ਡਾ. ਮਨਜੀਤ ਸਿੰਘ ਬੱਲ
ਅਪੈਂਡਿਕਸ ਦੀ ਅਸਹਿਣਯੋਗ ਹੁੰਦੀ ਹੈ ਅਤੇ ਐਮਰਜੰਸੀ ਵਿੱਚ ਔਪਰੇਸ਼ਨ ਕਰਵਾਉਣਾ ਪੈਂਦਾ ਹੈ. ਇਸ ਨੂੰ ਪੇਟ ਦੀ ਨਾੜੀ ਫ਼ੁੱਲਣਾ ਵੀ ਕਹਿੰਦੇ ਹਨ. ਇਸ ਦਾ ਪੂਰਾ ਨਾਮ ਹੈ- ਵੌਰਮੀਫ਼ੌਰਮ ਅਪੈਂਡਿਕਸ. ਵੌਰਮੀਫ਼ੌਰਮ ਯਾਨੀ ਵੌਰਮ ਜਾਂ ਪੇਟ ਦੇ ਕੀੜੇ ਜਾਂ ਮਲ੍ਹੱਪ ਵਰਗਾ. ਇਹ ਅੰਗ, ਪੇਟ ਵਿੱਚ ਹੇਠਾਂ ਜਿਹੇ, ਧੁੰਨੀ ਤੋਂ ਸੱਜੇ ਪਾਸੇ, ਨ੍ਹੇਂਘ ਵਾਲੀ ਹੱਡੀ ਦੇ ਕੋਲ ਹੁੰਦਾ ਹੈ ਜੋ ਛੋਟੀ ਤੇ ਵੱਡੀ ਅੰਤੜੀ ਜੋੜ ਤੋਂ ਦੋ ਸੈਂਟੀਮੀਟਰ ‘ਤੇ ਸਥਿਤ ਹੁੰਦਾ ਹੈ. ਅਪੈਂਡਿਕਸ ਐਸਾ ਅੰਗ ਹੈ ਜਿਸ ਦਾ ਸ਼ਰੀਰ ਕੋਈ ਖ਼ਾਸ ਕੰਮ ਨਹੀਂ. ਉਂਝ, ਤਾਜ਼ਾ ਖੋਜਾਂ ਦਰਸਾਉਂਦੀਆਂ ਹਨ ਕਿ ਇਸ ਵਿੱਚ ਅੰਤੜੀਆਂ ਵਾਸਤੇ ਫ਼ਾਇਦੇਮੰਦ ਬੈਕਟੀਰੀਆ ਬਣਦੇ ਤੇ ਪਲ਼ਦੇ ਹਨ. ਅਪੈਂਡਿਕਸ ਦੀ ਔਸਤਨ ਲੰਬਾਈ 11 ਸੈਂਟੀਮੀਟਰ ਹੁੰਦੀ ਹੈ. ਉਂਝ ਇਹ 3 ਤੋਂ 18 ਸੈਂਟੀ ਮੀਟਰ ਤਕ ਹੋ ਸਕਦੀ ਹੈ.
