ਭਾਜਪਾ ਐੱਮ. ਪੀ. ਦੀ ‘ਮਿੰਨੀ ਪਾਕਿਸਤਾਨ’ ਸਬੰਧੀ ਟਿੱਪਣੀ ’ਤੇ ਰਾਜ ਸਭਾ ’ਚ ਹੰਗਾਮਾ

ਨਵੀਂ ਦਿੱਲੀ – ਰਾਜ ਸਭਾ ’ਚ ਮੰਗਲਵਾਰ ਨੂੰ ਭਾਜਪਾ ਦੇ ਐੱਮ. ਪੀ. ਸਾਮਿਕ ਭੱਟਾਚਾਰੀਆ ਨੇ ਕੋਲਕਾਤਾ ਬੰਦਰਗਾਹ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਸ਼ਹਿਰ ਦੇ ਮੇਅਰ ਨੇ ਜਨਤਕ ਤੌਰ ’ਤੇ ਉਸ ਖੇਤਰ ਨੂੰ ‘ਮਿੰਨੀ ਪਾਕਿਸਤਾਨ’ ਕਿਹਾ ਹੈ। ਉਨ੍ਹਾਂ ਦੇ ਇਸ ਬਿਆਨ ’ਤੇ ਸਦਨ ’ਚ ਹੰਗਾਮਾ ਹੋਣ ਲੱਗਾ। ਪੋਰਟਸ, ਸ਼ਿਪਿੰਗ ਤੇ ਵਾਟਰਵੇਅਜ਼ ਦੇ ਰਾਜ ਮੰਤਰੀ ਸ਼ਾਂਤਨੂ ਠਾਕੁਰ ਨੇ ਮੰਨਿਆ ਕਿ ਕੋਲਕਾਤਾ ਬੰਦਰਗਾਹ ਦੀ ਜ਼ਮੀਨ ਦਾ ਇਕ ਵੱਡਾ ਹਿੱਸਾ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨਾਲ ਜੁੜੇ ਲੋਕਾਂ ਦੇ ਕਬਜ਼ੇ ਹੇਠ ਹੈ ਅਤੇ ਉਹ ਜ਼ਮੀਨ ਵਾਪਸ ਲੈਣ ’ਚ ਬੰਦਰਗਾਹ ਨੂੰ ਮੁਸ਼ਕਲ ਆ ਰਹੀ ਹੈ।
ਤ੍ਰਿਣਮੂਲ ਮੈਂਬਰਾਂ ਨੇ ਭੱਟਾਚਾਰੀਆ ਵੱਲੋਂ ਇਸ ਖੇਤਰ ਨੂੰ ‘ਮਿੰਨੀ ਪਾਕਿਸਤਾਨ’ ਕਹਿਣ ’ਤੇ ਇਤਰਾਜ਼ ਜ਼ਾਹਿਰ ਕੀਤਾ ਅਤੇ ਸਦਨ ’ਚ ਹੰਗਾਮਾ ਕਰਨ ਲੱਗੇ। ਪ੍ਰਸ਼ਨਕਾਲ ’ਚ ਆਪਣਾ ਪੂਰਕ ਸਵਾਲ ਪੁੱਛਦੇ ਹੋਏ ਭੱਟਾਚਾਰੀਆ ਨੇ ਕਿਹਾ ਕਿ ਕੋਲਕਾਤਾ ਬੰਦਰਗਾਹ ਲੱਗਭਗ 4,000 ਏਕੜ ਜ਼ਮੀਨ ਦੇ ਨਾਲ ਕੋਲਕਾਤਾ ਸ਼ਹਿਰ ਦੀ ਸਭ ਤੋਂ ਵੱਡੀ ਭੂ-ਮਾਲਕ ਹੈ ਅਤੇ ਬੰਦਰਗਾਹ ਦੀ ਲੱਗਭਗ 170 ਏਕੜ ਜ਼ਮੀਨ ਨਾਜਾਇਜ਼ ਕਬਜ਼ੇ ’ਚ ਹੈ। ਭਾਜਪਾ ਮੈਂਬਰ ਨੇ ਕਿਹਾ, “ਇਸ ਨਾਜਾਇਜ਼ ਕਬਜ਼ੇ ਦਾ ਇਕ ਵੱਡਾ ਹਿੱਸਾ ਗਾਰਡਨ ਰੀਚ, ਮਟੀਆਬੁਰਜ ਤੇ ਖਿਦਿਰਪੁਰ ਖੇਤਰ ’ਚ ਸਥਿਤ ਹੈ, ਜਿਸ ਨੂੰ ਕੋਲਕਾਤਾ ਦੇ ਮੇਅਰ ਨੇ ਜਨਤਕ ਤੌਰ ’ਤੇ ‘ਮਿੰਨੀ ਪਾਕਿਸਤਾਨ’ ਕਿਹਾ ਹੈ।”
ਉਨ੍ਹਾਂ ਦੀ ਇਸ ਟਿੱਪਣੀ ’ਤੇ ਸੱਤਾ ਧਿਰ ਦੇ ਮੈਂਬਰਾਂ ਨੇ “ਸ਼ੇਮ, ਸ਼ੇਮ” ਦੇ ਨਾਅਰੇ ਲਾਏ। ਉਨ੍ਹਾਂ ਕਿਹਾ, “ਮੇਰਾ ਸਵਾਲ ਬਿਲਕੁਲ ਸਪੱਸ਼ਟ ਹੈ, ਭਾਵੇਂ ਉਹ ਭਾਰਤੀ ਰੇਲਵੇ ਦੀ ਜ਼ਮੀਨ ਹੋਵੇ, ਭਾਵੇਂ ਬੰਦਰਗਾਹ ਦੀ ਜ਼ਮੀਨ ਹੋਵੇ, ਭਾਵੇਂ ਡੀ. ਵੀ. ਸੀ. ਦੀ ਜ਼ਮੀਨ ਹੋਵੇ ਜਾਂ ਫਰੱਕਾ ਬੈਰਾਜ… ਹਰ ਜਗ੍ਹਾ ਨਾਜਾਇਜ਼ ਕਬਜ਼ੇ ਹੋ ਰਹੇ ਹਨ। ਕੋਲਕਾਤਾ ਦੇ ਮੇਅਰ ਜਨਤਕ ਤੌਰ ’ਤੇ ‘ਮਿੰਨੀ ਪਾਕਿਸਤਾਨ’ ਕਹਿ ਰਹੇ ਹਨ, ਉਹ ਜਨਤਕ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰ ਰਹੇ ਹਨ।”