ਡਾ. ਹਰਸ਼ਿੰਦਰ ਕੌਰ, MD
ਜੋੜਾਂ ਦੀਆਂ ਦਰਦਾਂ ਆਮ ਤੌਰ ਉੱਤੇ ਵੱਡੀ ਉਮਰ ਦਾ ਰੋਗ ਮੰਨ ਲਿਆ ਗਿਆ ਹੈ, ਪਰ ਬੱਚਿਆਂ ਵਿੱਚ ਵੀ ਇਸ ਦੇ ਅਨੇਕ ਕਾਰਨ ਹਨ. ਲਗਾਤਾਰ ਦੌੜਦੇ-ਭੱਜਦੇ, ਸੱਟਾਂ ਖਾਂਦੇ, ਡਿੱਗਦੇ ਬੱਚੇ ਕਿਸੇ ਨਾ ਕਿਸੇ ਥਾਂ ਦੀ ਪੀੜ, ਕਿਸੇ ਪੱਠੇ ਦੀ ਖਿੱਚ ਜਾਂ ਜੋੜਾਂ ਦੀ ਪੀੜ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ.
ਲੋੜੋਂ ਵੱਧ ਜ਼ੋਰ ਦੀ ਵਰਤੋਂ, ਪੱਠਿਆਂ ਦੀ ਖਿੱਚ, ਪੱਠਿਆਂ ਦੀ ਕਮਜ਼ੋਰੀ, ਓਸਗੁੱਡ ਸ਼ਲੈਟਰ ਬੀਮਾਰੀ (ਵਧਦੇ ਬੱਚਿਆਂ ਦਾ ਰੋਗ), ਆਦਿ ਅਨੇਕ ਕਾਰਨਾਂ ਕਰ ਕੇ ਬੱਚਿਆਂ ਨੂੰ ਡਾਕਟਰ ਕੋਲ ਲਿਜਾਉਣਾ ਪੈ ਸਕਦਾ ਹੈ. ਓਸਗੁੱਡ ਸ਼ਲੈਡਰ ਬਿਮਾਰੀ, ਹੱਡੀ ਦਾ ਵਧਦਾ ਸਿਰਾ ਜੋ ਗੋਡੇ ਵਿੱਚ ਹੁੰਦਾ ਹੈ, ਵਿੱਚ ਨਿੱਕਾ ਜਿਹਾ ਹੱਡੀ ਦਾ ਟੋਟਾ ਵੱਧ ਜਾਂਦਾ ਹੈ. ਇਸ ਨਾਲ ਬੱਚੇ ਨੂੰ ਗੋਡੇ ਵਿੱਚ ਤਿੱਖੀ ਪੀੜ ਹੋਣ ਲੱਗ ਪੈਂਦੀ ਹੈ. ਵਧਣ ਦੀਆਂ ਦਰਦਾਂ ਵੀ ਬੜੀਆਂ ਤਿੱਖੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਬੱਚੇ ਨੂੰ ਰਾਤ ਨੂੰ ਉੱਠ ਕੇ ਲੱਤਾਂ ਘੁਟਾਉਣ ਦੀ ਲੋੜ ਪੈਂਦੀ ਹੈ.
ਹੀਮੋਫ਼ਿਲੀਆ ਬਿਮਾਰੀ ਵਿੱਚ ਜੋੜਾਂ ਵਿੱਚ ਲਹੂ ਚੱਲਣ ਦੀ ਬਿਮਾਰੀ ਸਦਕਾ ਗੋਡਿਆਂ ਅਤੇ ਹੋਰ ਜੋੜਾਂ ਵਿੱਚ ਲਹੂ ਇਕੱਠਾ ਹੋ ਸਕਦਾ ਹੈ. ਇਸ ਕਰ ਕੇ ਜੋੜ ਦਾ ਕੁੱਝ ਹਿੱਸਾ ਖੁਰ ਸਕਦਾ ਹੈ ਅਤੇ ਕੁੱਝ ਜੋੜਾਂ ਵਿਚਲੇ ਹਿੱਸੇ ਲੋੜੋਂ ਵੱਧ ਵਧਣ ਲੱਗ ਪੈਂਦੇ ਹਨ ਜਿਸ ਕਰ ਕੇ ਕਈ ਵਾਰ ਹੱਡੀਆਂ ਵੀ ਲੰਬੀਆਂ ਜਾਂ ਛੋਟੀਆਂ ਹੋ ਸਕਦੀਆਂ ਹਨ. ਕਈ ਵਾਰ ਹੱਡੀਆਂ ਵਿੱਚ ਕੀਟਾਣੂਆਂ ਦੇ ਹਮਲੇ ਕਾਰਨ ਜੋੜ ਵਿੱਚ ਵੀ ਸੋਜ਼ਿਸ਼ ਹੋ ਸਕਦੀ ਹੈ ਜਾਂ ਜੋੜ ਦੇ ਅੰਦਰ ਕੀਟਾਣੂ ਵੱਧ ਸਕਦੇ ਹਨ ਜਿਸ ਨਾਲ ਜੋੜ ਸੁੱਜ ਜਾਂਦਾ ਹੈ ਤੇ ਪੀੜ ਕਰਦਾ ਹੈ. ਰੀੜ੍ਹ ਦੀ ਹੱਡੀ ਦੀ TB ਹੋ ਜਾਣ ਉੱਤੇ ਵੀ ਕਈ ਵਾਰ ਵੱਖੋ-ਵੱਖ ਹੋਰ ਹੱਡੀਆਂ ਅਤੇ ਜੋੜਾਂ ਵਿੱਚ TB ਦੇ ਕੀਟਾਣੂ ਹਮਲਾ ਬੋਲ ਸਕਦੇ ਹਨ ਅਤੇ ਜੋੜਾਂ ਵਿੱਚ ਤਿੱਖੀ ਪੀੜ ਹੋ ਸਕਦੀ ਹੈ.
ਜੁਵੇਨਾਈਲ ਆਰਥਰਾਇਟਸ ਵਿੱਚ ਵੀ ਜੋੜ ਦੀ ਪੀੜ ਨੂੰ ਘਟਾਉਣ ਲਈ ਬੱਚਿਆਂ ਵਿੱਚ ਸਟੀਰੌਇਡ ਦਾ ਟੀਕਾ ਜੋੜ ਵਿੱਚ ਲਾਉਣਾ ਪੈਂਦਾ ਹੈ. ਰਿਊਮੈਟਾਇਡ ਆਰਥਰਾਈਟਿਸ ਵਿੱਚ ਜੋੜਾਂ ਵਿੱਚ ਭਰੇ ਪਾਣੀ ਸਦਕਾ ਤਿੱਖੀ ਪੀੜ ਅਤੇ ਬੱਚੇ ਦੇ ਤੁਰਨ ਵਿੱਚ ਦਿੱਕਤ ਆ ਸਕਦੀ ਹੈ. ਵਧਣ ਦੀਆਂ ਦਰਦਾਂ ਬੱਚੇ ਨੂੰ ਬੇਹਾਲ ਕਰ ਦਿੰਦੀਆਂ ਹਨ. ਸ਼ਾਮ ਵੇਲੇ ਜਾਂ ਰਾਤ ਵੇਲੇ ਦੋਵਾਂ ਲੱਤਾਂ ਵਿੱਚ ਖਿੱਚ ਅਤੇ ਪੀੜ ਸਦਕਾ ਬੱਚੇ ਨਾ ਆਰਾਮ ਨਾਲ ਬਹਿ ਸਕਦੇ ਹਨ ਤੇ ਨਾ ਹੀ ਚੰਗੀ ਨੀਂਦਰ ਲੈ ਸਕਦੇ ਹਨ. ਪਹਿਲਾਂ ਤਿੰਨ ਤੋਂ ਚਾਰ ਸਾਲ ਦੀ ਉਮਰ ਵਿੱਚ ਤੇ ਫ਼ੇਰ 8 ਤੋਂ 12 ਸਾਲ ਦੀ ਉਮਰ ਵਿੱਚ ਆਮ ਤੌਰ ਉੱਤੇ ਅਜਿਹੀ ਪੀੜ ਹੋਣ ਲੱਗ ਪੈਂਦੀ ਹੈ. ਇਹ ਪੀੜ ਆਮ ਤੌਰ ਉੱਤੇ ਸਵੇਰ ਵੇਲੇ ਉੱਕਾ ਹੀ ਠੀਕ ਹੋ ਜਾਂਦੀ ਹੈ. ਇਸੇ ਲਈ ਮਾਪੇ ਬੱਚੇ ਦਾ ਝੂਠ ਮੂਠ ਦਾ ਬਹਾਨਾ ਮੰਨ ਲੈਂਦੇ ਹਨ ਕਿਉਂਕਿ ਇਹ ਪੀੜ ਖੇਡਣ ਵੇਲੇ ਜਾਂ ਦਿਨ ਵੇਲੇ ਭੱਜਣ ਦੌੜਨ ਵੇਲੇ ਨਹੀਂ ਹੁੰਦੀ. ਜਿਨ੍ਹਾਂ ਬੱਚਿਆਂ ਨੂੰ ਇਹ ਪੀੜ ਹੋ ਰਹੀ ਹੋਵੇ, ਉਨ੍ਹਾਂ ਨੂੰ ਸਿਰ ਪੀੜ ਅਤੇ ਢਿੱਡ ਪੀੜ ਵੀ ਆਮ ਹੀ ਹੁੰਦੀ ਰਹਿੰਦੀ ਹੈ. ਇਸ ਤਰ੍ਹਾਂ ਦੀ ਪੀੜ ਵਾਲੇ ਬੱਚਿਆਂ ਦੇ ਐਕਸ-ਰੇ ਤੇ ਲਹੂ ਦੇ ਟੈੱਸਟ ਨੌਰਮਲ ਹੁੰਦੇ ਹਨ. ਸਿਰਫ਼ ਇਨ੍ਹਾਂ ਬੱਚਿਆਂ ਦੀ ਪੀੜ ਨੂੰ ਜਰਨ ਦੀ ਤਾਕਤ ਘੱਟ ਹੁੰਦੀ ਹੈ.
ਇਲਾਜ: ਵਧਣ ਦੀਆਂ ਦਰਦਾਂ ਵਿੱਚ ਲੱਤਾਂ ਨੂੰ ਘੁੱਟਣ ਤੇ ਮਾਲਿਸ਼ ਕਰਨ ਦੀ ਲੋੜ ਪੈਂਦੀ ਹੈ. ਲੱਤਾਂ ਨੂੰ ਹਲਕਾ ਖਿੱਚ ਕੇ ਸਿੱਧਾ ਕਰਨਾ ਚਾਹੀਦਾ ਹੈ. ਹਲਕਾ ਸੇਕ ਦੇਣ ਨਾਲ ਵੀ ਫ਼ਰਕ ਪੈ ਜਾਂਦਾ ਹੈ. ਜੇ ਫ਼ਰਕ ਨਾ ਦਿਸੇ ਤਾਂ ਡਾਕਟਰ ਦੀ ਸਲਾਹ ਨਾਲ ਦਰਦ ਦੀਆਂ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ, ਪਰ ਐਸਪਿਰਿਨ ਦੀ ਗੋਲੀ ਬਿਲਕੁਲ ਨਹੀਂ ਦੇਣੀ ਚਾਹੀਦੀ. ਇੱਕ ਗੱਲ ਧਿਆਨ ਰਹੇ ਕਿ ਵਧਣ ਦੀਆਂ ਦਰਦਾਂ ਹਮੇਸ਼ਾ ਦੋਨੋਂ ਲੱਤਾਂ ਵਿੱਚ ਹੁੰਦੀਆਂ ਹਨ, ਇੱਕ ਲੱਤ ਵਿੱਚ ਨਹੀਂ. ਵਧਣ ਦੀਆਂ ਦਰਦਾਂ ਜੋੜਾਂ ਵਿੱਚ ਨਹੀਂ ਹੁੰਦੀਆਂ, ਸਿਰਫ਼ ਪੱਠਿਆਂ ਵਿੱਚ ਹੁੰਦੀਆਂ ਹਨ. ਇਸ ਵਿੱਚ ਬੁਖ਼ਾਰ ਵੀ ਨਹੀਂ ਹੁੰਦਾ ਅਤੇ ਬੱਚਾ ਲੰਗ ਵੀ ਨਹੀਂ ਮਾਰਦਾ.
ਵਧਣ ਦੀਆਂ ਦਰਦਾਂ ਵਿੱਚ ਡਾਕਟਰ ਕੋਲ ਕਦੋਂ ਲਿਜਾਈਏ?
