ਬੱਚਿਆਂ ਨੂੰ ਇਤਿਹਾਸ ਤੋਂ ਜਾਣੂੰ ਕਰਾਉਣ ਲਈ ਇਤਿਹਾਸਕ ਦਿਹਾੜੇ ਮਨਾਉਣੇ ਜ਼ਰੂਰੀ: ਡਾ. ਚੀਮਾ

4ਮੋਹਾਲੀ/ਚੰਡੀਗੜ੍ਹ : ਬੱਚਿਆਂ ਨੂੰ ਇਤਿਹਾਸ ਤੋਂ ਜਾਣੂੰ ਕਰਵਾਉਣ ਅਤੇ ਮਹਾਨ ਸਖਸ਼ੀਅਤ ਦੇ ਜੀਵਨ ਤੋਂ ਪ੍ਰੇਰਨਾ ਦੇਣ ਲਈ ਇਤਿਹਾਸਕ ਦਿਹਾੜਿਆਂ ਨੂੰ ਵੱਡੀ ਪੱਧਰ ‘ਤੇ ਮਨਾਉਣਾ ਜ਼ਰੂਰੀ ਹੈ। ਇਹ ਗੱਲ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਅੰਤਰ ਜ਼ਿਲਾ ਰਾਜ ਪੱਧਰੀ ਸਹਿ ਅਕਾਦਮਿਕ ਮੁਕਾਬਲਿਆਂ ਦਾ ਰਸਮੀ ਆਗਾਜ਼ ਕਰਨ ਮੌਕੇ ਕਹੇ।
ਡਾ.ਚੀਮਾ ਨੇ ਕਿਹਾ ਕਿ ਦਸੰਬਰ ਦੇ ਦੂਜੇ ਅੱਧ ਵਿੱਚ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਵਿਦਿਆਰਥੀਆਂ ਦੇ ਰਾਜ ਪੱਧਰੀ ਸਹਿ ਵਿਦਿਅਕ ਅਕਾਦਮਿਕ ਮੁਕਾਬਲਿਆਂ ਦਾ ਆਗਾਜ਼ ਵਾਰ ਗਾਇਨ ਨਾਲ ਕਰਵਾਉਣਾ ਬਹੁਤ ਵਧੀਆ ਪਿਰਤ ਹੈ। ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਅਦੁੱਤੀ ਮਿਸਾਲ ਇਤਿਹਾਸ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸ਼ਾਹਿਬਜ਼ਾਦਿਆਂ ਬਾਰੇ ਵਾਰ ਗਾਇਨ ਮੁਕਾਬਲਿਆਂ ਦੀ ਸ਼ੁਰੂਆਤ ਨਾਲ ਵਿਦਿਆਰਥੀ ਇਤਿਹਾਸ ਨਾਲ ਨੇੜੇ ਤੋਂ ਜਾਣੂੰ ਹੋਣਗੇ। ਉਨ੍ਹਾਂ ਕਿਹਾ ਕਿ ਮਹਾਨ ਸਖਸ਼ੀਅਤਾਂ ਦੇ ਜੀਵਨ ਬਾਰੇ ਚਾਨਣਾ ਪਾ ਕੇ ਵਿਦਿਆਰਥੀਆਂ ਨੂੰ ਵੱਡੀ ਸੇਧ ਿਮਲਦੀ ਹੈ ਜਿਸ ਨਾਲ ਉਨ੍ਹਾਂ ਨੂੰ ਭਵਿੱਖ ਦੀਆਂ ਮੰਜ਼ਿਲਾ ਸਰ ਕਰਨ ਲਈ ਪ੍ਰੇਰਨਾ ਮਿਲਦੀ ਹੈ।
ਸਿੱਖਿਆ ਮੰਤਰੀ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਸਖਸ਼ੀਅਤ ਦੀ ਉਸਾਰੀ ਲਈ ਰਸਮੀ ਵਿੱਦਿਆ ਦੇ ਨਾਲ ਸਹਿ ਅਕਾਦਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿਚਲੀ ਅੰਦਰਲੀ ਛੁਪੀ ਹੋਈ ਪ੍ਰਤਿਭਾ ਸਾਹਮਣੇ ਆਉਂਦੀ ਹੈ। ਇਸ ਤੋਂ ਪਹਿਲਾ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ.ਚੀਮਾ ਨੇ ਸਮ੍ਹਾਂ ਰੌਸ਼ਨ ਕਰ ਕੇ ਮੁਕਾਬਲਿਆਂ ਦਾ ਰਸਮੀ ਆਗਾਜ਼ ਕੀਤਾ।
ਇਸ ਮੌਕੇ ਸਿੱਖਿਆ ਮੰਤਰੀ ਨੇ ਸਾਹਿਤ, ਕਲਾ ਤੇ ਅਕਾਦਿਮਕ ਖੇਤਰ ਦੀਆਂ ਪੰਜ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਿਨ੍ਹਾਂ ਵਿੱਚ ਡਾ.ਨਿਰਮਲ ਜੌੜਾ, ਪਾਲੀ ਭੁਪਿੰਦਰ, ਡਾ.ਨਰਿੰਦਰ ਸਿੰਘ ਸਿੱਧੂ, ਡਾ.ਸੁਨੀਲ ਬਹਿਲ ਅਤੇ ਸ੍ਰੀ ਵਿਨੋਦ ਸ਼ਰਮਾ ਸ਼ਾਮਲ ਸਨ। ਡਾ.ਚੀਮਾ ਨੇ ਕਿਹਾ ਕਿ ਵਿਦਿਆਰਥੀਆਂ ਸਾਹਮਣੇ ਵੱਖ-ਵੱਖ ਖੇਤਰ ਦੀਆਂ ਮਾਹਿਰ ਸਖਸ਼ੀਅਤਾਂ ਨੂੰ ਸਨਮਾਨਤ ਕਰਨ ਨਾਲ ਵਿਦਿਆਰਥੀਆਂ ਨੂੰ ਵੱਡੀ ਪ੍ਰੇਰਨਾ ਮਿਲਦੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾ.ਤੇਜਿੰਦਰ ਕੌਰ ਧਾਲੀਵਾਲ ਨੇ ਮੁੱਖ ਮਹਿਮਾਨ, ਹੋਰ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਬੋਰਡ ਦੀ ਹਮੇਸ਼ਾ ਪਹਿਲ ਰਹੀ ਹੈ ਕਿ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ ਹੋਰਨਾਂ ਸਹਿ ਵਿਦਿਅਕ ਗਤੀਵਿਧੀਆਂ ਲਈ ਵੀ ਪਲੇਟਫਾਰਮ ਮੁਹੱਈਆ ਕਰਵਾਇਆ ਜਾਵੇ। ਉਦਘਾਟਨੀ ਸਮਾਗਮ ਦੀ ਸ਼ੁਰੂਆਤ ਬੋਰਡ ਦੀ ਧੁਨੀ ਨਾਲ ਹੋਈ। ਇਸ ਉਪਰੰਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਆ। ਇਸ਼ ਮੌਕੇ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਨੇ ਢੱਡ-ਸਾਰੰਗੀ ਨਾਲ ਸ਼ਾਹਿਬਜ਼ਾਦਿਆਂ ਨੂੰ ਸਮਰਪਿਤ ਜੋਸ਼ੀਲੀ ਵਾਰ ਗਾ ਕੇ ਸਮੂਹ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਸਹਿ ਵਿਦਿਅਕ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਪ੍ਰਾਇਮਰੀ ਵਿੰਗ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦੀ ਸ਼ੁਰੂਆਤ ਵਾਰ ਗਾਇਨ ਨਾਲ ਹੋਈ। ਇਸ ਮੌਕੇ ਸ਼ਬਦ ਗਾਇਨ, ਭਾਸ਼ਨ, ਸੁੰਦਰ ਲਿਖਾਈ, ਚਿਤਰਕਲਾ, ਸੋਲੋ ਡਾਂਸ ਅਤੇ ਲੋਕ ਗੀਤ ਦੇ ਮੁਕਾਬਲੇ ਅਤੇ ਸੈਕੰਡਰੀ ਵਿੰਗ ਦੇ ਇਕਾਂਗੀ ਅਤੇ ਗੱਤਕਾ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਬੋਰਡ ਦੇ ਵਾਈਸ ਚੇਅਰਮੈਨ ਸ੍ਰੀ ਸੁਰੇਸ਼ ਟੰਡਨ, ਸਕੱਤਰ ਇੰਜਨੀਅਰ ਗੁਰਿੰਦਰ ਪਾਲ ਸਿੰਘ ਬਾਠ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀ ਹਰਬੰਸ ਸਿੰਘ ਸੰਧੂ, ਬੋਰਡ ਦੇ ਡਾਇਰੈਕਟਰ (ਅਕਾਦਮਿਕ) ਸ੍ਰੀਮਤੀ ਮਨਜੀਤ ਕੌਰ ਅਤੇ ਡਾਇਰੈਕਟਰ (ਕੰਪਿਊਟਰ) ਡਾ.ਨਵਨੀਤ ਕੌਰ ਆਦਿ ਹਾਜ਼ਰ ਸਨ।