ਕੇਪਟਾਊਨ – ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਨੇ ਸੱਟ ਤੋਂ ਬਾਅਦ ਮੈਦਾਨ ‘ਤੇ ਵਾਪਸੀ ਕੀਤੀ ਹੈ। ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੀ ਜਾ ਰਹੀ ਟੈੱਸਟ ਸੀਰੀਜ਼ ‘ਚ ਉਹ ਪੂਰੀ ਲੈਅ ‘ਚ ਨਜ਼ਰ ਆ ਰਿਹੈ। ਮੰਗਲਵਾਰ ਨੂੰ ਕੇਪਟਾਊਨ ਟੈੱਸਟ ਮੈਚ ਦੇ ਆਖ਼ਰੀ ਦਿਨ 37 ਸਾਲ ਦੇ ਐਂਡਰਸਨ ਦੀ ਇੱਕ ਤੇਜ਼ ਰਫ਼ਤਾਰ ਗੇਂਦ ‘ਤੇ ਬੱਲੇਬਾਜ਼ੀ ਕਰ ਰਹੇ ਕੇਸ਼ਵ ਮਹਾਰਾਜ ਦਾ ਬੱਲਾ ਹੀ ਟੁੱਟ ਗਿਆ। ਕੇਪਟਾਊਨ ਟੈੱਸਟ ਮੈਚ ‘ਚ ਸਾਊਥ ਅਫ਼ਰੀਕਾ ਦੇ ਸਾਹਮਣੇ ਇੰਗਲੈਂਡ ਨੇ 438 ਦੌੜਾਂ ਦੀ ਮੁਸ਼ਕਿਲ ਚੁਣੌਤੀ ਰੱਖੀ ਸੀ। ਚੌਥੇ ਦਿਨ ਮੇਜ਼ਬਾਨ ਪੀਟਰ ਮਲਾਨ ਨੇ ਸ਼ਾਨਦਾਰ ਅਰਧ ਸੈਂਕੜਾ ਲਾਉਂਦੇ ਹੋਏ ਟੀਮ ਨੂੰ ਮੈਚ ‘ਚ ਬਣਾਈ ਰੱਖਿਆ ਸੀ। ਸੰਜਮ ਭਰਪੂਰ ਅਰਧ ਸੈਂਕੜੇ ਵਾਲੀ ਪਾਰੀ ਖੇਡਦੇ ਹੋਏ ਮਲਾਨ ਨੇ ਚੌਥੇ ਦਿਨ ਸਾਊਥ ਅਫ਼ਰੀਕਾ ਨੂੰ ਦੋ ਵਿਕਟਾਂ ਦੇ ਨੁਕਸਾਨ ‘ਤੇ 126 ਦੌੜਾਂ ਤਕ ਪਹੁੰਚਾਇਆ।
ਐਂਡਰਸਨ ਦੀ ਤੇਜ਼ ਰਫ਼ਤਾਰ ਗੇਂਦ ਨਾਲ ਟੁੱਟਿਆ ਕੇਸ਼ਵ ਦਾ ਬੱਲਾ
ਮੈਚ ਦੇ ਪੰਜਵੇਂ ਦਿਨ ਮੰਗਲਵਾਰ ਨੂੰ ਇੰਗਲੈਂਡ ਦੇ ਗੇਂਦਬਾਜ਼ੀ ਦੀ ਸ਼ੁਰੂਆਤ ਤਜਰਬੇਕਾਰ ਜੇਮਜ਼ ਐਂਡਰਸਨ ਨੇ ਕੀਤੀ। ਪਹਿਲੇ ਹੀ ਓਵਰ ‘ਚ ਉਸ ਨੇ ਇੱਕ ਅਜਿਹੀ ਗੇਂਦ ਕਰਾਈ ਜਿਸ ਨੇ ਸਾਊਥ ਅਫ਼ਰੀਕਨ ਆਲਰਾਊਂਡਰ ਕੇਸ਼ਵ ਮਹਾਰਾਜ ਨੂੰ ਹੈਰਾਨ ਕਰ ਦਿੱਤਾ। ਮਹਾਰਾਜ ਨੇ ਐਂਡਰਸਨ ਦੀ ਗੇਂਦ ‘ਤੇ ਸ਼ੌਟ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਬੱਲੇ ਦਾ ਹੈਂਡਲ ਟੁੱਟ ਗਿਆ। ਐਂਡਰਸਨ ਦੀ ਇਸ ਗੇਂਦ ‘ਤੇ ਜਿਵੇਂ ਹੀ ਕੇਸ਼ਵ ਦਾ ਬੱਲਾ ਟੁੱਟਿਆ ਤਾਂ ਮੈਦਾਨ ‘ਤੇ ਹਰ ਕੋਈ ਇਸ ਨਜ਼ਾਰੇ ਨੂੰ ਦੇਖ ਕੇ ਹੈਰਾਨ ਸੀ। ਸਾਊਥ ਅਫ਼ਰੀਕਾ ਖ਼ਿਲਾਫ਼ ਕੇਪਟਾਊਨ ਟੈੱਸਟ ਮੈਚ ਦੀ ਦੂਜੀ ਪਾਰੀ ‘ਚ ਆਪਣਾ 10ਵਾਂ ਓਵਰ ਲੈ ਕੇ ਆਏ ਐਂਡਰਸਨ ਦੀ ਪੰਜਵੀਂ ਗੇਂਦ ‘ਤੇ ਮਹਾਰਾਜ ਦਾ ਬੱਲਾ ਟੁੱਟਿਆ।
ਐਂਡਰਸਨ ਦਾ ਜ਼ਬਰਦਸਤ ਪ੍ਰਦਰਸ਼ਨ
ਐਂਡਰਸਨ ਇਸ ਸੀਰੀਜ਼ ‘ਚ ਸ਼ਾਨਦਾਰ ਲੈਅ ‘ਚ ਨਜ਼ਰ ਆ ਰਿਹਾ ਹੈ। ਸੈਂਚੁਰੀਅਨ ‘ਚ ਸੀਰੀਜ਼ ਦੇ ਪਹਿਲੇ ਮੁਕਾਬਲੇ ਦੀ ਪਹਿਲੀ ਗੇਂਦ ‘ਤੇ ਉਸ ਨੇ ਵਿਕਟ ਹਾਸਿਲ ਕੀਤੀ ਸੀ। ਐਂਡਰਸਨ ਨੇ ਡੀਨ ਐਲਗਰ ਨੂੰ ਵਿਕਟ ਦੇ ਪਿੱਛੇ ਵਿਕਟਕੀਪਰ ਜੋਸ ਬਟਲਰ ਦੇ ਹੱਥੋਂ ਕੈਚ ਕਰਵਾਇਆ ਸੀ। ਇਸ ਮੈਚ ਦੀ ਪਹਿਲੀ ਪਾਰੀ ‘ਚ ਉਸ ਨੇ ਪੰਜ ਵਿਕਟਾਂ ਲੈਣ ਦਾ ਕਮਾਲ ਕੀਤਾ ਸੀ। ਉਸ ਨੇ 19 ਓਵਰ ਤਕ ਗੇਂਦਬਾਜ਼ੀ ਕਰਦੇ ਹੋਏ 40 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਿਲ ਕੀਤੀਆਂ।












