ਚੰਡੀਗੜ੍ਹ : ਪੰਜਾਬ ਦੀ ਸਿਆਸਤ ‘ਚ ਇੱਕ ਵਾਰ ਫਿਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਭਾਵੀ ਗਠਜੋੜ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਕੀ 2020 ‘ਚ ਟੁੱਟਿਆ 24 ਸਾਲ ਪੁਰਾਣਾ ਸਿਆਸੀ ਰਿਸ਼ਤਾ ਮੁੜ ਜੁੜਨ ਜਾ ਰਿਹਾ ਹੈ? ਕੀ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਦੋਵੇਂ ਪੁਰਾਣੇ ਭਾਈਵਾਲ ਇੱਕੋ ਮੰਚ ਤੋਂ ਚੋਣ ਮੈਦਾਨ ‘ਚ ਨਜ਼ਰ ਆਉਣਗੇ? ਇਹ ਸਵਾਲ ਇਨ੍ਹੀਂ ਦਿਨੀਂ ਪੰਜਾਬ ਦੇ ਸਿਆਸੀ ਗਲਿਆਰਿਆਂ ‘ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸੂਤਰਾਂ ਦੇ ਹਵਾਲੇ ਨਾਲ ਗਠਜੋੜ ਦੀ ਗੱਲਬਾਤ ਅੰਤਿਮ ਪੜਾਅ ‘ਚ ਹੋਣ ਅਤੇ ਅਗਲੇ ਹਫ਼ਤੇ ਇਸ ਸਬੰਧੀ ਐਲਾਨ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਹਾਲਾਂਕਿ ਦੋਵੇਂ ਪਾਰਟੀਆਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 16 ਨਵੰਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਪੰਜਾਬ ਪਹੁੰਚਾਓ ਯਾਤਰਾ ਮੁਲਤਵੀ ਹੋਣ ਨੂੰ ਵੀ ਇਨ੍ਹਾਂ ਸਿਆਸੀ ਚਰਚਾਵਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ‘ਚ ਸਵਾਲ ਉੱਠ ਰਿਹਾ ਹੈ ਕਿ ਕੀ ਯਾਤਰਾ ਮੁਲਤਵੀ ਕਰਨ ਪਿੱਛੇ ਗਠਜੋੜ ਸਬੰਧੀ ਚੱਲ ਰਹੀ ਗੱਲਬਾਤ ਕੋਈ ਕਾਰਨ ਹੈ ਜਾਂ ਇਸ ਪਿੱਛੇ ਕੋਈ ਹੋਰ ਸਿਆਸੀ ਰਣਨੀਤੀ ਹੈ? ਅਕਾਲੀ ਦਲ ਅਤੇ ਭਾਜਪਾ ਦੇ ਮੁੜ ਇਕੱਠੇ ਹੋਣ ਦੀਆਂ ਚਰਚਾਵਾਂ ਨੂੰ ਹਵਾ ਦੋਵਾਂ ਪਾਰਟੀਆਂ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਤੋਂ ਵੀ ਮਿਲ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ‘ਚ ਐੱਨ. ਡੀ. ਏ. ਦੀ ਸਰਕਾਰ ਬਣਾਉਣ ਸਬੰਧੀ ਪ੍ਰਗਟਾਈ ਗਈ ਇੱਛਾ ਨੂੰ ਵੀ ਇਸੇ ਸੰਦਰਭ ‘ਚ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਜਿਹੜੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਪ੍ਰੋਗਰਾਮ ਨਾਲ ਸਹਿਮਤ ਹਨ, ਉਨ੍ਹਾਂ ਲਈ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ। ਇਨ੍ਹਾਂ ਬਿਆਨਾਂ ਤੋਂ ਬਾਅਦ ਗਠਜੋੜ ਦੀ ਸੰਭਾਵਨਾ ਬਾਰੇ ਸਿਆਸੀ ਚਰਚਾ ਹੋਰ ਤੇਜ਼ ਹੋਈ ਹੈ।