ਜੇ ਲੱਤ ਦੀ ਦਰਦ ਨਾਲ ਅੱਗੇ ਦੱਸੇ ਲੱਛਣ ਹੋਣ ਤਾਂ ਸਮਝੋ ਵਧਣ ਦੀਆਂ ਦਰਦਾਂ ਨਹੀਂ, ਕੋਈ ਹੋਰ ਬਿਮਾਰੀ ਹੈ: ਸੱਟ ਵੱਜੀ ਹੋਵੇ. ਬੁਖ਼ਾਰ ਹੋਵੇ. ਭੁੱਖ ਮਰ ਜਾਵੇ. ਲੰਗ ਮਾਰ ਰਿਹਾ ਹੋਵੇ. ਦਾਣੇ ਨਿਕਲ ਜਾਣ. ਜੋੜ ਸੁੱਜ ਜਾਣ. ਥਕਾਵਟ ਹੋਣ ਲੱਗ ਪਵੇ. ਦਿਨ ਵੇਲੇ ਵੀ ਪੀੜ ਹੋਵੇ. ਭਾਰ ਘੱਟ ਜਾਵੇ. ਕਮਜ਼ੋਰੀ ਮਹਿਸੂਸ ਹੋਵੇ.
ਜੰਪਰ ਗੋਡਾ: ਗੋਡੇ ਦੇ ਬੰਨ੍ਹਣ ਵਾਲੇ ਪੱਠਿਆਂ ਦੇ ਸਿਰੇ ਵਿੱਚ ਖਿੱਚ ਪੈਣ ਨਾਲ ਗੋਡੇ ਵਿੱਚ ਪੀੜ ਹੋ ਸਕਦੀ ਹੈ. ਜਿਹੜੇ ਬੱਚੇ ਜ਼ਿਆਦਾ ਚੌਂਕੜੀ ਮਾਰ ਕੇ ਬੈਠਦੇ ਹੋਣ ਜਾਂ ਬਹੁਤ ਜ਼ਿਆਦਾ ਛਾਲਾਂ ਮਾਰਦੇ ਹੋਣ, ਉਨ੍ਹਾਂ ਦੇ ਗੋਡੇ ਵਿੱਚ ਪੀੜ ਹੋ ਸਕਦੀ ਹੈ ਅਤੇ ਸੋਜ਼ਿਸ਼ ਵੀ. ਸੰਪੂਰਨ ਆਰਾਮ ਨਾਲ ਰਾਹਤ ਮਿਲਦੀ ਹੈ.
ਗੋਡੇ ਦੇ ਪੱਠਿਆਂ ਦੀ ਸੱਟ: ਲੋੜੋਂ ਵੱਧ ਜ਼ੋਰ ਪਾਉਣ ਜਾਂ ਬਹੁਤਾ ਭਾਰ ਚੁੱਕਣ ਜਾਂ ਤਿਲਕ ਕੇ ਇਕਦਮ ਟੇਢਾ ਹੋ ਜਾਣ ਨਾਲ ਮੋਚ ਪੈ ਜਾਣ ਉੱਤੇ ਤਿੱਖੀ ਪੀੜ ਹੋ ਸਕਦੀ ਹੈ. ਬਰਫ਼ ਦਾ ਪੈਕ ਲਾਉਣ, ਪੈਰ ਉੱਤੇ ਚੁੱਕ ਕੇ ਰੱਖਣ ਤੇ ਘੁੱਟ ਕੇ ਬੰਨਣ ਨਾਲ ਆਰਾਮ ਮਿਲ ਜਾਂਦਾ ਹੈ.