ਅਪੈਂਡਿਸਾਇਟਿਸ ਜਾਂ ਪੇਟ ਦੀ ਨੜੀ ਫ਼ੁੱਲਣਾ ਦਾ ਮਤਲਬ ਹੈ ਇਸ ਅੰਗ ਦੀ ਲਾਗ ਅਤੇ ਸੋਜ ਜੋ ਇੱਕਦਮ ਹੋ ਜਾਂਦੀ ਹੈ. ਅਪੈਂਡਿਕਸ ਅੰਦਰ ਜੈਲੀ ਵਰਗੇ ਪਦਾਰਥ ਦੇ ਸੁੱਕਣ ਨਾਲ ਜਾਂ ਭੋਜਨ ਵਿੱਚ ਕਿਸੇ ਸਖ਼ਤ ਜਾਂ ਨਾਘੁਲਣ ਯੋਗ ਪਦਾਰਥ ਦੇ ਇਸ ਵਿੱਚ ਫ਼ਸ ਜਾਣ ਕਰ ਕੇ ਇਸ ਦੇ ਬੋਰ ਅੰਦਰ ਛੋਟੀ ਜਿਹੀ ਪਥਰੀ (ਫ਼ੈਕੋਲਿਥ) ਬਣ ਜਾਂਦੀ ਹੈ ਜੋ ਇਸ ਨੂੰ ਬੰਦ (ਬਲੌਕ) ਕਰ ਦਿੰਦੀ ਹੈ. ਇਸ ਤੋਂ ਬਾਅਦ ਇਸ ਵਿੱਚ ਲਾਗ ਵਾਲੇ ਬੈਕਟੀਰੀਆ ਇਕੱਠੇ ਹੋ ਜਾਂਦੇ ਹਨ ਅਤੇ ਸੋਜ ਤੇ ਲਾਲਗੀ ਹੋ ਜਾਂਦੀ ਹੈ. ਵਿਕਸਿਤ ਮੁਲਕਾਂ ਦੇ ਬਾਸ਼ਿੰਦੇ ਰੇਸ਼ੇ (ਫ਼ਾਇਬਰ) ਵਾਲੇ ਭੋਜਨ ਘੱਟ ਖਾਂਦੇ ਹਨ, ਇਸ ਲਈ ਉਨ੍ਹਾਂ ਵਿੱਚ ਇਸ ਲਾਗ ਦੇ ਕੇਸ ਵਿਕਾਸਸ਼ੀਲ ਮੁਲਕਾਂ ਦੇ ਮੁਕਾਬਲੇ ਵਧੇਰੇ ਹੁੰਦੇ ਹਨ.
ਲੱਛਣ: ਇਸ ਸੋਜ ਤੇ ਲਾਗ ਨਾਲ ਸਭ ਤੋਂ ਪਹਿਲਾਂ ਪੇਟ ਵਿੱਚ ਦਰਦ ਹੁੰਦਾ ਹੈ ਜੋ ਕਿਸੇ ਇੱਕ ਬਿੰਦੂ ‘ਤੇ ਨਹੀਂ ਸਗੋਂ ਸਾਰੇ ਪਾਸੇ ਹੀ ਮਹਿਸੂਸ ਹੁੰਦਾ ਹੈ. ਰੋਗੀ ਧੁੰਨੀ ਦੇ ਦੁਆਲੇ ਹੱਥ ਨੂੰ ਗੋਲ ਘੁਮਾ ਕੇ ਦੱਸਦਾ ਹੈ. ਪੀੜ ਬਹੁਤ ਤੇਜ਼ ਹੁੰਦੀ ਹੈ (ਇਸ ਨੂੰ ਸੂਲ ਉਠਣਾ ਵੀ ਕਿਹਾ ਜਾਂਦਾ ਹੈ. ਜੀਅ ਕੱਚਾ ਤੇ ਉਲਟੀ ਵੀ ਆਉਂਦੀ ਹੈ. ਬੁਖ਼ਾਰ 99 ਤੋਂ 101 ਡਿਗਰੀ ਫ਼ੈਰਨਹਾਈਟ ਤਕ ਹੋ ਸਕਦਾ ਹੈ. ਬਾਅਦ ਵਿੱਚ ਪੀੜ ਸੱਜੇ ਪਾਸੇ ਹੇਠਾਂ ਜਿਹੇ ਆ ਜਾਂਦੀ ਹੈ. ਇਹ ਪੀੜ ਇਕਦਮ ਤੇ ਬਹੁਤ ਜ਼ਿਆਦਾ ਹੁੰਦੀ ਹੈ, ਮਰੀਜ਼ ਨੂੰ ਐਂਮਰਜੰਸੀ ਵਿੱਚ ਹਸਪਤਾਲ ਲਿਜਾਣਾ ਪੈਂਦਾ ਹੈ. ਇਸ ਜਗ੍ਹਾ ‘ਤੇ ਹੱਥ ਲਾਉਣ ਜਾਂ ਨੱਪਣ ਨਾਲ ਬਹੁਤ ਦਰਦ ਹੁੰਦੀ ਹੈ. ਮੁਆਇਨੇ ਦੌਰਾਨ ਇੱਕ ਖ਼ਾਸ ਜਗ੍ਹਾ (ਮੈਕਬਰਨੀ ਪੁਆਇੰਟ) ‘ਤੇ ਨੱਪ ਕੇ, ਰੋਗੀ ਦੇ ਚਿਹਰੇ ‘ਤੇ ਦਰਦ ਵਾਲੇ ਭਾਵ ਦੇਖ ਕੇ ਸਿਆਣੇ ਮਾਹਰ ਡਾਕਟਰ ਡਾਇਗਨੋਜ਼ ਕਰ ਲੈਂਦੇ ਹਨ ਕਿ ਇਹ ਅਪੈਂਡਿਸਾਇਟਿਸ ਹੀ ਹੈ. ਬਾਕੀ ਪੜਤਾਲ ਤੋਂ ਬਾਅਦ ਪੱਕਾ ਡਾਇਗਨੋਸਿਸ ਬਣਨ ‘ਤੇ ਇਸ ਦਾ ਔਪਰੇਸ਼ਨ ਵੀ ਐਂਮਰਜੰਸੀ ਵਿੱਚ ਹੀ ਕਰ ਦਿੱਤਾ ਜਾਂਦਾ ਹੈ.
ਮਰੀਜ਼ ਜੇ ਔਰਤ ਹੋਵੇ ਤਾਂ ਪੇਟ ਵਿੱਚ ਸੱਜੇ ਪਾਸੇ ਇਸੇ ਤਰ੍ਹਾਂ ਦੀ ਦਰਦ ਟਿਊਬ ਵਿੱਚ ਗਰਭ ਹੋਣ ਕਰ ਕੇ ਵੀ ਹੋ ਸਕਦੀ ਹੈ. ਕਦੀ ਕਦੀ ਬੱਚੇ ਦਾਨੀ ਤੋਂ ਬਾਹਰ, ਫ਼ੈਲੋਪੀਅਨ ਟਿਊਬ ਵਿੱਚ ਗਰਭ ਵਿਕਸਿਤ ਹੋਣ ਲਗਦਾ ਹੈ (ਐਕਟੋਪਕ ਪ੍ਰੈਗਨੈਂਸੀ) ਜਿਸ ਦੇ ਲੱਛਣ ਅਪੈਂਡਿਕਸ ਦੀ ਸੋਜ ਵਾਲੇ ਹੀ ਹੁੰਦੇ ਹਨ. ਸੋ ਐਸੇ ਕੇਸਾਂ ਵਿੱਚ ਗਰਭ ਦੇ ਟੈੱਸਟ ਅਤੇ ਅਲਟਰਾ ਸਾਊਂਡ ਤੋਂ ਪਤਾ ਲਗ ਸਕਦਾ ਹੈ.
ਕੁਦਰਤ ਦੇ ਰੰਗ ਨਿਆਰੇ ਨੇ, ਕਈ ਵਾਰ ਸਾਰੇ ਅੰਗ ਹੀ ਉਲਟ ਪੁਲਟ ਪਾਸਿਆਂ ‘ਤੇ ਪਏ ਹੁੰਦੇ ਹਨ. ਖੱਬੇ ਵਾਲੇ ਅੰਗ ਸੱਜੇ ਪਾਸੇ ਅਤੇ ਸੱਜੇ ਵਾਲੇ ਖੱਬੇ ਪਾਸੇ, ਜਿਵੇਂ ਦਿਲ ਖੱਬੇ ਦੀ ਬਜਾਏ ਸੱਜੇ ਪਾਸੇ ਅਤੇ ਜਿਗਰ ਸੱਜੇ ਦੀ ਬਜਾਏ ਖੱਬੇ, ਆਦਿ. ਇਸੇ ਤਰ੍ਹਾਂ ਅਪੈਂਡਿਕਸ ਸੱਜੇ ਦੀ ਬਜਾਏ ਖੱਬੇ ਪਾਸੇ ਹੋ ਸਕਦਾ ਹੈ. ਜਦ ਇਹ ਉਲਟਾ ਪੁਲਟਾ ਹੋਵੇ ਤਾਂ ਹਾਲਾਤ ਸਾਇਟਿਸ ਇਨਵਰਸ ਕਿਹਾ ਜਾਂਦਾ ਹੈ. 10,000 ਲੋਕਾਂ ‘ਚੋਂ ਇੱਕ ਤੋਂ ਵੀ ਘੱਟ ਵਿੱਚ ਐਸਾ ਹੁੰਦਾ ਹੈ.
ਇਲਾਜ: ਜਦ ਇਹ ਡਾਇਗਨੋਸਿਸ ਪੱਕਾ ਹੋ ਜਾਵੇ ਤਾਂ ਤਕਰੀਬਨ ਸਾਰੇ ਕੇਸਾਂ ਵਿੱਚ ਔਪਰੇਸ਼ਨ ਹੀ ਕੀਤਾ ਜਾਂਦਾ ਹੈ. ਉਂਝ ਸਰਜਰੀ ਤੋਂ ਪਹਿਲਾਂ ਰੋਗਾਣੂਆਂ ਨੂੰ ਮਾਰਨ ਵਾਲੀਆਂ ਦਵਾਈਆਂ (ਐਂਟੀਬਾਇਓਟਿਕਸ) ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ. ਕਈ ਕੇਸਾਂ ਵਿੱਚ ਦਰਦ ਘੱਟ ਹੁੰਦੀ ਹੈ ਤੇ ਲਾਗ ਇੱਕ ਹੀ ਥਾਂ ‘ਤੇ ਸਥਾਈ ਰਹਿੰਦੀ ਹੈ, ਫ਼ੈਲਦੀ ਨਹੀਂ ਅਤੇ ਅਜਿਹੀ ਹਾਲਤ ਵਿੱਚ ਐਂਟੀਬਾਇਓਟਿਕਸ ਨਾਲ ਇਲਾਜ ਕੀਤਾ ਜਾਂਦਾ ਹੈ ਅਤੇ ਸਮੇਂ ਦੇ ਹਿਸਾਬ ਨਾਲ ਔਪਰੇਸ਼ਨ ਬਾਅਦ ਵਿੱਚ ਕਰਵਾ ਲਿਆ ਜਾਂਦਾ ਹੈ. ਇਹ ਪੱਕਾ ਹੈ ਕਿ ਇੱਕ ਵਾਰ ਇਹ ਤਕਲੀਫ਼ ਹੋ ਜਾਵੇ ਤਾਂ ਇਸ ਅੰਗ ਨੂੰ ਕੱਢਿਆ ਹੀ ਜਾਂਦਾ ਹੈ ਤਾਂ ਕਿ ਭਵਿਖ ਵਿੱਚ ਇਹ ਕੋਈ ਵੱਡੀ ਮੁਸੀਬਤ ਨਾ ਖੜ੍ਹੀ ਕਰ ਦੇਵੇ.