ਮੋਦੀ ਨਾਲ ਮੁਲਾਕਾਤਾਂ ਅਤੇ ਦਿੱਲੀ ‘ਚ ਵਧੀਆਂ ਸਿਆਸੀ ਸਰਗਰਮੀਆਂ
ਜੇਕਰ ਪਿਛਲੇ ਕੁੱਝ ਮਹੀਨਿਆਂ ਦੇ ਘਟਨਾਕ੍ਰਮ ‘ਤੇ ਨਜ਼ਰ ਮਾਰੀ ਜਾਵੇ ਤਾਂ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਵਿਚਕਾਰ ਹੋਈਆਂ ਮੁਲਾਕਾਤਾਂ ਵੀ ਕਾਫ਼ੀ ਅਹਿਮ ਮੰਨੀਆਂ ਜਾ ਰਹੀਆਂ ਹਨ। 7 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਪੰਜਾਬ ਭਾਜਪਾ ਦੇ ਆਗੂਆਂ ਦੀਆਂ ਕੇਂਦਰੀ ਲੀਡਰਸ਼ਿਪ ਨਾਲ ਮੀਟਿੰਗਾਂ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਦੀ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤਾਂ ਨੇ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਚਰਚਾ ‘ਚ ਰੱਖਿਆ। 28 ਅਗਸਤ ਨੂੰ ਭਾਜਪਾ ਦੇ ਸੀਨੀਅਰ ਆਗੂ ਸੀ. ਆਰ. ਪਾਟਿਲ ਦੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। ਉੱਧਰ ਪੰਜਾਬ ਭਾਜਪਾ ਦੇ ਕਈ ਆਗੂ ਪਹਿਲਾਂ ਵੀ ਅਕਾਲੀ ਦਲ ਨਾਲ ਮੁੜ ਸਾਂਝ ਪਾਉਣ ਦੇ ਹੱਕ ‘ਚ ਆਪਣੀ ਰਾਏ ਰੱਖਦੇ ਰਹੇ ਹਨ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਗਠਜੋੜ ਦੇ ਸਵਾਲ ‘ਤੇ ਕਿਹਾ ਹੈ ਕਿ ਇਸ ਸਬੰਧੀ ਅੰਤਿਮ ਫ਼ੈਸਲਾ ਪਾਰਟੀ ਦੀ ਹਾਈਕਮਾਨ ਨੇ ਲੈਣਾ ਹੈ।
ਗਠਜੋੜ ਹੋਇਆ ਤਾਂ ਸੀਟਾਂ ਦੀ ਵੰਡ ਸਭ ਤੋਂ ਵੱਡਾ ਸਵਾਲ
ਹੁਣ ਜੇਕਰ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗਠਜੋੜ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਅਤੇ ਅਹਿਮ ਸਵਾਲ 117 ਵਿਧਾਨ ਸਭਾ ਸੀਟਾਂ ਦੀ ਵੰਡ ਦਾ ਹੋਵੇਗਾ। ਪੁਰਾਣੇ ਫਾਰਮੂਲੇ ਅਨੁਸਾਰ ਅਕਾਲੀ ਦਲ 94 ਅਤੇ ਭਾਜਪਾ 23 ਸੀਟਾਂ ‘ਤੇ ਚੋਣ ਲੜਦੀ ਸੀ ਪਰ ਹੁਣ ਸਿਆਸੀ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ। ਭਾਜਪਾ ਪੰਜਾਬ ‘ਚ ਆਪਣਾ ਸਿਆਸੀ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਇਹ ਸੰਭਵ ਹੈ ਕਿ ਪਾਰਟੀ ਪੁਰਾਣੇ 23 ਸੀਟਾਂ ਵਾਲੇ ਫਾਰਮੂਲੇ ‘ਤੇ ਸਹਿਮਤ ਨਾ ਹੋਵੇ। ਦੂਜੇ ਪਾਸੇ ਅਕਾਲੀ ਦਲ ਵੀ ਪੰਜਾਬ ‘ਚ ਆਪਣੀ ਰਵਾਇਤੀ ਸਿਆਸੀ ਪਛਾਣ ਅਤੇ ਪ੍ਰਭਾਵ ਨੂੰ ਧਿਆਨ ‘ਚ ਰੱਖਦਿਆਂ ਸੀਟਾਂ ਦੀ ਵੰਡ ਕਰਨਾ ਚਾਹੇਗਾ। ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਸੀ ਕਿ ਭਾਜਪਾ ਨੂੰ 45 ਤੋਂ 50 ਸੀਟਾਂ ਦੇਣ ਬਾਰੇ ਚਰਚਾ ਹੋ ਸਕਦੀ ਹੈ ਪਰ ਇਹ ਕੋਈ ਅਧਿਕਾਰਤ ਸੀਟ ਵੰਡ ਦਾ ਫ਼ਾਰਮੂਲਾ ਨਹੀਂ ਹੈ। ਭਾਜਪਾ ਵੱਲੋਂ ਸਾਰੀਆਂ 117 ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ ਦੀ ਗੱਲ ਵੀ ਪਹਿਲਾਂ ਸਾਹਮਣੇ ਆ ਚੁੱਕੀ ਹੈ। ਇਸ ਲਈ ਅਸਲ ਸਮਝੌਤਾ ਕਿਸ ਆਧਾਰ ‘ਤੇ ਹੋਵੇਗਾ, ਇਹ ਦੇਖਣਾ ਦਿਲਚਸਪ ਰਹੇਗਾ।
ਕੀ ਸੁਖਬੀਰ ਬਾਦਲ ਹੋਣਗੇ ਮੁੱਖ ਮੰਤਰੀ ਦਾ ਚਿਹਰਾ?
ਗਠਜੋੜ ਦੀ ਚਰਚਾ ਦੇ ਨਾਲ ਹੀ ਦੂਜਾ ਵੱਡਾ ਸਵਾਲ ਇਹ ਹੈ ਕਿ ਜੇਕਰ ਦੋਵੇਂ ਪਾਰਟੀਆਂ ਇਕੱਠੀਆਂ ਚੋਣ ਲੜਦੀਆਂ ਹਨ ਤਾਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ? ਕੀ ਭਾਜਪਾ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਸਵੀਕਾਰ ਕਰੇਗੀ? ਕੀ ਦੋਵੇਂ ਪਾਰਟੀਆਂ ਚੋਣਾਂ ਤੋਂ ਪਹਿਲਾਂ ਹੀ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਕਰਨਗੀਆਂ ਜਾਂ ਫਿਰ ਚੋਣ ਨਤੀਜਿਆਂ ਤੋਂ ਬਾਅਦ ਵਿਧਾਇਕਾਂ ਦੀ ਗਿਣਤੀ ਅਤੇ ਸਿਆਸੀ ਸਹਿਮਤੀ ਦੇ ਆਧਾਰ ‘ਤੇ ਫ਼ੈਸਲਾ ਹੋਵੇਗਾ? ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਗਠਜੋੜ ਦੀਆਂ ਸ਼ਰਤਾਂ ਵਿੱਚੋਂ ਹੀ ਸਾਹਮਣੇ ਆਉਣਗੇ। ਇਸ ਤੋਂ ਇਲਾਵਾ ਸਰਕਾਰ ਬਣਨ ਦੀ ਸੂਰਤ ‘ਚ ਮੰਤਰੀ ਮੰਡਲ ਵਿੱਚ ਦੋਵਾਂ ਪਾਰਟੀਆਂ ਦੀ ਭੂਮਿਕਾ ਅਤੇ ਅਹਿਮ ਅਹੁਦਿਆਂ ਦੀ ਵੰਡ ਵੀ ਸਮਝੌਤੇ ਦਾ ਹਿੱਸਾ ਬਣ ਸਕਦੀ ਹੈ।















