਾ (60 ਕਿੱਲੋ) ਅਤੇ ਸੋਨੀਆ ਲਾਠਰ (67 ਕਿੱਲੋ) ਕੁਆਰਟਰ ਫ਼ਾਈਨਲ ਵਿੱਚ ਹਾਰ ਕੇ ਮਹਿਲਾ ਵਰਗ ਵਿੱਚੋਂ ਬਾਹਰ ਹੋ ਗਈਆਂ। ਭਾਰਤੀ ਪੁਰਸ਼ ਵਾਲੀਬਾਲ ਟੀਮ ਨੂੰ ਵੀ ਸੱਤਵੇਂ ਤੋਂ 12ਵੇਂ ਸਥਾਨ ਦੇ ਕੁਆਲੀਫ਼ੀਕੇਸ਼ਨ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਐਥਲੀਟਾਂ ਵਿੱਚੋਂ ਮਹਿਲਾ ਦੇ 100 ਮੀਟਰ ਦੀ ਚਾਂਦੀ ਦਾ ਤਗ਼ਮਾ ਜੇਤੂ ਦੁੱਤੀ ਚੰਦ ਨੇ 200 ਮੀਟਰ ਫ਼ਾਈਨਲ ਲਈ ਕੁਆਲੀਫ਼ਾਈ ਕਰ ਲਿਆ ਹੈ, ਪਰ 400 ਮੀਟਰ ਦੀ ਚਾਂਦੀ ਦਾ ਤਗ਼ਮਾ ਜੇਤੂ ਹਿਮਾ ਦਾਸ ਫ਼ਾਲਸ ਸਟਾਰਟ ਕਾਰਨ ਅਯੋਗ ਐਲਾਨੀ ਗਈ। ਦੁੱਤੀ ਚੰਦ ਨੇ ਆਪਣੀ ਸੈਮੀ ਫ਼ਾਈਨਲ ਰੇਸ ਵਿੱਚ ਚੋਟੀ ਦਾ ਸਥਾਨ ਹਾਸਿਲ ਕਰ ਕੇ ਫ਼ਾਈਨਲ ਲਈ ਕੁਆਲੀਫ਼ਾਈ ਕੀਤਾ ਜਦਕਿ ਹਿਮਾ ਦਾਸ ਨੂੰ ਦੌੜ ਲਈ ਗ਼ਲਤ ਸ਼ੁਰੂਆਤ ਕਰਨ ਕਾਰਨ ਅਯੋਗ ਕਰਾਰ ਦਿੱਤਾ ਗਿਆ। ਦੁੱਤੀ ਨੇ 23.00 ਸੈਕਿੰਡ ਦਾ ਸਮਾਂ ਲਿਆ ਜਦਕਿ 100 ਮੀਟਰ ਦੀ ਸੋਨ ਤਗ਼ਮਾ ਜੇਤੂ ਬਹਿਰੀਨ ਦੀ ਐਡਿਡਿਯੋਂਗ ਓਲਿਯੋਂਗ 23.01 ਸੈਕਿੰਡ ਦਾ ਸਮਾਂ ਲੈ ਕੇ ਦੂਜੇ ਸਥਾਨ ‘ਤੇ ਰਹੀ। ਇਸ ਮੁਕਾਬਲੇ ਦੇ ਦੂਜੇ ਸੈਮੀ ਫ਼ਾਈਨਲ ਹੀਟ ਵਿੱਚ ਭਾਰਤ ਨੂੰ ਓਦੋਂ ਝਟਕਾ ਲੱਗਾ ਜਦੋਂ ਹਿਮਾ ਨੂੰ ਗ਼ਲਤ ਸਟਾਰਟ ਕਾਰਨ ਬਾਹਰ ਹੋਣਾ ਪਿਆ। ਮਹਿਲਾਵਾਂ ਦੇ 5000 ਮੀਟਰ ਮੁਕਾਬਲੇ ਵਿੱਚ ਭਾਰਤ ਦੀ ਸੂਰਿਆ ਲੋਗਾਨਾਥਨ 15 ਮਿੰਟ 49.30 ਸੈਕਿੰਡ ਦਾ ਸਮਾਂ ਕੱਢ ਕੇ ਪੰਜਵੇਂ ਅਤੇ ਸੰਜੀਵਨੀ ਜਾਧਵ 15 ਮਿੰਟ 52.96 ਸੈਕਿੰਡ ਦਾ ਸਮਾਂ ਲੈ ਕੇ ਸੱਤਵੇਂ ਸਥਾਨ ‘ਤੇ ਰਹੀਆਂ। ਮਹਿਲਾਵਾਂ ਦੇ ਜੈਵਲਿਨ ਥਰੋਅ ਵਿੱਚ ਅਨੂ ਰਾਣੀ 53.93 ਮੀਟਰ ਦੇ ਮਾਯੂਸਕੁਨ ਥਰੋਅ ਨਾਲ ਛੇਵੇਂ ਸਥਾਨ ‘ਤੇ ਰਹੀ।