ਕਈ ਵਾਰ ਰੋਗੀ ਹਸਪਤਾਲ ਜਾਂ ਡਾਕਟਰ ਕੋਲ, ਇਕਦਮ ਨਹੀਂ ਪਹੁੰਚਦੇ ਜਿਵੇਂ ਹਸਪਤਾਲ ਜਾਂ ਡਾਕਟਰ ਦੂਰ ਹੋਵੇ ਜਾਂ ਵੇਲੇ-ਕੁਵੇਲੇ ਪੀੜ ਉਠਣ ‘ਤੇ ਕਿਸੇ ਵਾਹਨ ਦਾ ਪ੍ਰਬੰਧ ਨਾ ਹੋਵੇ, ਘਰੇਲੂ ਓਹੜ ਪੁਹੜ ਜਾਂ ਪੈਸੇ-ਧੇਲੇ ਦੀ ਘਾਟ ਕਾਰਨ ਹਸਪਤਾਲ ਨਾ ਜਾ ਸਕਣ ਕਰ ਕੇ. ਐਸੀ ਹਾਲਤ ਵਿੱਚ ਪੀੜ ਰੁਕਦੀ ਨਹੀਂ, ਰੋਗੀ ਦਰਦ ਜਰੀ ਜਾਂਦਾ ਹੈ ਅਤੇ ਦਰਦ ਸ਼ੁਰੂ ਹੋਣ ਤੋਂ 24 ਘੰਟੇ ਬਾਅਦ ਅਪੈਂਡਿਕਸ ਵਾਲੀ ਥਾਂ ‘ਤੇ ਗੋਕਾ ਜਿਹਾ ਬਣ ਜਾਂਦਾ ਹੈ. ਇਸ ਪੜਾਅ ‘ਤੇ ਔਪਰੇਸ਼ਨ ਨਹੀਂ ਕੀਤਾ ਜਾਂਦਾ. ਐਂਟੀਬਾਇਓਟਿਕਸ ਦਵਾਈਆਂ ਦੇ ਕੇ ਮਰੀਜ਼ ਨੂੰ 4 ਤੋਂ 6 ਹਫ਼ਤਿਆਂ ਬਾਅਦ ਬੁਲਾਇਆ ਜਾਂਦਾ ਹੈ. ਇਸ ਸਮੇਂ ਦੌਰਾਨ ਲਾਗ ਕੰਟਰੋਲ ਹੋ ਜਾਂਦੀ ਹੈ ਅਤੇ ਔਪਰੇਸ਼ਨ ਕਰ ਦਿੱਤਾ ਜਾਂਦਾ ਹੈ. ਕਈ ਕੇਸਾਂ ਵਿੱਚ ਲਾਗ ਵਾਲੇ ਬੈਕਟੀਰੀਆ ਜ਼ਿਆਦਾ ਜ਼ਾਲਿਮ ਹੋਣ ਜਾਂ ਇਲਾਜ ਵਿੱਚ ਦੇਰੀ ਹੋ ਜਾਵੇ ਤਾਂ ਅਪੈਂਡਿਕਸ ਫ਼ਟ ਸਕਦਾ/ਜਾਂਦਾ ਹੈ. ਇਸ ਸੂਰਤ ਵਿੱਚ ਲਾਗ ਅਤੇ ਬੈਕਟੀਰੀਆ ਸਾਰੇ ਪੇਟ ਵਿੱਚ ਫ਼ੈਲ ਜਾਂਦੇ ਹਨ. ਪੇਟ ਪੀਕ ਨਾਲ ਭਰ ਜਾਂਦਾ ਹੈ. ਸੋ, ਅਣਗਹਿਲੀ, ਅਗਿਆਨਤਾ ਜਾਂ ਮਜਬੂਰੀ ਕਾਰਨ ਕਈ ਵਾਰ ਇਸ ਮਾਮੂਲੀ ਬਿਮਾਰੀ ਕਰ ਕੇ ਜਾਨ ਵੀ ਚਲੀ ਜਾਂਦੀ ਹੈ.
ਔਪਰੇਸ਼ਨ: ਪੇਟ ਦੇ ਵਾਲਾਂ ਦੀ ਸਾਫ਼-ਸਫ਼ਾਈ ਤੋਂ ਬਾਅਦ ਆਮ ਕਰ ਕੇ ਰੀੜ੍ਹ ਦੀ ਹੱਡੀ ਦੇ ਟੀਕੇ ਨਾਲ ਸਿਰਫ਼ ਸਖਰੀਰ ਦਾ ਹੇਠਲਾ ਹਿੱਸਾ ਹੀ ਸੁੰਨ ਕੀਤਾ ਜਾਂਦਾ ਹੈ. ਔਪਰੇਸ਼ਨ ਦੌਰਾਨ ਰੋਗੀ ਹੋਸ਼ ਵਿੱਚ ਹੀ ਰਹਿੰਦਾ ਹੈ. ਅੱਜਕੱਲ੍ਹ ਵੱਡੇ ਹਸਪਤਾਲਾਂ ਤੇ ਮੈਡੀਕਲ ਸੰਸਥਾਵਾਂ ਵਿੱਚ ਆਧੁਨਿਕ ਦੂਰਬੀਨੀ ਤਰੀਕੇ ਨਾਲ ਇਹ ਔਪਰੇਸ਼ਨ ਕੀਤਾ ਜਾ ਰਿਹਾ ਹੈ. ਇਹਦੇ ਕਈ ਫ਼ਾਇਦੇ ਹਨ:
. ਅਪਰੇਸ਼ਨ ਤੋਂ ਪਿੱਛੋਂ ਕੋਈ ਖ਼ਾਸ ਪੀੜ ਨਹੀਂ ਹੁੰਦੀ.
