ਬੇਲਾਗਾਵੀ ‘ਚ ਦੁਰਗਾ ਪੂਜਾ ਦੌਰਾਨ ਤੇਜ਼ ਰਫ਼ਤਾਰ ਟਰੱਕ ਦਾ ਕਹਿਰ, 3 ਸ਼ਰਧਾਲੂਆਂ ਦੀ ਮੌਤ

ਬੇਲਾਗਾਵੀ : ਕਰਨਾਟਕ ਦੇ ਬੇਲਾਗਾਵੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੇਵੀ ਦੁਰਗਾ ਦੀ ਮੂਰਤੀ ਲੈ ਕੇ ਜਾ ਰਹੇ ਇੱਕ ਜਲੂਸ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਤਿੰਨ ਸ਼ਰਧਾਲੂਆਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ 10 ਤੋਂ ਵੱਧ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇੱਕ ਸੀਨੀਅਰ ਪੁਲਸ ਅਧਿਕਾਰੀ ਦੇ ਅਨੁਸਾਰ, ਇਹ ਹਾਦਸਾ ਹੁਕੇਰੀ ਤਾਲੁਕ ਦੇ ਹੱਟਰਾਗੀ ਟੋਲ ਪਲਾਜ਼ਾ ਦੇ ਨੇੜੇ ਉਸ ਸਮੇਂ ਵਾਪਰਿਆ, ਜਦੋਂ ਸ਼ਰਧਾਲੂ ਬੇਲਾਗਾਵੀ ਤੋਂ ਦੇਵੀ ਦੁਰਗਾ ਦੀ ਮੂਰਤੀ ਲੈ ਕੇ ਆਪਣੇ ਪਿੰਡ ਹੰਚਾਇਆਨੱਤੀ ਵਾਪਸ ਆ ਰਹੇ ਸਨ। ਇਸ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਯਾਤਰਾ ਦੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਪ੍ਰਕਾਸ਼, ਮਹੇਸ਼ ਅਤੇ ਦਾਨੇਸ਼ਵਰੀ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਤੁਰੰਤ ਬੇਲਾਗਾਵੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਹਸਪਤਾਲ ਅਤੇ ਨੇੜਲੇ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ। ਕੁਝ ਜ਼ਖਮੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਾਲੁਕਾ ਵਿੱਚ ਇੱਕ ਹੋਰ ਸੜਕ ਹਾਦਸੇ ਵਿੱਚ ਸੰਕੇਸ਼ਵਰ ਨੇੜੇ ਰਾਸ਼ਟਰੀ ਰਾਜਮਾਰਗ 48 ‘ਤੇ ਇੱਕ ਟਿੱਪਰ ਟਰੱਕ ਦੇ ਪਿਛਲੇ ਹਿੱਸੇ ਨਾਲ ਸਟੇਟ ਟਰਾਂਸਪੋਰਟ ਦੀ ਬੱਸ ਟਕਰਾ ਗਈ, ਜਿਸ ਕਾਰਨ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ 12 ਯਾਤਰੀ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਬੱਸ ਗੰਗਾਵਤੀ ਤੋਂ ਬੇਲਾਗਾਵੀ ਰਾਹੀਂ ਕੋਲਹਾਪੁਰ ਜਾ ਰਹੀ ਸੀ। ਬੱਸ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਸੰਕੇਸ਼ਵਰ ਤਾਲੁਕਾ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਦੋ ਵੱਖ-ਵੱਖ ਹਾਦਸਿਆਂ ਵਿੱਚ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ।