ਨਵੀਂ ਦਿੱਲੀ : ਤਿੰਨ ਸਾਲ ਪਹਿਲਾਂ ਵਾਪਰੇ ਦਿੱਲੀ ਗੈਂਗਰੇਪ ਮਾਮਲੇ ਵਿਚ ਨਾਬਾਲਗ ਦੋਸ਼ੀ ਦੀ ਰਿਹਾਈ ‘ਤੇ ਦਿੱਲੀ ਹਾਈਕੋਰਟ ਨੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਇਹ ਦੋਸ਼ੀ ਐਤਵਾਰ ਨੂੰ ਰਿਹਾਅ ਹੋ ਰਿਹਾ ਹੈ। ਦਰਅਸਲ ਨਾਬਾਲਗ ਦੋਸ਼ੀ ਨੂੰ ਤਿੰਨ ਸਾਲ ਤੱਕ ਸੁਧਾਰ ਘਰ ਵਿਚ ਰੱਖਣ ਦੇ ਆਦੇਸ਼ ਦਿੱਤੇ ਗਏ ਸਨ ਅਤੇ ਉਹ ਹੁਣ 20 ਸਾਲ ਦਾ ਹੋ ਚੁੱਕਾ ਹੈ, ਇਸ ਲਈ ਉਸ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਨੇ ਇਸ ਰਿਹਾਈ ਦਾ ਵਿਰੋਧ ਕੀਤਾ ਸੀ।
ਇਸ ਦੌਰਾਨ ਨਿਰਭਯਾ ਦੇ ਪਿਤਾ ਨੇ ਅਦਾਲਤ ਦੇ ਫੈਸਲੇ ‘ਤੇ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਉਸ ਨੂੰ ਛੱਡ ਦਿੱਤਾ ਜਾਵੇਗਾ, ਪਰ ਕੋਰਟ ਦੇ ਫੈਸਲੇ ‘ਤੇ ਅਸੀਂ ਕੁਝ ਨਹੀਂ ਕਹਿ ਸਕਦੇ। ਪਰ ਨਿਰਭਯਾ ਨੇ ਜਦੋਂ ਅਦਾਲਤ ਦੇ ਫੈਸਲੇ ਨੂੰ ਸੁਣਿਆ ਤਾਂ ਉਹ ਰੋਣ ਲੱਗ ਪਈ ਅਤੇ ਕਿਹਾ ਕਿ ਮੈਨੂੰ ਇਨਸਾਫ ਨਹੀਂ ਮਿਲਿਆ।
ਕੀ ਹੈ ਮਾਮਲਾ : ਦਿੱਲੀ ਸਮੂਹਿਕ ਜਬਰ ਜਨਾਹ ਦੀ ਘਟਨਾ ਰਾਜਧਾਨੀ ਦਿੱਲੀ ਵਿਚ 16 ਦਸੰਬਰ 2012 ਨੂੰ ਵਾਪਰੀ ਸੀ। ਨਵੀਂ ਦਿੱਲੀ ਵਿਚ ਡਾਕਟਰੀ ਦਾ ਅਧਿਐਨ ਕਰ ਰਹੀ ਇਕ ਲੜਕੀ ਦੱਖਣ ਦਿੱਲੀ ਵਿਚ ਆਪਣੇ ਦੋਸਤ ਨਾਲ ਬੱਸ ਵਿਚ ਸਫ਼ਰ ਕਰ ਰਹੀ ਸੀ। ਇਸ ਦੌਰਾਨ 16 ਦਸੰਬਰ ਦੀ ਰਾਤ ਨੂੰ ਬੱਸ ਦੇ ਡਰਾਈਵਰ ਅਤੇ ਉਸ ਦੇ ਹੋਰ ਸਾਥੀਆਂ ਨੇ ਉਨ੍ਹਾਂ ਦੀ ਕੁਟਮਾਰ ਕੀਤੀ। ਇਸ ਦੌਰਾਨ ਲੜਕੀ ਦਾ ਦੋਸਤ ਬੇਹੋਸ਼ ਹੋ ਗਿਆ ਸੀ ਅਤੇ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਬਾਅਦ ਲੜਕਾ ਅਤੇ ਲੜਕੀ ਨੂੰ ਦੋਸ਼ੀ ਇਕ ਉਜਾੜ ਵਿਚ ਸੁਟ ਕੇ ਭੱਜ ਗਏ ਸਨ। ਜ਼ਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਲੈ ਜਾਇਆ ਗਿਆ, ਪਰ ਲੜਕੀ ਦੀ ਸਿਹਤ ਵਿਚ ਕੋਈ ਸੁਧਾਰ ਨਾ ਹੁੰਦਾ ਦੇਖ ਉਸ ਨੂੰ 26 ਦਸੰਬਰ 2012 ਨੂੰ ਸਿੰਗਾਪੁਰ ਦੇ ਇਕ ਹਸਪਤਾਲ ਵਿਚ ਲੈ ਜਾਇਆ ਗਿਆ, ਜਿਥੇ ਉਸ ਦੀ 29 ਦਸੰਬਰ 2012 ਨੂੰ ਮੌਤ ਹੋ ਗਈ ਸੀ।
ਇਸ ਘਟਨਾ ਦੇ ਵਿਰੋਧ ਵਿਚ ਦੇਸ਼ ਭਰ ਦੇ ਲੋਕ ਸੜਕਾਂ ‘ਤੇ ਉਤਰ ਆਏ ਸਨ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਨੂੰ ਲੈ ਕੇ ਥਾਂ-ਥਾਂ ਪ੍ਰਦਰਸ਼ਨ ਕੀਤੇ ਗਏ ਸਨ।
ਦੋਸ਼ੀਆਂ ਨੂੰ ਹੋਈ ਸੀ ਫਾਂਸੀ ਦੀ ਸਜ਼ਾ : 11 ਮਾਰਚ 2013 ਨੂੰ ਰਾਮ ਸਿੰਘ ਨਾਮਕ ਮੁਖ ਦੋਸ਼ੀ ਨੇ ਤਿਹਾੜ ਜੇਲ ਵਿਚ ਆਤਮ ਹੱਤਿਆ ਕਰ ਲਈ ਸੀ। 14 ਸਤੰਬਰ 2013 ਨੂੰ ਇਸ ਮਾਮਲੇ ਵਿਚ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।













