ਸੋਨਮ ਕਪੂਰ ਨੇ ਆਪਣੇ ਹੁਣ ਤਕ ਦੇ ਕਰੀਅਰ ਦੌਰਾਨ ਰੋਮੈਂਟਿਕ ਅਤੇ ਇਮੋਸ਼ਨਲ ਫ਼ਿਲਮਾਂ ਕੀਤੀਆਂ ਹਨ। ਭਾਵੇਂ ਫ਼ਿਲਮ ਨੀਰਜਾ ‘ਚ ਬਹਾਦੁਰ ਕੁੜੀ ਦਾ ਕਿਰਦਾਰ ਹੋਵੇ ਜਾਂ ਵੀਰੇ ਦੀ ਵੈਡਿੰਗ ‘ਚ ਬੋਲਡ ਸੋਚ ਰੱਖਣ ਵਾਲੀ ਕੁੜੀ ਦਾ, ਸੋਨਮ ਨੇ ਹਰ ਕਿਰਦਾਰ ਨੂੰ ਬਾਖ਼ੂਬੀ ਨਿਭਾਇਆ ਹੈ। ਹੁਣ ਉਹ ਬਾਹੂਬਲੀ ਵਰਗਾ ਕਿਰਦਾਰ ਨਿਭਾਉਣ ਦੀ ਤਮੰਨਾ ਰੱਖਦੀ ਹੈ। ਫ਼ਿਲਹਾਲ ਉਹ ਆਪਣੇ ਪਿਤਾ ਅਨਿਲ ਕਪੂਰ ਅਤੇ ਅਦਾਕਾਰ ਰਾਜਕੁਮਾਰ ਰਾਓ ਨਾਲ ਫ਼ਿਲਮ ਏਕ ਲੜਕੀ ਕੋ ਦੇਖਾ ਤੋ ਐਸਾ ਲਗਾ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਫ਼ਿਲਮ ਤੋਂ ਬਾਅਦ ਉਹ ਦੱਖਣ ਦੇ ਅਦਾਕਾਰ ਦਿਲਕੇਰ ਸਲਮਾਨ ਨਾਲ ਦਾ ਜ਼ੋਆ ਫ਼ੈਕਟਰ ਫ਼ਿਲਮ ‘ਚ ਕੰਮ ਕਰੇਗੀ। ਇਹ ਫ਼ਿਲਮ ਇੱਕ ਕਿਤਾਬ ‘ਤੇ ਆਧਾਰਿਤ ਹੈ। ਇਨ੍ਹਾਂ ਦੋਹਾਂ ਫ਼ਿਲਮਾਂ ਤੋਂ ਬਾਅਦ ਉਸ ਲਈ ਵੱਡੀ ਚੁਣੌਤੀ ਹੋਵੇਗੀ ਬੈਟਲ ਫ਼ੌਰ ਬਿਟੋਰਾ। ਸੋਨਮ ਨੇ ਦੋ ਕਿਤਾਬਾਂ ‘ਤੇ ਫ਼ਿਲਮ ਬਣਾਉਣ ਦੇ ਹੱਕ ਖ਼ਰੀਦੇ ਹਨ। ਇਨ੍ਹਾਂ ਕਿਤਾਬਾਂ ‘ਚ ਅਨੁਜਾ ਚੌਹਾਨ ਦਾ ਨਵਾਲ ਬੈਟਲ ਫ਼ੌਰ ਬਿਟੋਰਾ ਅਤੇ ਕ੍ਰਿਸ਼ਨਾ ਉਦੈਸ਼ੰਕਰ ਦਾ ਨਾਵਲ ਗੋਵਿੰਦਾ ਸ਼ਾਮਿਲ ਹਨ। ਭਾਰਤੀ ਪ੍ਰਾਚੀਨ ਕਥਾਵਾਂ ਦੀ ਤਰਜ਼ ‘ਤੇ ਗੋਵਿੰਦਾ ਨਾਵਲ ਕ੍ਰਿਸ਼ਨਾ ਊਦੈਸ਼ੰਕਰ ਦੀਆਂ ਤਿੰਨ ਕਿਤਾਬਾਂ ਦੀ ਪਹਿਲੀ ਕੜੀ ਹੈ। ਇਹ ਕੁੱਝ ਹੱਦ ਤਕ ਮਹਾਭਾਰਤ ਵਰਗਾ ਹੈ। ਸੋਨਮ ਅਨੁਸਾਰ ਭਾਰਤ ਦੇ ਲੋਕਾਂ ਨੇ ਬਾਹੂਬਲੀ ਅਤੇ ਪਦਮਾਵਤ ਵਰਗੀਆਂ ਫ਼ਿਲਮਾਂ ਬਹੁਤ ਪਸੰਦ ਕੀਤੀਆਂ, ਅਜਿਹੇ ‘ਚ ਗੋਵਿੰਦਾ ਨਾਵਲ ਤੋਂ ਵੀ ਬਹੁਤ ਸਾਰੀਆਂ ਉਮੀਦਾਂ ਰੱਖੀਆਂ ਜਾ ਸਕਦੀਆਂ ਹਨ। ਇਸ ਨਾਵਲ ‘ਤੇ ਜਦੋਂ ਫ਼ਿਲਮ ਬਣੇਗੀ, ਓਦੋਂ ਸੋਨਮ ਕਪੂਰ ਇਸ ‘ਚ ਬਾਹੂਬਲੀ ਫ਼ਿਲਮ ਵਰਗੇ ਦਮਦਾਰ ਕਿਰਦਾਰ ਨੂੰ ਨਿਭਾਉਂਦੀ ਹੋਈ ਨਜ਼ਰ ਆਵੇਗੀ।















