ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਮਾਨਸੇ ਇਲਾਕੇ ‘ਚ ਅਕਾਲੀ ਦਲ ਦੇ ਪੰਜ ਵਾਰੀ MLA ਬਣੇ ਸੀ ਬਲਦੇਵ ਸਿੰਘ ਖਿਆਲਾ, ਗੁਰਪ੍ਰੀਤ ਬਣਾ ਵਾਲੀ ਬਾਰ੍ਹਵੀਂ ‘ਚ ਪੜਦਾ ਸੀ ਤੇ ਉਹਨਾਂ ਸਾਹਮਣੇ ਉਹ ਇੱਕ ਸਿਆਸੀ ਸਟੇਜ ਉਤੇ ਬੋਲਿਆ, ਉਨਾਂ ਨੂੰ ਚੰਗਾ ਲੱਗਿਆ, ਪਾਸੇ ਕਰ ਕੇ ਕਹਿੰਦੇ ਕਿ ਕਾਕਾ, ਕੀ ਤੂੰ ਏਸੇ ਫ਼ੀਲਡ ‘ਚ ਆਉਣਾ ਐ? ਉਹਨੇ ਕਿਹਾ ਕਿਹਾ ਕਿ ਅੰਕਲ ਜੀ, ਬਿਲਕੁਲ ਜੀ, ਪੱਕਾ ਆਉਣਾ ਐ ਜੀ, ਮੈਨੂੰ ਸ਼ੌਕ ਐ ਸਿਆਸਤ ਦਾ, ਅਤੇ ਉਹ ਕਹਿੰਦੇ, ਕਾਕਾ, ਸਿਆਸਤ ‘ਚ ਨੱਬੇ ਪ੍ਰਤੀਸ਼ਤ ਫ਼ੇਲ੍ਹ ਹੁੰਦੇ ਨੇ ਅਤੇ ਦਸ ਪ੍ਰਤੀਸ਼ਤ ਪਾਸ, ਇਹ ਸਿਆਸਤ ਰਾਮ ਗਊਆਂ ਦਾ ਵੱਗ ਆ, ਏਥੇ ਲੰਮੇ ਸਿੰਗਾਂ ਦੀ ਲੋੜ ਐ, ਤੁਰਦੇ ਵੱਗ ‘ਚੋਂ ਜੇ ਕੋਈ ਸੱਜਿਓਂ ਮਾਰੂ ਤਾਂ ਸੱਜਾ ਸਿੰਗ ਮਾਰੀਂ ਜੇ ਖੱਬਿਓਂ ਮਾਰੂ, ਤਾਂ ਖੱਬਾ ਸਿੰਗ ਮਾਰੀਂ, ਜੇ ਕੋਈ ਸਾਹਮਣਿਓਂ ਟੱਕਰੂ ਤਾਂ ਦੋਵੇਂ ਸਿੰਗ ਮਾਰੀਂ, ਬੇਟਾ ਫ਼ੇਰ ਕਾਮਯਾਬ ਰਹੇਂਗਾ ਤੂੰ ਤੇ ਫ਼ੇਰ ਥਾਂ ਮਿਲੂਗੀਾਂ ਬਾਰ੍ਹਵੀਂ ‘ਚ ਪੜਦੇ ਹੀ ਬਣਾ ਵਾਲੀ ਨੇ ਬੜੀ ਗੱਲ ਪੱਲੇ ਬੰਨ ਲਈ ਸੀ ਖਿਆਲਾ ਸਾਹਬ ਦੀਾਂ
