ਬਰਾੜ ਸਾਹਿਬ ਗੁੱਸੇ ਨਾ ਹੋਵੋ!

ਡਾਇਰੀ ਦਾ ਪੰਨਾ/ਨਿੰਦਰ ਘੁਗਿਆਣਵੀ
ਅਵਤਾਰ ਸਿੰਘ ਬਰਾੜ ਦੀ ਜਿਹੜੀ ਫ਼ੋਟੋ ਇਸ ਪੋਸਟ ਨਾਲ ਪਾਈ ਹੋਈ ਹੈ ਆਪ ਜੀ ਦੇਖ ਰਹੇ ਹੋ, ਇਸ ਵਿੱਚ ਇਓਂ ਲਗਦਾ ਹੈ ਕਿ ਜਿਵੇਂ ਉਹ ਮੈਨੂੰ ਸਮਝੌਤੀਆਂ ਦੇ ਰਹੇ ਨੇ ਅਤੇ ਗੁੱਸੇ ਨੇ ਮੇਰੇ ਨਾਲ ਬਰਾੜ ਸਾਹਬ। ਮੈਨੂੰ ਯਾਦ ਹੈ ਕਿ ਇਹ ਫ਼ੋਟੋ ਲਗਭਗ 10 ਸਾਲ ਪਹਿਲਾਂ ਦੀ ਹੈ, ਅਤੇ ਮੈਂ ਆਪਣੇ ਨੋਕੀਆ ਫ਼ੋਨ ਨਾਲ ਸਾਦਿਕ ‘ਚ ਅਰੋੜਾ ਸਾਹਬ ਦੇ ਮੈਡੀਕਲ ਹਾਲ ‘ਤੇ ਬਰਾੜ ਸਾਹਬ ਦੇ ਆਉਣ ਸਮੇਂ ਖਿੱਚੀ ਸੀ ਅਤੇ ਉਹ ਅਕਸਰ ਹੀ ਲੰਘਦੇ ਟਪਦੇ ਆਪਣੇ ਚਹੇਤੇ ਸ਼ਿਵਰਾਜ ਢਿੱਲੋਂ ਨਾਲ ਮਿਲਣ ਆ ਜਾਂਦੇ ਸਨ। ਸੋ ਇਸ ਫ਼ੋਟੋ ‘ਚ ਸ਼ਾਇਦ ਬਰਾੜ ਸਾਹਬ ਆਪਣੇ ਬਹੁਤ ਸਾਰੇ ਨੇੜਲਿਆਂ ਨੂੰ ਹੀ ਉਲਾਂਭਾ ਦੇ ਰਹੇ ਲਗਦੇ ਨੇ ਕਿ ਜਦੋਂ ਨਿੰਦਰ ਘੁਗਿਆਣਵੀ ਫ਼ੇਸ ਬੁੱਕ ‘ਤੇ ਮੇਰੇ ਬਾਰੇ ਪੋਸਟਾਂ ਲਿਖ ਲਿਖ ਪਾਉਂਦਾ ਸੀ, ਅਤੇ ਤੁਸੀਂ ਉਹਦੀ ਬੜੀ ਬੱਲੇ ਬੱਲੇ ਕਰਦੇ ਸੀ ਅਤੇ ਕੌਮੈਂਟ ਲਿਖਦੇ ਨਹੀਂ ਸੀ ਥਕਦੇ ਅਤੇ ਹੁਣ ਜਦ ਮੇਰੇ ਬਾਬਤ ਕਿਤਾਬ ਛਪੀ ਨੂੰ ਲਗਭਗ 20 ਦਿਨ ਹੋ ਗਏ ਆ, ਕਿਤਾਬ ਛਾਪਣ ਵਾਲੀ ਸਟੂਡੈਂਟ ਕੁੜੀ ਪ੍ਰੀਤੀ ਸ਼ੈਲੀ ਤੋਂ ਸਿਰਫ਼ 20 ਜਣਿਆਂ ਨੇ ਹੀ ਉਹ ਕਿਤਾਬ ਮੰਗਵਾਈ ਹੈ ਡਾਕ ਰਾਹੀਂ, ਅਤੇ ਬਸ? ਬਰਾੜ ਸਾਹਬ ਇਹ ਆਖ ਰਹੇ ਜਾਪਦੇ ਨੇ ਕਿ ਮੇਰੇ ਵਰਕਰ ਅਤੇ ਚਹੇਤੇ ਸਿਰਫ਼ 20 ਜਣੇ ਹੀ ਸਨ, ਬਾਕੀ ਕਿਥੇ ਗਏ? ਬਰਾੜ ਸਾਹਬ ਇਹ ਵੀ ਆਖ ਰਹੇ ਲਗਦੇ ਨੇ ਕਿ ਮੈਂ ਸਿੱਖਿਆ ਮੰਤਰੀ ਹੁੰਦਿਆਂ ਇੱਕ-ਇੱਕ ਘਰ ਦੇ, ਦੋ-ਦੋ ਤਿੰਨ-ਤਿੰਨ ਜੀਆਂ ਨੂੰ ਟੀਚਰ ਭਰਤੀ ਕੀਤਾ, ਕਿਸੇ ਤੋਂ ਚਾਹ ਦਾ ਕੱਪ ਤਕ ਨਹੀਂ ਪੀਤਾ, ਅਤੇ ਘਰਾਂ ਚੋਂ ਸੱਦ ਕੇ ਕੀਤੇ ਸਨ ਭਰਤੀ, ਕੀ ਹੁਣ ਉਹ ਮੇਰੀ ਸੌ ਰੁਪੱਈਆ ਵੀ (ਕਿਤਾਬ ਦਾ ਮੁੱਲ) ਕਦਰ ਨੀ ਪਾ ਸਕੇ? ਹੱਦ ਹੋਗੀ ਯਾਰੋ! ਬੰਦੇ ਦਾ ਇਹੋ ਮੁੱਲ ਐ ਏਥੇ?
