ਬਠਿੰਡਾ : ਐੱਸ.ਵਾਈ.ਐਲ. (ਸਤਲੁਜ ਯਮੁਨਾ ਲਿੰਕ) ਨਹਿਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚ ਤਨਾਅ ਵਧਣ ਦੇ ਆਸਾਰ ਬਣਨ ਲੱਗੇ ਹਨ। ਜਿਥੇ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਐੱਸ.ਵਾਈ.ਐੱਲ. ਨੂੰ ਲੈ ਕੇ ਇਕ ਦੂਜੇ ਖਿਲਾਫ ਆਪਣੀ-ਆਪਣੀ ਰਣਨੀਤੀ ਬਣਾਈ ਬੈਠੀਆਂ ਹਨ, ਉਥੇ ਹੀ ਦੋਵੇਂ ਸੂਬਿਆਂ ਦੇ ਵੱਖ-ਵੱਖ ਸੰਗਠਨਾਂ ਵਲੋਂ ਵੀ ਨਹਿਰ ਦੇ ਵਿਰੋਧ ਅਤੇ ਹੱਕ ਵਿਚ ਲਗਾਤਾਰ ਲਹਿਰ ਖੜ੍ਹੀ ਕੀਤੀ ਜਾ ਰਹੀ ਹੈ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਬਕਾਇਦਾ ਵਿਧਾਨ ਸਭਾ ਵਿਚ ਇਕ ਮਤਾ ਪਾ ਕੇ ਐੱਸ.ਵਾਈ.ਐੱਲ. ਨਹਿਰ ਨੂੰ ਨਾ ਸਿਰਫ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਸਗੋਂ ਇਸ ਦੇ ਤਹਿਤ ਹੋਏ ਸਮਝੌਤੇ ਨੂੰ ਵੀ ਖਾਰਜ਼ ਕਰਦਿਆਂ ਕਿਸਾਨਾਂ ਤੋਂ ਲਈਆਂ ਗਈਆਂ ਜ਼ਮੀਨਾਂ ਵੀ ਵਾਪਸ ਕਰ ਦਿੱਤੀਆਂ ਹਨ। ਦੂਜੇ ਪਾਸੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਪੰਜਾਬ ਸਰਕਾਰ ਦੀ ਉਕਤ ਕਾਰਵਾਈ ਦਾ ਸਖਤ ਵਿਰੋਧ ਕੀਤਾ ਹੈ। ਹਰਿਆਣਾ ਸਰਕਾਰ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਉਕਤ ਨਹਿਰ ਦਾ ਨਿਰਮਾਣ ਪੂਰਾ ਕਰਵਾਉਣ ਦੀ ਗੱਲ ‘ਤੇ ਅੜੀ ਹੋਈ ਹੈ।
ਐੱਸ.ਵਾਈ.ਐੱਲ. ਦੇ ਮੁੱਦੇ ਵਿਚ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਤੋਂ ਇਲਾਵਾ ਵਿਰੋਧੀ ਦਲ ਤੇ ਹੋਰ ਸੰਗਠਨ ਵੀ ਇਸ ਮੁੱਦੇ ‘ਤੇ ਇਕ-ਦੂਜੇ ਦੇ ਵਿਰੋਧ ਵਿਚ ਉੱਤਰ ਆਏ ਹਨ ਜਿਸ ਕਾਰਨ ਦੋਵਾਂ ਸੂਬਿਆਂ ਵਿਚ ਤਨਾਅ ਆਉਣ ਵਾਲੇ ਦਿਨਾਂ ਵਿਚ ਹੋਰ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਹਰਿਆਣਾ ਦੇ ਵਿਰੋਧੀ ਦਲ ਇਨੈਲੋ (ਇੰਡੀਅਨ ਨੈਸ਼ਨਲ ਲੋਕਦਲ) ਨੇ ਹਾਲ ਹੀ ਵਿਚ ਐਲਾਨ ਕੀਤਾ ਹੈ ਕਿ 23 ਫਰਵਰੀ ਨੂੰ ਪੰਜਾਬ ‘ਚ ਆ ਕੇ ਐੱਸ.ਵਾਈ.ਐੱਲ. ਨਹਿਰ ਦੀ ਖੁਦਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਨਹਿਰ ਦਾ ਨਿਰਮਾਣ ਸ਼ੁਰੂ ਕਰਵਾਇਆ ਜਾ ਸਕੇ। ਦਲ ਦੇ ਆਗੂ ਅਭੈ ਸਿੰਘ ਚੌਟਾਲਾ ਦਾ ਕਹਿਣਾ ਹੈ ਕਿ ਭਾਜਪਾ ਤੇ ਕਾਂਗਰਸ ਐੱਸ.ਵਾਈ.ਐਲ. ਦੇ ਮੁੱਦੇ ਨੂੰ ਲੈ ਕੇ ਗੰਭੀਰ ਨਹੀਂ ਹਨ ਤੇ ਅਜਿਹਾ ਕਰਕੇ ਉਹ ਹਰਿਆਣਾ ਦੇ ਹਿੱਤਾਂ ਨਾਲ ਖੇਡ ਰਹੇ ਹਨ। ਅਜਿਹੇ ਵਿਚ ਇਨੈਲੋ ਹਰਿਆਣਾ ਦੇ ਪ੍ਰਤੀ ਆਪਣਾ ਫਰਜ਼ ਨਿਭਾਵੇਗੀ ਤੇ ਨਹਿਰ ਦਾ ਨਿਰਮਾਣ ਕਰਵਾਏਗੀ।
ਦੂਜੇ ਪਾਸੇ ਪੰਜਾਬ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਨੇ ਵੀ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਹਿੱਤਾਂ ਨਾਲ ਧੱਕਾ ਨਹੀਂ ਹੋਣ ਦੇਣਗੇ ਜਿਸ ਕਾਰਨ 23 ਫਰਵਰੀ ਨੂੰ ਹੀ ਇਨੈਲੋ ਦੀ ਉਕਤ ਕਾਰਵਾਈ ਦਾ ਵਿਰੋਧ ਕਰਦਿਆਂ ਪਿੰਡ ਕਪੂਰੀ ਵਿਚ ਨਹਿਰ ਨੂੰ ਮਿੱਟੀ ਨਾਲ ਪੂਰਿਆ ਜਾਵੇਗਾ। ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਦੇ ਹਿੱਤਾਂ ਲਈ ਵੱਖ-ਵੱਖ ਸਿਆਸੀ ਦਲਾਂ, ਕਿਸਾਨ ਸੰਗਠਨਾਂ ਤੇ ਧਾਰਮਿਕ ਜੱਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ। ਅਜਿਹੀ ਹਾਲਤ ‘ਚ ਜੇਕਰ ਉਕਤ ਦੋਵੇਂ ਸੰਗਠਨ ਇਕ ਹੀ ਥਾਂ ਤੇ ਆਹਮੋ-ਸਾਹਮਣੇ ਹੋਏ ਤਾਂ ਦੋਵੇਂ ਸੰਗਠਨਾਂ ਵਿਚ ਟਕਰਾਅ ਵੀ ਹੋ ਸਕਦਾ ਹੈ ਜਿਸ ਨਾਲ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।















