ਬਟਾਲਾ : ਮੱਖੂ ਵਿਚ ਸ਼ਨੀਵਾਰ ਸਵੇਰੇ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ‘ਤੇ ਆਮ ਆਦਮੀ ਪਾਰਟੀ ਵਲੋਂ ਸਖਤ ਪ੍ਰਤੀਕਿਰਿਆ ਦਿੱਤੀ ਗਈ ਹੈ। ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦਾ ਕਹਿਣਾ ਹੈ ਕਿ ਪੰਜਾਬ ‘ਚ ‘ਆਪ’ ਦੀ ਸਰਕਾਰ ਆਉਣ ‘ਤੇ ਇਨ੍ਹਾਂ ਖਤਰਨਾਕ ਗੈਂਗਾਂ ਦਾ ਅੰਤ ਕੀਤਾ ਜਾਵੇਗਾ। ਗੁਰਪ੍ਰੀਤ ਵੜੈਚ ਨੇ ਕਿਹਾ ਕਿ ਪੰਜਾਬ ‘ਚ ਜੇਕਰ ਗੈਂਗਸਟਰ ਵਧੇ ਹਨ ਤਾਂ ਇਹ ਸਿਆਸੀ ਪਾਰਟੀਆਂ ਦੀ ਹੀ ਦੇਣ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਆਪ ਦੀ ਸਰਕਾਰ ਆਉਣ ‘ਤੇ ਪੰਜਾਬ ਪੁਲਸ ਨੂੰ ਇਨ੍ਹਾਂ ਗੈਂਗਸ ‘ਤੇ ਕਾਬੂ ਪਾਉਣ ਦੇ ਨਿਰਦੇਸ਼ ਦਿੱਤੇ ਜਾਣਗੇ ਅਤੇ ਪੁਲਸ ਦੇ ਕੰਮ ‘ਚ ਸਿਆਸੀ ਦਖਲ ਅੰਦਾਜ਼ੀ ਨੂੰ ਖਤਮ ਕੀਤਾ ਜਾਵੇਗਾ ਤਾਂ ਜੋ ਪੰਜਾਬ ‘ਚ ਅਮਨ-ਸ਼ਾਂਤੀ ਲਿਆਂਦੀ ਜਾ ਸਕੇ। ਗੁਰਪ੍ਰੀਤ ਵੜੈਚ ਨੇ ਕਿਹਾ ਕਿ ਉਹ ਸਿਆਸਤ ‘ਚ ਆਰਾਮ ਫੁਰਮਾਉਣ ਨਹੀਂ ਆਏ, ਸਗੋਂ ਉਹ ਲੋਕਾਂ ‘ਚ ਰਹਿਣਗੇ ਅਤੇ ਪੰਜਾਬ ਦੀ ਸੇਵਾ ਕਰਨਗੇ। ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਦੀ ਇਕ ਪੰਜਾਬੀ ਫਿਲਮ ਰਿਲੀਜ਼ ਹੋਈ ਹੈ ਅਤੇ ਚੋਣਾਂ ਕਾਰਨ ਉਹ ਆਪਣੀ ਫਿਲਮ ਦੀ ਪ੍ਰਮੋਸ਼ਨ ਵੀ ਨਹੀਂ ਕਰ ਸਕੇ, ਜਿਸ ਕਾਰਨ ਉਨ੍ਹਾਂ ਦਾ ਅਤੇ ਫਿਲਮ ਬਣਾਉਣ ਵਾਲੇ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਆਸਤ ‘ਚ ਆ ਕੇ ਉਨ੍ਹਾਂ ਨੂੰ ਪ੍ਰੋਫੈਸ਼ਨਲ ਤੌਰ ‘ਤੇ ਨੁਕਸਾਨ ਝੱਲਣਾ ਪੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਿੱਥੇ ਪੰਜਾਬ ‘ਚ ਚੋਣਾਂ ਖਤਮ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਖੁਦ ਨੂੰ ਇਲਾਕੇ ਤੋਂ ਦੂਰ ਕਰ ਲਿਆ ਹੈ, ਉੱਥੇ ਹੀ ਗੁਰਪ੍ਰੀਤ ਵੜੈਚ ਬਟਾਲਾ ਦੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਬਹੁਮਤ ਨਾਲ ਸਰਕਾਰ ਬਣਾਵੇਗੀ।















