ਸਾਨੂੰ ਇਸ ਧਰਤੀ ‘ਤੇ ਕੇਵਲ ਕੌਰਨ ਫ਼ਲੇਕਸ ਖਾਣ ਲਈ ਨਹੀਂ ਸੀ ਭੇਜਿਆ ਗਿਆ। ਜਿਹੜੀਆਂ ਕੰਪਨੀਆਂ ਇਸ ਖ਼ਾਸ ਸੀਰੀਅਲ ਦੀ ਮਾਰਕਿਟਿੰਗ ਕਰਦੀਆਂ ਹਨ ਉਹ ਤਾਂ ਚਾਹੁਣਗੀਆਂ ਕਿ ਅਸੀਂ ਇਹੀ ਮੰਨ ਕੇ ਚੱਲੀਏ, ਪਰ ਉਸ ਕੁਰਕੁਰੇ ਸੀਰੀਅਲ ਦੀ ਭਰੀ ਹੋਈ ਕੌਲੀ ਨੂੰ ਤੁਸੀਂ ਬੇਸ਼ੱਕ ਜਿੰਨਾ ਮਰਜ਼ੀ ਪਸੰਦ ਕਿਉਂ ਨਾ ਕਰਦੇ ਹੋਵੋ, ਉਸ ਵਿੱਚ ਕਿਸੇ ਕਿਸਮ ਦੀ ਕੋਈ ਸੱਚੀ ਖ਼ੁਸ਼ੀ ਨਹੀਂ ਲੁਕੀ ਹੋਈ। ਇਹ ਦੇਖਣ ਲਈ ਕਿ ਆਨੰਦ ਦਾ ਅਸਲੀ ਸ੍ਰੋਤ ਕਿੱਥੇ ਪਿਐ, ਸਾਨੂੰ ਆਪਣਾ ਇੱਕ ਕਦਮ ਪਿੱਛਾਂਹ ਖਿੱਚ ਕੇ ਮਨੁੱਖੀ ਹੋਂਦ ਦੀ ਕਦਰ ਕਰਨ ਦੀ ਆਪਣੀ ਕਾਬਲੀਅਤ ਨੂੰ ਕਬੂਲ ਕਰਨਾ ਪੈਂਦੈ। ਤੁਹਾਨੂੰ ਲੋੜੀਂਦੀ ਖ਼ੁਸ਼ੀ ਹਾਸਿਲ ਹੋ ਸਕਦੀ ਹੈ ਬਸ਼ਰਤੇ ਤੁਸੀਂ ਸ਼ੀਸ਼ੇ ਅਤੇ ਰੌਸ਼ਨੀ ਦੇ ਮੂਲ ਸ੍ਰੋਤ ਵਿਚਲਾ ਫ਼ਰਕ ਸਮਝ ਸਕਦੇ ਹੋਵੋ। ਮੈਂ ਇੱਥੇ ਤੁਹਾਨੂੰ ਇੱਕ ਹਿੰਟ ਦੇਣ ਜਾ ਰਿਹਾਂ! ਰੌਸ਼ਨੀ ਤੁਹਾਡੇ ਖ਼ੁਦ ਦੇ ਅੰਦਰ ਹੀ ਹੈ।
ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਤੁਸੀਂ ਕਰ ਸਕਦੇ ਹੋ, ਅਤੇ ਕੁਝ ਤੁਸੀਂ ਨਹੀਂ ਵੀ ਕਰ ਸਕਦੇ। ਸ਼ਾਇਦ ਤੁਸੀਂ ਆਪਣੇ ਦਿਮਾਗ਼ ‘ਚ ਉਨ੍ਹਾਂ ਦੀ ਇੱਕ ਪੂਰੀ ਸੂਚੀ ਵੀ ਤਿਆਰ ਕੀਤੀ ਹੋਈ ਹੈ। ਪਰ ਬਹੁਤੀਆਂ ਚੀਜ਼ਾਂ ਇੱਕ ਤੀਸਰੀ ਸ਼੍ਰੇਣੀ ‘ਚ ਆਉਂਦੀਆਂ ਹਨ ਅਤੇ ਇਹ ਠੀਕ ਵੀ ਹੈ: ਉਹ ਚੀਜ਼ਾਂ ਜਿਹੜੀਆਂ ਤੁਸੀਂ ਸ਼ਾਇਦ ਕਰ ਸਕੋ ਅਤੇ ਸ਼ਾਇਦ ਨਾ ਕਰ ਸਕੋ। ਇਹ ਤਾਂ ਜਦੋਂ ਅਸੀਂ ਸੱਚਮੁੱਚ ਉਨ੍ਹਾਂ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਪਤਾ ਚੱਲਦੈ ਕਿ ਅਸੀਂ ਅਸਲ ‘ਚ ਕੀ ਕਰਨ ਦੇ ਕਾਬਿਲ ਹਾਂ। ਬਾਕੀ ਦਾ ਸਮਾਂ, ਅਸੀਂ ਕੇਵਲ ਅਟਕਲਾਂ ਹੀ ਲਗਾ ਰਹੇ ਹੁੰਦੇ ਹਾਂ। ਹਾਲੀਆਂ ਘਟਨਾਵਾਂ ਨੇ ਤੁਹਾਨੂੰ ਇਹ ਅਹਿਸਾਸ ਕਰਵਾਇਐ ਕਿ ਤੁਹਾਡੇ ਰਾਹ ‘ਚ ਇੱਕ ਅਜਿਹੀ ਰੁਕਾਵਟ ਹੈ ਜਿਸ ਨੂੰ ਤੁਸੀਂ ਦੂਰ ਨਹੀਂ ਕਰ ਸਕਦੇ। ਪਰ ਇਸ ਕਾਰਨ ਆਪਣੇ ਉਸ ਖ਼ਿਆਲ ਨੂੰ ਨਾ ਤਿਆਗੋ ਜਿਸ ਨੂੰ ਅਮਲ ‘ਚ ਲਿਆਉਣਾ ਇਸ ਵਕਤ ਬਿਲਕੁਲ ਮੁਮਕਿਨ ਹੈ।
ਤੁਸੀਂ ਕੀ ਬਣਨਾ ਚਾਹੁੰਦੇ ਹੋ? ਖ਼ੁਦ ਦਾ ਸਭ ਤੋਂ ਵੱਡਾ ਦੁਸ਼ਮਣ ਜਾਂ ਆਪਣਾ ਸੱਚਾ ਦੋਸਤ? ਤੁਹਾਡੇ ਵਿੱਚ ਦੋਹਾਂ ‘ਚੋਂ ਕੁਝ ਵੀ ਬਣਨ ਦੀ ਸੰਭਾਵਨਾ ਮੌਜੂਦ ਹੈ। ਤੁਸੀਂ ਦਰਅਸਲ ਇੱਕੋ ਸਮੇਂ ਦੋਹੇਂ ਵੀ ਬਣ ਸਕਦੇ ਹੋ! ਪਰ ਤੁਹਾਨੂੰ ਘੱਟੋਘੱਟ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਖ਼ੁਦ ਨਾਲ ਸੱਚਮੁੱਚ ਕੀ ਰਿਸ਼ਤਾ ਹੈ। ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਭਾਵੇਂ ਦੂਸਰੇ ਲੋਕਾਂ ਨਾਲ ਆਪਣੇ ਰਿਸ਼ਤਿਆਂ ਨੂੰ ਬਦਲਣਾ ਬਹੁਤ ਮੁਸ਼ਕਿਲ ਹੁੰਦੈ, ਆਪਣੇ-ਆਪ ਨਾਲ ਰਿਸ਼ਤੇ ‘ਚ ਤਬਦੀਲੀ ਲਿਆਉਣਾ ਬੇਹੱਦ ਸੌਖਾ ਹੈ। ਸਾਨੂੰ ਉਹ ਬਣਨ ਦਾ ਡਰਾਮਾ ਕਰਨ ਦੀ ਕੋਈ ਲੋੜ ਨਹੀਂ ਜੋ ਅਸਲ ‘ਚ ਅਸੀਂ ਨਹੀਂ। ਇਸ ਵਕਤ ਤੁਸੀਂ ਕੁਝ ਅੰਦਰੂਨੀ ਤਬਦੀਲੀਆਂ ‘ਚੋਂ ਗੁਜ਼ਰ ਰਹੇ ਹੋ, ਅਤੇ ਉਨ੍ਹਾਂ ਦੇ ਕੇਵਲ ਡੂੰਘੇ ਸਾਕਾਰਾਤਮਕ ਨਤੀਜੇ ਹੀ ਨਿਕਲ ਸਕਦੇ ਹਨ।
ਇਹ ਸੰਸਾਰ ਉਨ੍ਹਾਂ ਮਸਲਿਆਂ ਦੇ ਹੱਲਾਂ ਨਾਲ ਭਰਿਆ ਪਿਐ ਜਿਹੜੇ ਹਾਲੇ ਹੌਂਦ ‘ਚ ਵੀ ਨਹੀਂ। ਇੰਸੋਰੈਂਸ ਕੰਪਨੀਆਂ ਅਜਿਹੀਆਂ ਚੀਜ਼ਾਂ ਦੇ ਆਸਰੇ ਹੀ ਤਾਂ ਚੱਲਦੀਆਂ ਹਨ।”ਜੀ, ਹਾਂ, ”ਇੰਸ਼ੋਰੈਂਸ ਵੇਚਣ ਵਾਲੇ ਏਜੰਟ ਕਹਿੰਦੇ ਨੇ, ”ਪਰ ਜੇ ਫ਼ਲਾਣੀ ਜਾਂ ਢਿਮਕਾਣੀ ਦੁਰਘਟਨਾ ਵਾਪਰ ਗਈ ਤਾਂ ਤੁਸੀਂ ਕੀ ਕਰੋਗੇ? ਭਵਿੱਖ ਸੁਰਖਿਅਤ ਕਰਨ ਲਈ ਇੰਸ਼ੋਰੈਂਸ ਕਰਾਉਣਾ ਬਹੁਤ ਜ਼ਰੂਰੀ ਹੈ, ਤੁਹਾਡੇ ਲਈ।”ਵਕੀਲ ਜਦੋਂ ਆਪਣੇ ਗਾਹਕਾਂ ਨੂੰ ਕਾਲਪਨਿਕ ਭਵਿੱਖ ‘ਚ ਸਾਹਮਣੇ ਆ ਸਕਣ ਵਾਲੀਆਂ ਸੰਭਾਵੀ ਮੁਸ਼ਕਿਲਾਂ ਤੋਂ ਬਚਾਉਣ ਦੀ ਗੱਲ ਕਰਦੇ ਨੇ ਤਾਂ ਉਹ ਵੀ ਅਜਿਹੇ ਹਰਬੇ ਹੀ ਵਰਤਦੇ ਹਨ। ਤੁਹਾਨੂੰ ਕਿਹੜੀ ਗੱਲ ਦੀ ਚਿੰਤਾ ਹੈ? ਉਸ ਦੇ ਵਾਪਰਣ ਦੀ ਕਿੰਨੀ ਕੁ ਸੰਭਾਵਨਾ ਹੈ? ਆਪਣੀ ਕਲਪਨਾ ਨੂੰ ਵਧੇਰੇ ਸਿਰਜਣਾਤਮਕ ਬਣਾਓ। ਉਸ ਸਵਾਲ ਦਾ ਜਵਾਬ ਲੱਭੋ ਜਿਹੜਾ ਇਸ ਵਕਤ ਇਸ ਜਗ੍ਹਾ ‘ਤੇ ਸਾਰਥਕ ਹੈ। ਅਤੇ ਫ਼ਿਰ ਪ੍ਰੇਰਨਾ ਨਾਲ ਆਪਣੇ ਡਰ ਨੂੰ ਆਪਣੇ ਦਿਲ ‘ਚੋਂ ਬਾਹਰ ਕੱਢੋ।
ਸਾਹਸ ਭਰੀਆਂ ਕਈ ਕਹਾਣੀਆਂ ਲਈ ਬਹੁਤ ਸਾਵਧਾਨੀ ਨਾਲ ਯੋਜਨਾ ਅਤੇ ਪਲੌਟ ਤਿਆਰ ਕਰਨੇ ਪੈਂਦੇ ਹਨ। ਦੂਸਰੀਆਂ ਕਹਾਣੀਆਂ ਖ਼ੁਦ ਹੀ ਆਪਣੇ ਆਪ ਨੂੰ ਲਿਖਵਾ ਜਾਂਦੀਆਂ ਹਨ। ਜੇਕਰ ਕਹਾਣੀ ਸਬੰਧੀ ਚੰਗੀ ਤਰ੍ਹਾਂ ਖੋਜ ਕੀਤੀ ਗਈ ਹੋੇਵੇ, ਜੇਕਰ ਕਹਾਣੀ ‘ਚ ਵੱਖੋ-ਵੱਖਰੇ ਅਤੇ ਰੰਗ-ਬਿਰੰਗੇ ਕਿਰਦਾਰ ਹੋਣ, ਅਤੇ ਜਿਹੜੇ ਸਥਾਨਾਂ ‘ਤੇ ਉਹ ਕਹਾਣੀ ਘੁੰਮਦੀ ਹੈ, ਜੇ ਉਹ ਦਿਲਚਸਪ ਹੋਣ ਤਾਂ ਸਮਝ ਲਓ ਕਿ ਤੁਹਾਡੇ ਕੋਲ ਇੱਕ ਚੰਗਾ ਨਾਵਲ ਲਿਖਣ ਲਈ ਸਮੱਗਰੀ ਮੌਜੂਦ ਹੈ … ਜਾਂ, ਇੰਝ ਕਹਿ ਲਓ ਕਿ ਤੁਹਾਡੇ ਕੋਲ ਇੱਕ ਅਜਿਹਾ ਵੱਡਾ ਅਤੇ ਚੰਗਾ ਫ਼ੈਸਲਾ ਲੈਣ ਦੀ ਕਾਬਲੀਅਤ ਹੈ ਜਿਹੜਾ ਤੁਸੀਂ ਪੂਰੇ ਯਕੀਨ ਨਾਲ ਲੈ ਸਕਦੇ ਹੋ। ਤੁਹਾਨੂੰ ਹੁਣੇ ਹੀ ਕਹਾਣੀ ਦਾ ਸਾਰਾ ਵਿਸਥਾਰ ਜਾਣਨ ਦੀ ਲੋੜ ਨਹੀਂ। ਕੇਵਲ ਇੰਨਾ ਭਰੋਸਾ ਰੱਖਣਾ ਜ਼ਰੂਰੀ ਹੈ ਕਿ ਤੁਸੀਂ ਇੱਕ ਨਵੀਂ ਭਾਵਨਾਤਮਕ ਖੋਜ ਸ਼ੁਰੂ ਕਰਨ ਵਾਲੇ ਹੋ ਜਿਸ ਦਾ ਵਿਸਥਾਰ ਖ਼ੁਦ-ਬ-ਖ਼ੁਦ ਆਪਣਾ ਖ਼ਿਆਲ ਰੱਖ ਲਵੇਗਾ … ਅਤੇ ਉਹ ਵੀ ਬਹੁਤ ਖ਼ੁਸ਼ੀ ਨਾਲ।














