ਟੂਰਨਾਮੈਂਟ ਦੇ ਪੰਜ ਮੈਚਾਂ ‘ਚ ਭਾਰਤ ਨੇ ਦਾਗ਼ੇ 76 ਅਤੇ ਖ਼ਿਲਾਫ਼ ਹੋਏ ਕੇਵਲ ਤਿੰਨ ਗੋਲ
ਜਕਾਰਤਾ – ਮੌਜੂਦਾ ਚੈਂਪੀਅਨ ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਵਿੱਚ ਗੋਲਾਂ ਦਾ ਮੀਂਹ ਵਰ੍ਹਾਉਂਦਿਆਂ ਸ੍ਰੀਲੰਕਾ ਨੂੰ ਪੂਲ A ਵਿੱਚ 20-0 ਗੋਲਾਂ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਹੈ।
ਭਾਰਤ 15 ਅੰਕਾਂ ਨਾਲ ਪੂਲ A ਵਿੱਚ ਚੋਟੀ ‘ਤੇ ਕਾਇਮ ਹੈ। ਹੁਣ ਸੈਮੀ ਫ਼ਾਈਨਲ ਵਿੱਚ ਭਾਰਤ ਦਾ ਮੁਕਾਬਲਾ ਪੂਲ B ਦੇ ਦੂਜੇ ਨੰਬਰ ਦੀ ਟੀਮ ਨਾਲ ਹੋਵੇਗਾ ਜੋ ਪਾਕਿਸਤਾਨ ਜਾਂ ਮਲੇਸ਼ੀਆ ਹੋ ਸਕਦੀ ਹੈ।
ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 17-0 ਗੋਲਾਂ ਨਾਲ, ਦੂਜੇ ਵਿੱਚ ਹੌਂਗ ਕੌਂਗ ਨੂੰ 26-0 ਗੋਲਾਂ ਨਾਲ, ਤੀਜੇ ਮੈਚ ਵਿੱਚ ਜਾਪਾਨ ਨੂੰ 8-0 ਗੋਲਾਂ ਨਾਲ, ਚੌਥੇ ਵਿੱਚ ਦੱਖਣੀ ਕੋਰੀਆ ਨੂੰ 5-3 ਨਾਲ ਅਤੇ ਹੁਣ ਪੰਜਵੇਂ ਮੈਚ ਵਿੱਚ ਸ੍ਰੀਲੰਕਾ ਨੂੰ 20-0 ਨਾਲ ਹਰਾਇਆ। ਭਾਰਤ ਨੇ ਹੁਣ ਤਕ ਪੰਜ ਮੈਚਾਂ ਵਿੱਚ ਕੁੱਲ 76 ਗੋਲ ਕੀਤੇ ਹਨ ਅਤੇ ਭਾਰਤ ਖ਼ਿਲਾਫ਼ ਹੁਣ ਤਕ ਸਿਰਫ਼ ਤਿੰਨ ਗੋਲ ਹੋਏ ਹਨ। ਸ੍ਰੀਲੰਕਾ ਤੋਂ ਤਾਂ ਪਹਿਲਾਂ ਹੀ ਕੋਈ ਉਮੀਦ ਨਹੀਂ ਸੀ ਅਤੇ ਦੇਖਣਾ ਸਿਰਫ਼ ਇਹੀ ਸੀ ਕਿ ਭਾਰਤ ਇਸ ਟੀਮ ਨੂੰ ਕਿੰਨੇ ਗੋਲਾਂ ਦੇ ਫ਼ਰਕ ਨਾਲ ਹਰਾਉਂਦਾ ਹੈ। ਭਾਰਤ ਦੀ ਇਸ ਜਿੱਤ ਵਿੱਚ ਫ਼ਾਰਵਰਡ ਆਕਾਸ਼ਦੀਪ ਸਿੰਘ ਨੇ ਦੋਹਰੀ ਹੈਟ੍ਰਿਕ ਜਮਾਉਂਦਿਆਂ ਛੇ ਗੋਲ ਦਾਗੇ। ਡ੍ਰੈਗ ਫ਼ਲਿਕਰ ਰੁਪਿੰਦਰਪਾਲ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਤਿੰਨ ਤਿੰਨ ਗੋਲ ਕੀਤੇ। ਲਲਿਤ ਉਪਾਧਿਆਏ ਨੇ ਦੋ ਜਦੋਂਕਿ ਵਿਵੇਕ ਪ੍ਰਸਾਦ ਅਤੇ ਦਿਲਪ੍ਰੀਤ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਰੁਪਿੰਦਰ ਨੇ ਦੂਸਰੇ ਹੀ ਮਿੰਟ ‘ਚ ਪੈਨਲਟੀ ਸਟ੍ਰੋਕ ‘ਤੇ ਗੋਲ ਦਾਗ਼ ਕੇ ਭਾਰਤ ਨੂੰ ਅੱਗੇ ਕਰ ਦਿੱਤਾ। ਹਰਮਨਪ੍ਰੀਤ ਨੇ ਛੇਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਦੂਜਾ ਗੋਲ ਕੀਤਾ। ਆਕਾਸ਼ਦੀਪ ਨੇ ਆਪਣੇ ਗੋਲਾਂ ਦੀ ਸ਼ੁਰੂਆਤ 10ਵੇਂ ਮਿੰਟ ‘ਚ ਕੀਤੀ। ਉਸ ਨੇ 11ਵੇਂ ਮਿੰਟ ‘ਚ ਹੀ ਸਕੋਰ 4-0 ਕਰ ਦਿੱਤਾ। ਪਹਿਲੇ ਕੁਆਰਟਰ ‘ਚ ਹੀ ਭਾਰਤ ਚਾਰ ਗੋਲ ਦਾਗ਼ ਚੁੱਕਿਆ ਸੀ। ਦੂਸਰੇ ਕੁਆਰਟਰ ‘ਚ ਆਕਾਸ਼ਦੀਪ ਨੇ 18ਵੇਂ ਮਿੰਟ ਵਿੱਚ ਭਾਰਤ ਵਲੋਂ ਪੰਜਵਾਂ, ਹਰਮਨਪ੍ਰੀਤ ਨੇ 22ਵੇਂ ਮਿੰਟ ‘ਚ ਛੇਵਾਂ ਅਤੇ ਆਕਾਸ਼ਦੀਪ ਨੇ 23ਵੇਂ ਮਿੰਟ ‘ਚ ਸੱਤਵਾਂ ਗੋਲ ਕੀਤਾ। ਅੱਧੇ ਸਮੇਂ ਤਕ ਭਾਰਤ 7-0 ਨਾਲ ਅੱਗੇ ਸੀ।












