ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਦੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਗੋਲਡ ਨੇ ਪਰਦੇ ‘ਤੇ ਚੰਗੀ ਸਫ਼ਲਤਾ ਹਾਸਿਲ ਕੀਤੀ ਹੈ। ਹਾਕੀ ਦੀ ਖੇਡ ‘ਤੇ ਆਧਾਰਿਤ ਇਸ ਫ਼ਿਲਮ ਨਾਲ ਅਕਸ਼ੈ ਨੇ ਆਪਣੀ ਅਦਾਕਾਰੀ ਦਾ ਇੱਕ ਵਾਰ ਫ਼ਿਰ ਲੋਹਾ ਮਨਵਾਇਆ ਹੈ। ਇਹ ਫ਼ਿਲਮ ਸਾਊਦੀ ਅਰਬ ‘ਚ ਰਿਲੀਜ਼ ਹੋਣ ਵਾਲੀ ਪਹਿਲੀ ਬੌਲੀਵੁਡ ਫ਼ਿਲਮ ਵੀ ਬਣ ਗਈ ਹੈ। ਇਹ ਫ਼ਿਲਮ ਅਦਾਕਾਰਾ ਮੌਨੀ ਰਾਏ ਦੀ ਡੈਬਿਊ ਫ਼ਿਲਮ ਵੀ ਬਣ ਗਈ ਹੈ। ਖ਼ੈਰ ਇਸ ਤੋਂ ਬਾਅਦ ਅਕਸ਼ੈ ਹੁਣ ਫ਼ਿਲਮ ਕੇਸਰੀ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ। ਇਸ ਤੋਂ ਬਾਅਦ ਅਕਸ਼ੈ ਫ਼ਿਲਮਸਾਜ਼ ਸਾਜਿਦ ਨਡਿਆਡਵਾਲਾ ਦੀ ਸੁਪਰਹਿੱਟ ਸੀਰੀਜ਼ ਹਾਊਸਫ਼ੁੱਲ ਦੇ ਚੌਥੇ ਭਾਗ ਦੀ ਸ਼ੂਟਿੰਗ ਸ਼ੁਰੂ ਕਰੇਗਾ। ਇਸ ਫ਼ਿਲਮ ‘ਚ ਅਕਸ਼ੈ ਤੋਂ ਇਲਾਵਾ ਬੌਬੀ ਦਿਓਲ, ਰਿਤੇਸ਼ ਦੇਸ਼ਮੁਖ, ਕ੍ਰਿਤੀ ਸੈਨਨ, ਪੂਜਾ ਹੈਗੜੇ, ਕ੍ਰਿਤੀ ਖਰੰਬਦਾ ਅਤੇ ਨਾਨਾ ਪਾਟੇਕਰ ਵਰਗੇ ਸਿਤਾਰੇ ਨਜ਼ਰ ਆਉਣ ਵਾਲੇ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਫ਼ਿਲਮ ‘ਚ ਅਕਸ਼ੈ ਡਬਲ ਰੋਲ ਨਿਭਾ ਰਿਹਾ ਹੈ। ਸੂਤਰਾਂ ਮੁਤਾਬਿਕ, ਅਕਸ਼ੈ ਦਾ ਇੱਕ ਰੋਲ ਤਾਂ ਵਰਤਮਾਨ ਸਮੇਂ ਦਾ ਹੋਵੇਗਾ ਅਤੇ ਦੂਜਾ ਬਾਹੂਬਲੀ ਦੇ ਦੌਰ ਦਾ। ਜਾਣਕਾਰੀ ਮੁਤਾਬਿਕ ਹਾਊਸਫ਼ੁੱਲ-4 ਫ਼ਿਲਮ ਦਾ ਬਾਹੂਬਲੀ ਫ਼ਿਲਮ ਨਾਲ ਗਹਿਰਾ ਸਬੰਧ ਹੈ।
–