ਪਟੈਲੋਫ਼ਿਮੋਰਲ ਪੇਨ ਸਿੰਡਰੋਮ: ਤੇਜ਼ ਦੌੜਨ ਵਾਲੇ ਬੱਚਿਆਂ (13 ਤੋਂ 18 ਸਾਲ ਦੀ ਉਮਰ) ਦੇ ਗੋਡੇ ਦੇ ਅਗਲੇ ਸਿਰੇ ਉੱਤੇ ਪੀੜ ਹੋ ਸਕਦੀ ਹੈ. ਗੋਡੇ ਉੱਤੇ ਲੋੜੋਂ ਵੱਧ ਭਾਰ ਪੈ ਜਾਣ ਸਦਕਾ ਜਦੋਂ ਇਹ ਬੱਚੇ ਚੌਂਕੜੀ ਮਾਰਦੇ ਹਨ, ਕੁੱਦਦੇ ਹਨ ਜਾਂ ਅੱਗੇ ਝੁਕ ਕੇ ਗੋਡਾ ਮੋੜਦੇ ਹਨ ਤਾਂ ਤਿੱਖੀ ਪੀੜ ਹੋ ਸਕਦੀ ਹੈ ਤੇ ਹੱਡੀ ਵੀ ਸਰਕ ਸਕਦੀ ਹੈ.
ਕੁਆਡਰੀਸੈੱਪਸ ਟੈਂਡੀਨਾਈਟਿਸ: ਫ਼ੁੱਟਬਾਲ, ਅਥਲੈਟਿਕਸ, ਤੇਜ਼ ਦੌੜਨ ਵਰਗੀਆਂ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਬੱਚਿਆਂ ਵਿੱਚ ਪੱਠਿਆਂ ਦੀ ਖਿੱਚ ਕਾਰਨ ਪੱਟ ਦੇ ਹੇਠਲੇ ਸਿਰੇ ਅਤੇ ਗੋਡੇ ਦੇ ਉੱਪਰਲੇ ਸਿਰੇ ਤੇ ਪੀੜ, ਸੋਜ਼ਿਸ਼ ਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ.
ਰਸੌਲੀ: ਇਸ ਵਿੱਚ ਪੀੜ ਬਹੁਤ ਘੱਟ ਹੁੰਦੀ ਹੈ ਪਰ ਗੋਡੇ ਦੇ ਪਾਸੇ ‘ਤੇ ਛੋਟੀ ਰਸੌਲੀ ਦਿਸਦੇ ਸਾਰ ਤੁਰੰਤ ਡਾਕਟਰ ਕੋਲ ਚੈੱਕਅੱਪ ਕਰਵਾਉਣ ਜਾਣਾ ਚਾਹੀਦਾ ਹੈ. ਜੇ ਜੋੜਾਂ ਦੀ ਦਰਦ ਲਗਾਤਾਰ ਹੁੰਦੀ ਰਹੇ ਤੇ ਨਾਲ ਅੱਗੇ ਦੱਸੇ ਲੱਛਣ ਹੋਣ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ. ਲੰਗ ਵੱਜਣਾ, ਥਕਾਵਟ, ਗਲੇ, ਕੱਛ ਜਾਂ ਸ਼ਰੀਰ ਦੇ ਹੋਰ ਹਿੱਸਿਆਂ ਵਿੱਚ ਗਿਲਟੀਆਂ, ਜੋੜ ਸੁੱਜਣਾ ਤੇ ਅਕੜਾਹਟ, ਲਗਾਤਾਰ ਬੁਖ਼ਾਰ, ਸਖਰੀਰ ਉੱਤੇ ਦਾਣੇ ਨਿਕਲਣੇ, ਢਿੱਡ ਪੀੜ, ਭਾਰ ਘਟਣਾ, ਇੱਕ ਤੋਂ ਦੂਜੇ ਜੋੜ ਵੱਲ ਪੀੜ ਜਾਣਾ/ਰਿਊਮੈਟਿਕ ਬੁਖ਼ਾਰ, ਜੋੜ ਦੇ ਇੱਕ ਹਿੱਸੇ ਵਿੱਚ ਤਿੱਖੀ ਪੀੜ, ਇਕਦਮ ਤਿੱਖੀ ਪੀੜ, ਲੰਬੇ ਸਮੇਂ ਤੋਂ ਹੁੰਦੀ ਹਲਕੀ ਪੀੜ, ਟਿੱਕ ਕੀਟਾਣੂਆਂ ਦੇ ਕੱਟਣ ਬਾਅਦ ਰਾਤ ਨੂੰ ਪੀੜ, ਸ਼ਾਮ ਨੂੰ ਰੋਜ਼ ਹੁੰਦੀ ਪੀੜ, ਆਦਿ ਜੇਕਰ ਤੁਹਾਡੇ ਰੋਜ਼ਮੱਰਾ ਦੇ ਕੰਮਕਾਰ ਵਿੱਚ ਅੜਿੱਕਾ ਪਾ ਰਹੀ ਹੋਵੇ, ਜੋੜ ਹਿਲਾਉਣ ਜਾਂ ਜ਼ੋਰ ਪਾਉਣ ਉੱਤੇ ਤਿੱਖੀ ਪੀੜ, ਬੈਠਣ ਨਾਲ ਪੀੜ ਵਧਦੀ ਹੋਵੇ, ਜੋੜ ਉੱਤੇ ਨੀਲ ਪੈ ਜਾਣ, ਚਮੜੀ ਵਿੱਚ ਨੀਲ ਪੈਣੇ, ਸੋਚਣ ਸਮਝਣ ਦੀ ਸ਼ਕਤੀ ਘਟੇ, ਪੂਰਾ ਜੋੜ ਸਿੱਧਾ ਨਾ ਕਰ ਸਕਣਾ, ਰਤਾ ਕੁ ਸੱਟ ਨਾਲ ਚਮੜੀ ਵਿੱਚੋਂ ਲਹੂ ਚੱਲ ਪੈਣਾ, ਜੋੜ ਵਿੱਚ ਚਰਰ ਚਰਰ ਦੀਆਂ ਆਵਾਜ਼ਾਂ ਆਉਣੀਆਂ, ਸਿਰ ਪੀੜ, ਭੁੱਖ ਮਰਨੀ, ਜੋੜਾਂ ਦਾ ਆਕੜਨਾ, ਚਮੜੀ ਹੇਠਾਂ ਗੱਠ, ਆਦਿ ਹੋਣ ਤਾਂ ਫ਼ੌਰੀ ਤੌਰ ‘ਤੇ ਡਾਕਟਰ ਨਾਲ ਸੰਪਰਕ ਕਰੋ.
ਗੋਡੇ ਦੀ ਪੀੜ ਬਾਰੇ ਮਾਪਿਆਂ ਨੂੰ ਸੁਝਾਅ: ਹਰ ਪੰਜਾਂ ਵਿੱਚੋਂ ਦੋ ਬੱਚਿਆਂ ਨੂੰ ਵਧਣ ਦੀਆਂ ਦਰਦਾਂ ਜ਼ਰੂਰ ਹੁੰਦੀਆਂ ਹਨ. ਜਵਾਨੀ ਵਿੱਚ ਪੈਰ ਧਰਦੇ ਬੱਚਿਆਂ ਤੇ ਛੋਟੇ ਬੱਚਿਆਂ ਵਿੱਚ ਇਹ ਆਮ ਹੀ ਦਿਸਦੀ ਹੈ ਪਰ ਜੇ ਟੱਬਰ ਵਿੱਚ ਰੈਸਟਲੈੱਸ ਲੈੱਗ ਸਿੰਡਰੋਮ (ਲੱਤਾਂ ਵਿੱਚ ਰਾਤ ਵੇਲੇ ਕੜੱਲ, ਖਿੱਚ ਤੇ ਪੀੜ) ਦਾ ਰੋਗ ਹੋਵੇ ਤਾਂ ਬੱਚੇ ਵਿੱਚ ਵੀ ਸਿਰਫ਼ ਵਧਣ ਦੀ ਦਰਦਾਂ ਕਹਿ ਕੇ ਨਹੀਂ ਸਾਰ ਲੈਣਾ ਚਾਹੀਦਾ, ਬਲਕਿ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ.
ਬੱਚੇ ਨੂੰ ਗੋਡੇ ਦੇ ਰੋਗਾਂ ਤੇ ਸੱਟਾਂ ਤੋਂ ਕਿਵੇਂ ਬਚਾਈਏ: ਲਗਾਤਾਰ ਕਸਰਤ ਕਰਾਓ ਅਤੇ ਬੱਚੇ ਦਾ ਭਾਰ ਵੱਧ ਹੈ ਤਾਂ ਭਾਰ ਘਟਾਉ. ਜੇ ਬੱਚਾ ਖਿਡਾਰੀ ਹੈ ਤਾਂ ਖੇਡਣ ਤੋਂ ਪਹਿਲਾਂ ਵਾਰਮ ਅੱਪ ਜ਼ਰੂਰੀ ਹੈ. ਐਰੋਬਿਕ ਕਸਰਤਾਂ ਯਾਨੀ ਸਾਈਕਲ ਚਲਾਉਣਾ, ਜੌਗਿੰਗ, ਤੈਰਨਾ, ਆਦਿ. ਜੁੱਤੀਆਂ ਦਾ ਨਾਪ ਸਹੀ ਅਤੇ ਥੱਲਾ ਨਰਮ ਹੋਵੇ. ਪੌੜੀਆਂ ਦੌੜ ਕੇ ਕਦੀ ਨਾ ਉਤਰੋ.
ਘਰੇਲੂ ਨੁਸਖ਼ੇ
ਗੋਡੇ ਦੀ ਸੱਟ ਜਾਂ ਪੀੜ ਉੱਤੇ ਬਰਫ਼ ਲਾਉਣ ਨਾਲ ਗੋਡੇ ਵੱਲ ਜਾਂਦੀਆਂ ਨਸਾਂ ਸੁੰਗੜ ਜਾਂਦੀਆਂ ਹਨ ਜਿਸ ਨਾਲ ਗੋਡੇ ਵੱਲ ਜਾਂਦਾ ਲਹੂ ਘੱਟ ਜਾਂਦਾ ਹੈ ਅਤੇ ਸੋਜ਼ਿਸ਼ ਘੱਟ ਜਾਂਦੀ ਹੈ.
ਤਾਜ਼ਾ ਅਦਰਕ ਕੱਦੂਕਸ ਕਰ ਕੇ ਕੋਸੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਪੀੜ ਘਟਦੀ ਹੈ. ਦੇਸੀ ਚਾਹ ਦਿਨ ਵਿੱਚ ਚਾਰ ਪੰਜ ਵਾਰ ਪੀਣੀ ਚਾਹੀਦੀ ਹੈ. ਅਦਰਕ ਦੇ ਤੇਲ ਨਾਲ ਹਲਕੀ ਮਾਲਿਸ਼ ਨਾਲ ਵੀ ਸੋਜ਼ਿਸ਼ ਘਟਦੀ ਹੈ.
ਇੱਕ ਜਾਂ ਦੋ ਗਿਲਾਸ ਕੋਸੇ ਪਾਣੀ ਵਿੱਚ ਰਤਾ ਕੁ ਐੱਪਲ ਸਾਈਡਰ ਵਿਨੇਗਰ ਪਾ ਕੇ ਪੀਣ ਨਾਲ ਵੀ ਕੁੱਝ ਚਿਰ ਬਾਅਦ ਗੋਡੇ ਦੀ ਪੀੜ ਘਟਦੀ ਹੈ.
ਲਾਲ ਮਿਰਚ ਤੇ ਓਲਿਵ ਤੇਲ ਦੇ ਮਿਸ਼ਰਨ ਦਵਾਈਆਂ ਦੀ ਦੁਕਾਨ ਤੋਂ ਮਿਲਦੇ ਹਨ. ਕੈਪਸਾਇਸਿਨ ਦੇ ਨਾਂ ਹੇਠ ਵਿਕ ਰਹੀਆਂ ਇਹ ਮੱਲਮਾਂ ਲਾਉਣ ਨਾਲ ਪੀੜ ਦਾ ਅਹਿਸਾਸ ਘਟ ਜਾਂਦਾ ਹੈ.
ਸਰ੍ਹੋਂ ਦਾ ਤੇਲ ਤੇ ਹਲਦੀ ਨੂੰ ਸਦੀਆਂ ਤੋਂ ਸੋਜ਼ਿਸ਼ ਉੱਤੇ ਬੰਨ੍ਹ ਕੇ ਆਰਾਮ ਲਿਆ ਜਾਂਦਾ ਰਿਹਾ ਹੈ. ਹਲਦੀ ਨੂੰ ਗਰਮ ਪਾਣੀ ਜਾਂ ਦੁੱਧ ਵਿੱਚ ਮਿਲਾ ਕੇ ਵੀ ਪੀਣ ਨਾਲ ਪੀੜ ਤੋਂ ਰਾਹਤ ਮਿਲ ਜਾਂਦੀ ਹੈ.
ਸੰਪਰਕ: 0175-2216783