ਮੈਂ ਬਰਾੜ ਸਾਹਬ ਨੂੰ ਆਖਦਾ ਹਾਂ ਕਿ ਚਾਚਾ ਜੀ, ਏਥੇ ਬੰਦੇ ਨੂੰ ਬੰਦਾ ਨੀ ਪੜ੍ਹ ਰਿਹਾ, ਕਿਤਾਬ ਕੀਹਨੇ ਪੜ੍ਹਨੀ ਐ ਏਥੇ? ਆਪ ਜੀ ਗੁੱਸੇ ਨਾ ਹੋਵੋ ਚਾਚਾ ਜੀ, ਸੈੱਲਫ਼ਿਸ਼ ਹਨ ਲੋਕ ਅਤੇ ਮੁਫ਼ਤੋ ਮੁਫ਼ਤੀ ਕਿਤਾਬ ਭਾਲਦੇ ਨੇ ਅਤੇ ਹੁਣ ਬੱਬੂ ਵਿਚਾਰਾ’ ਕੀਹਨੂੰ ਕੀਹਨੂੰ ਮੁਫ਼ਤੀ ਵੰਡੀ ਜਾਵੇ ਕਿਤਾਬ ਥੋਡੀ? ਫ਼ੇਸਬੁੱਕ ‘ਤੇ ਸੈਂਕੜੇ ਕੌਮੈਂਟ ਲਿਖਣ ਵਾਲੇ ਹੁਣ ਕਿੱਧਰ ਛਪਣਛੋਤ ਹੋ ਗਏ ਨੇ? ਲਓ, ਛਪਵਾ ਲਓ ਕਿਤਾਬ ਬਰਾੜ ਸਾਹਬ ਦੀਆਂ ਯਾਦਾਂ ਦੀ ਅਤੇ ਕਿੱਕੀ ਢਿਲੋਂ, ਬੰਟੀ ਰੋਮਾਣੇ ਅਤੇ ਗੁਰਦਿੱਤ ਸੇਖੋਂ ਵਰਗੇ ਵੀ ਸ਼ਾਇਦ ਸਬਕ ਲੈ ਲੈਣ? ਕਰਲੋ ਸ਼ਰਧਾਂਜਲੀਆਂ ਭੇਂਟ ਯਾਰੋ। ਕਰ ਲੋ ਅਭੁੱਲ ਯਾਦਾਂ ਸਾਂਝੀਆਂ? ਬਰਾੜ ਸਾਹਬ ਦੇ ਚਹੇਤਿਓ, ਪ੍ਰਸ਼ੰਸਕੋ, ਵੋਟਰੋ ਅਤੇ ਸਪੋਟਰੋ ਜਿਊਂਦੇ ਰਹੋ। ਮੈਂ ਕਿਤਾਬ ਲਿਖਤੀ ਅਤੇ ਛੱਪ ਵੀ ਗਈ। ਸੱਚ ਜਾਣਿਓਂ, ਸ਼ਰੀਰ ਸੜ ਜਾਏਗਾ ਪਰ ਸ਼ਬਦ ਦੀ ਤਾਕਤ ਨੂੰ ਕੋਈ ਨਹੀ ਸਾੜ ਸਕੇਗਾ, ਸ਼ਬਦ ਹਮੇਸ਼ਾ ਜ਼ਿੰਦਾ ਰਿਹਾ ਹੈ ਅਤੇ ਰਹੇਗਾ।
ਪ੍ਰੀਤੀ ਸ਼ੈਲੀ ਜੀ, (9115872450) ਕੋਈ ਨਾ, ਗੁੱਸਾ ਨਾ ਕਰੋ, ਇਹ ਸਭ ਕਿਤਾਬਾਂ ਆਪ ਜੀ ਮੋਮਜਾਮੇ ਦੇ ਤਰਪਾਲ ‘ਚ ਲਪੇਟ ਕੇ ਘਰ ਦੀ ਕਿਸੇ ਨੁੱਕਰ ‘ਚ ਰੱਖ ਦਿਓ, ਸ਼ਾਇਦ ਮੀਂਹ ਕਣੀ ‘ਚ ਭਿੱਜਣੋਂ ਬਚੀਆਂ ਰਹਿਣਗੀਆਂ ਕਿਉਂਕ ਬਰਸਾਤ ਦੇ ਦਿਨ ਚੱਲ ਰਹੇ ਨੇ। ਬਰਾੜ ਸਾਹਬ, ਪਲੀਜ਼, ਗੁੱਸੇ ਨਾ ਹੋਵੋ, ਆਪ ਦੀ ਕਿਤਾਬ ਉਵੇਂ ਹੀ ਪੜ੍ਹੀ ਜਾਏਗੀ ਜਿਵੇਂ ਜੱਜ ਦਾ ਅਰਦਲੀ ਪੜ੍ਹੀ ਗਈ ਐ। ਖੈਰ ਕਰੇ ਖ਼ੁਦਾ!
ਫ਼ੋਨ: 9115872450