. ਹਸਪਤਾਲ ਵਿੱਚ ਥੋੜ੍ਹਾ ਸਮਾਂ ਰਹਿਣਾ ਪੈਂਦਾ ਹੈ (ਇੱਕ ਜਾਂ ਦੋ ਦਿਨ).
. ਰੋਜ਼ਮੱਰਾ ਦੇ ਕੰਮ-ਕਾਰ ਵਿੱਚ ਵਾਪਸੀ ਛੇਤੀ ਹੋ ਜਾਂਦੀ ਹੈ.
. ਔਪਰੇਸ਼ਨ ਦਾ ਚਮੜੀ ‘ਤੇ ਕੋਈ ਵਧੇਰੇ ਨਿਸ਼ਾਨ ਨਹੀਂ ਪੈਂਦਾ.
ਨਾੜੀ ਫ਼ੁੱਲਣ ਤੋਂ ਅਗਾਊਂ ਬਚਾਅ ਲਈ ਔਪਰੇਸ਼ਨ (ਪ੍ਰੋਫ਼ਾਇਲੈਕਟਿਕ ਅਪੈਂਡਿਸੈਕਟਮੀ): ਪੁਲਾੜ ਵਿੱਚ ਭੇਜਣ ਜਾਂ ਕਿਸੇ ਲੰਮੇ ਸਮੁੰਦਰੀ ਸਫ਼ਰ ‘ਤੇ ਜਾਣ ਤੋਂ ਪਹਿਲਾਂ ਸਰਜਰੀ ਰਾਹੀਂ ਇਹ ਅੰਗ ਕੱਢ ਦਿੱਤਾ ਜਾਂਦਾ ਹੈ ਤਾਂ ਕਿ ਜਿਸ ਮਿਸ਼ਨ ਵਾਸਤੇ ਬੰਦਾ ਜਾ ਰਿਹਾ ਹੈ, ਉਸ ਵਿੱਚ ਇਸ ਦੀ ਬੇਲੋੜੀ ਅਚਾਨਕ ਸ਼ਰੀਰਕ ਸਮੱਸਿਆ (ਦਰਦ) ਕਰ ਕੇ ਵਿਘਨ ਨਾ ਪਵੇ. ਸਰਜਰੀ ਤੋਂ ਬਾਅਦ ਇਸ ਦੀ ਪੈਥੇਲੋਜੀਕਲ ਜਾਂਚ ਕੀਤੀ ਜਾਂਦੀ ਹੈ. ਵਧੇਰੇ ਕੇਸਾਂ ਵਿੱਚ ਕਲਿਨੀਕਲ ਡਾਇਗਨੋਸਿਸ ਮੁਤਾਬਿਕ ਭਾਵੇਂ ਲਾਗ ਵਾਲੀ ਰਿਪੋਰਟ ਹੀ ਆਉਂਦੀ ਹੈ, ਫ਼ਿਰ ਵੀ ਕਈ ਵਾਰ ਇਸ ਅੰਦਰ ਮਲ੍ਹੱਪ ਜਾਂ ਅੰਤੜੀ ਦੇ ਹੋਰ ਕੀੜੇ, TB ਜਾਂ ਕੈਂਸਰ ਵੀ ਨਿਕਲ ਆਉਂਦਾ ਹੈ.
ਸੰਪਰਕ: 98728-43491










