ਵਿਧਵਾ ਨੂੰਹ ਦੇ ਪ੍ਰੇਮ ਸਬੰਧਾਂ ਤੋਂ ਪਰੇਸ਼ਾਨ ਸਹੁਰੇ ਨੇ ਪ੍ਰੇਮੀ ਦਾ ਕੀਤਾ ਕਤਲ

ਬਾਂਦਾ – ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ’ਚ ਪ੍ਰੇਮ ਸਬੰਧਾਂ ਤੋਂ ਪਰੇਸ਼ਾਨ ਇਕ ਵਿਅਕਤੀ ਰਾਜ ਕਰਨ ਨੇ ਆਪਣੀ ਵਿਧਵਾ ਨੂੰਹ ਤੇ ਉਸ ਦੇ ਪ੍ਰੇਮੀ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਪ੍ਰੇਮੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਨੂੰਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਪੁਲਸ ਨੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਨੁਸਾਰ ਰਾਜ ਕਰਨ ਨੇ ਸ਼ੁੱਕਰਵਾਰ ਰਾਤ ਲੱਗਭਗ 10 ਵਜੇ ਬਿਸੰਡਾ ਥਾਣਾ ਖੇਤਰ ਦੇ ਚੌਂਸਦ ਪਿੰਡ ’ਚ ਆਪਣੀ ਨੂੰਹ ਵਿਦਿਆ (42) ਤੇ ਉਸ ਦੇ ਪ੍ਰੇਮੀ ਰਾਮ ਮਨੋਹਰ (45) ’ਤੇ ਹਮਲਾ ਕੀਤਾ।
ਦੋਵੇਂ ਇਕ ਕਮਰੇ ’ਚ ਸੁੱਤੇ ਹੋਏ ਸਨ। ਹਮਲੇ ’ਚ ਰਾਮ ਮਨੋਹਰ ਦੀ ਮੌਤ ਹੋ ਗਈ। ਵਿਦਿਆ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਬਾਂਦਾ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ ਹੈ। ਓਰਨ ਪੁਲਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਬੁੱਧੀ ਸਾਗਰ ਨੇ ਦੱਸਿਆ ਕਿ ਵਿਦਿਆ ਦੇ ਪਤੀ ਕੱਲੂ ਦੀ 3 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸ ਦਾ ਰਾਮ ਮਨੋਹਰ ਨਾਲ ਪ੍ਰੇਮ ਸਬੰਧ ਸ਼ੁਰੂ ਹੋ ਗਿਆ। ਰਾਮ ਮਨੋਹਰ ਪਹਿਲਾਂ ਹੀ ਵਿਆਹਿਆ ਹੋਇਆ ਸੀ। ਦੋਵੇਂ ਕੁਝ ਮਹੀਨੇ ਪਹਿਲਾਂ ਪਿੰਡ ਛੱਡ ਕੇ ਚਲੇ ਗਏ ਸਨ ਤੇ ਪਿਛਲੇ ਹਫ਼ਤੇ ਹੀ ਵਾਪਸ ਆਏ ਸਨ। ਉਦੋਂ ਤੋਂ ਉਹ ਇਕੋ ਘਰ ’ਚ ਰਹਿ ਰਹੇ ਸਨ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।