ਮਨਜਿੰਦਰ ਸਿੰਘ ਸਿਰਸਾ ਨੇ ਚੋਣ ਮੁਹਿੰਮ ਭਖਾਈ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਬੁਲਾਰੇ ਅਤੇ ਮੌਜੂਦ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿਘ ਸਿਰਸਾ ਨੂੰ ਚੋਣ ਮੁਹਿੰਮ ਦੇ ਪਹਿਲੇ ਪਡ਼ਾਅ ‘ਤੇ ਹੀ ਹਲਕੇ ‘ਚ ਸਿੱਖ ਸੰਗਤਾਂ ਵੱਲੋਂ ਲਾਮਿਸਾਲ ਹੁੰਗਾਰਾ ਮਿਲਣ ਕਰਕੇ ਵਿਰੋਧੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ਹੈ। ਸ. ਸਿਰਸਾ ਨੇ ਆਪਣੀ ਚੋਣ ਮੁਹਿੰਮ ਨੂੰ ਸੋਸ਼ਲ ਮੀਡੀਆ, ਚੋਣ ਮੀਟਿੰਗਾਂ, ਘਰ-ਘਰ ਵੋਟਰਾਂ ਨੂੰ ਮਿਲਣ ਅਤੇ ਬਜ਼ਾਰ ‘ਚ ਕੰਮ ਕਰਦੇ ਸਿੱਖ ਵੋਟਰਾਂ ਨਾਲ ਤਾਲ ਮੇਲ ਕਰਕੇ ਪੂਰੀ ਤਰ੍ਹਾਂ ਭਖਾ ਦਿੱਤਾ ਹੈ।
ਚੋਣ ਮੁਹਿੰਮ ਦੇ ਪਹਿਲੇ ਪਡ਼ਾਅ ਅਧੀਨ ਪੰਜਾਬੀ ਬਾਗ ਦੀ ਰੋਡ ਨੰਬਰ 42, ਪੱਛਮੀ ਵਿਹਾਰ ਦੇ ਗੁਰਦੁਆਰਾ ਸਾਹਿਬ ਬੀ.ਜੀ.6, ਲਾਲ ਕੁਆਰਟਰ, ਸ਼ਿਵਾਜੀ ਪਾਰਕ, ਨਾਰਥ ਐਵੇਨਿਊ ਰੋਡ, ਮਦਨ ਪਾਰਕ, ਮਨੋਹਰ ਪਾਰਕ, ਮਧੂਵਨ ਇਨਕਲੇਵ, ਮਦੀਪੁਰ ਅਤੇ ਕਲੱਬ ਰੋਡ ਆਦਿ ਇਲਾਕਿਆਂ ਵਿੱਚ ਸ. ਸਿਰਸਾ ਨੇ ਚੋਣ ਰੈਲੀਆਂ ਅਤੇ ਮੀਟਿੰਗਾਂ ਕਰਕੇ ਅਕਾਲੀ ਆਗੂਆਂ, ਵਰਕਰਾਂ ਅਤੇ ਸਿੱਖ ਸੰਗਤਾਂ ਵਿਚ ਜੋਸ਼ ਭਰ ਦਿੱਤਾ। ਪੱਛਮੀ ਵਿਹਾਰ ਦੇ ਗੁਰਦੁਆਰਾ ਸੁਖਮਨੀ ਸਾਹਿਬ ਸੇਵਕ ਜਥਾ ਦੇ ਪ੍ਰਬੰਧਕਾਂ ਅਤੇ ਖੇਤਰ ਦੀਆਂ ਸਿੱਖ ਸੰਗਤਾਂ ਵੱਲੋਂ ਇਕ ਵੱਡਾ ਇਕੱਠ ਕਰਕੇ ਸ. ਸਿਰਸਾ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਥੋਂ ਦੀਆਂ ਸਿੱਖ ਸੰਗਤਾਂ ਨੇ ਫੈਸਲਾ ਕੀਤਾ ਹੈ ਕਿ ਪ੍ਰਬੰਧਕ ਕਮੇਟੀ ਦੇ ਕੰਮਾਂ ਨੂੰ ਅਧਾਰ ਬਣਾ ਕੇ ਵੋਟ ਦਿੱਤੀ ਜਾਵੇਗੀ।
ਇਸ ਮੌਕੇ ਸ. ਸਿਰਸਾ ਨੇ ਕਿਹਾ ਇਹ ਚੋਣਾਂ 12 ਸਾਲ ਦੇ ਮੁਕਾਬਲੇ 4 ਸਾਲਾਂ ਦੇ ਕੀਤੇ ਕੰਮਾਂ ਦੇ ਅਧਾਰ ‘ਤੇ ਲਡ਼ੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ  ਵਿਚ ਗੁਰਦੁਆਰਾ ਪ੍ਰਬੰਧਾਂ ਅੰਦਰ ਭ੍ਰਿਸ਼ਟਾਚਾਰ, ਗੁਰਦੁਆਰਾ ਪ੍ਰਬੰਧਾਂ ਨੂੰ ਸੌਡ਼ੀ ਰਾਜਨੀਤੀ ਅਤੇ ਭਰਾ ਮਾਰੂ ਜੰਗ ਦੇ ਅੱਡੇ ‘ਚ ਬਦਲ ਕੇ ਰੱਖ ਦਿੱਤਾ ਸੀ। ਇਹ ਸਰਨਾ ਹੀ ਸੀ ਜਿਸ ਨੇ ਸਿੱਖ ਸੰਗਤਾਂ ‘ਚ ਦੁਵਿਧਾ ਪੈਦਾ ਕਰਨ ਲਈ ਦੋ-ਦੋ ਸੰਗਰਾਂਦਾਂ ਤੇ ਗੁਰਪੁਰਬ ਦੇ ਸ਼ਹੀਦੀ ਦਿਹਾਡ਼ੇ ਮਨਾਉਣ ਦੀ ਪਰੰਪਰਾ ਆਰੰਭੀ, ਸ੍ਰੀ ਦਸਮ ਗ੍ਰੰਥ ਬਾਣੀ ਦਾ ਕੀਰਤਨ ਬੰਦ ਕਰਾਉਣਾ, ਗੁਰੂ ਘਰ ਦੀਆਂ ਜਾਇਦਾਦਾਂ ਨੂੰ ਵੇਚਣਾ ਆਦਿ ਸਿੱਖ ਵਿਰੋਧੀ ਕਾਰਵਾਈਆਂ ਕਰਕੇ ਪ੍ਰਬੰਧਾਂ ਨੂੰ ਤਹਿਸ ਨਹਿਸ ਕਰ ਦਿੱਤਾ ਸੀ। ਸਿੱਖ ਸੰਗਤਾਂ ਨੇ ਮੌਜੂਦਾ ਕਮੇਟੀ ਨੂੰ 4 ਸਾਲ ਪਹਿਲਾਂ ਜੋ ਸੇਵਾ ਸੌਂਪੀ ਗਈ ਸੀ ਉਸ ਸਦਕਾ ਅਸੀਂ ਥੋਡ਼ੇ ਜਿਹੇ ਕਾਰਜਕਾਲ ਵਿਚ ਦਿੱਲੀ ਅੰਦਰ ਮੁਡ਼ ਸਿੱਖ ਇਤਿਹਾਸ ਤੇ ਪਰੰਪਰਾ ਨੂੰ ਜਿਉਂਦੇ ਕਰਨ ਵਿਚ ਕਾਮਯਾਬ ਹੋਏ ਹਾਂ। ਉਹਨਾਂ ਕਿਹਾ ਕਿ ਕਮੇਟੀ ਨੇ ਸਿੱਖ ਸੰਗਤਾਂ ਨਾਲ ਚੋਣਾ ਮੌਕੇ ਜੋ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ, ਜਿਨ੍ਹਾਂ ਵਿਚ ਬਾਲਾ ਸਾਹਿਬ ਹਸਪਤਾਲ ਦੀ ਇਮਾਰਤ ਨੂੰ 13 ਕਰੋਡ਼ 25 ਲੱਖ ਰਪਏ ਦੀ ਰਕਮ ਦੇ ਕੇ ਆਜ਼ਾਦ ਕਰਵਾਇਆ ਜੋ ਸਰਨਾ ਭਰਾਵਾਂ ਨੇ ਵੇਚ ਦਿੱਤੀ ਸੀ। 32 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ 1984 ਸਿੱਖ ਕਤਲੇਆਮ ਦੀ ਯਾਦਗਾਰ ਕਾਇਮ ਕੀਤੀ, ਵਿਦਿਅਕ ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 17 ਸਾਲ ਬਾਅਦ ਵਾਧਾ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਤ ਕੀਤਾ, ਦਿੱਲੀ ਦੇ ਲਾਲ ਕਿਲੇ ਅੰਦਰ ਫ਼ਤਹਿ ਦਿਵਸ ਮਨਾਉਣ ਦੀ ਪ੍ਰਥਾ ਨੂੰ ਸ਼ੁਰੂ ਕਰਵਾਇਆ, ਮਨਿਉਰਿਟੀ ਸਕੀਮ ਅਧੀਨ ਪਡ਼ਨ ਵਾਲੇ  ਸਿੱਖ ਬੱਚਿਆਂ ਨੂੰ 73 ਕਰੋਡ਼ ਰੁਪਏ ਉਹਨਾਂ ਦੇ ਖਾਤਿਆਂ ਵਿਚ ਲਿਆ ਕੇ ਦਿੱਤੇ।  ਨੇਪਾਲ ਦੇ  ਭੂਚਾਲ ਪੀਡ਼ਤਾਂ ਦੀ ਮਦਦ ਕੀਤੀ, ਸਿੱਖ ਵਿਦਿਅਕ ਸੰਸਥਾਵਾਂ ਨੂੰ ਘੱਟ ਗਿਣਤੀ ਵਿਦਿਅਕ ਅਦਾਰੇ ਵਜੋਂ ਮਾਨਤਾ ਦਿਵਾ ਕੇ ਉਹਨਾਂ ਵਿਚ 50 ਫੀਸਦੀ ਸੀਟਾਂ ਰਾਖਵੀਆਂ ਕਰਵਾਈਆਂ।
ਸ. ਸਿਰਸਾ ਨੇ ਸਿੱਖ ਸੰਗਤਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਹੈ ਕਿ ਕੁਝ ਗੈਰ-ਸਿੱਖ ਸ਼ਕਤੀਆਂ ਸਾਡੇ ਭੁੱਲਡ਼ ਵੀਰਾਂ ਨੂੰ ਮੋਹਰਾ ਬਣਾ ਕੇ ਗੁਰਦੁਆਰਾ ਪ੍ਰਬੰਧਾਂ ਉਤੇ ਕਾਬਜ ਹੋਣ ਲਈ ਯਤਨਸ਼ੀਲ ਹਨ ਜਿਨ੍ਹਾਂ ਨੂੰ ਅਸੀਂ ਅਸਫ਼ਲ ਕਰਨਾ ਹੈ।