****
ਬਣਾ ਵਾਲੀ ਨੂੰ ਮੈਂ ਆਖਿਆ ਕਿ ਆਪਣੀ ਕਹਾਣੀ ਸੁਣਾ ਇੱਕ ਵਾਢਿਓਂ ਉਹਨੇ ਕਣਕ ਦੀ ਪਾਤ ਵੱਢਣ ਵਾਂਗ ਗੱਲ ਵਿੱਢੀ, ”ਨਿੰਦਰ ਬਾਈ, ਮੈਂ 2002 ਵਿੱਚ ਅਕਾਲੀ ਦਲ ਦਾ ਯੂਥ ਦਾ ਜਿਲਾ ਪ੍ਰਧਾਨ ਬਣਿਆ, ਓਦੋਂ ਵਡੇ-ਵਡੇ ਅਕਾਲੀ ਅੰਦਰ ਤੁੰਨਤੇ ਸੀ ਕੈਪਟਨ ਨੇ, ਮੈਂ ਵਕਾਲਤ ਵੀ ਕਰਦਾ ਸੀ, ਕੇਸ ਲੜਨੇ ਸੀ, ਇਸੇ ਲਈ ਬਣਾਇਆ ਯੂਥ ਪ੍ਰਧਾਨ ਮੈਨੂੰ ਕਿ ਸਾਡੇ ਕੇਸ ਲੜੂਗਾ, ਭੂੰਦੜ ‘ਤੇ ਵੀ ਪਰਚਾ ਸੀ, ਲੰਗਾਹ, ਤੋਤਾ ਸਿੰਘ ਹੋਰ ਬਥੇਰੇ ਅੰਦਰ ਸਨ। ਮੈਂ ਆਪਣੇ ਸਮਰਥਕ ਮੁੰਡੇ ਲੈ ਕੇ ਹਰ ਥਾਂ ਧਰਨਿਆਂ ‘ਤੇ ਜਾਂਦਾ, ਬੜਾ ਪਿਟ ਸਿਆਪਾ ਕਰਦੇ ਕੈਪਟਨ ਦਾ। ਬਾਲਾਸਰ ਰੇਡ ਪਈ, ਮੈਂ ਉੱਥੇ ਆਬਦੇ ਮੁੰਡੇ ਲੈ ਗਿਆ, ਦਿੱਲੀ ਬਾਦਲਾਂ ਦਾ ਔਰਬਿਟ ਰੀਜ਼ੌਰਟ ਚੈੱਕ ਕਰਨ ਆਏ, ਅਸੀਂ ਜਾ ਘੇਰਿਆ, ਮੈਂ ਅਫ਼ਸਰਾਂ ਨਾਲ ਬਹਿਸ ਕੀਤੀ ਕਿ ਰੀਜ਼ੌਰਟ ਦੇ ਅੰਦਰ ਵੜਨ ਤੋਂ ਪਹਿਲਾਂ ਆਪ ਸਾਰੇ ਤਲਾਸ਼ੀ ਦਿਓ, ਕੀ ਪਤੈ ਕੀ ਲੈਜੋਂ ਨਾਲ ਅੰਦਰ? ਸ਼ਰਨਜੀਤ ਸਿੰਘ ਢਿਲੋਂ ਪੰਜਾਬ ਯੂਥ ਦਾ ਪ੍ਰਧਾਨ ਸੀ, ਉਹਨੇ ਹਿਦਾਇਤ ਕੀਤੀ ਕਿ ਜੈਪੁਰ ਰੋਡ ਬਲੌਕ ਕਰਦੋ। ਅਸੀਂ ਕਰਤਾ। ਗਰਮੀ ਦਾ ਦਿਨ ਤੇ ਪਿੱਛੇ ਮੱਚਣ ਸਭਦੇ। ਅਸੀਂ ਮਾਨਸੇ ਆਲੇ ਬੋਰੀਆਂ ਦੇ ਝੋਲਿਆਂ ਆਲੇ ਸੀ, ਸਭ ਨੇ ਹੇਠਾਂ ਝੋਲੇ ਦੇ ਲਏ। ਬਾਕੀ ਵੱਡੇ ਵੱਡੇ ਅਕਾਲੀ ਹੋਟਲਾਂ ‘ਚ ਠਹਿਰੇ ਵੇ, ਅਤੇ ਅਸੀਂ ਧਰਮਸ਼ਾਲਾ ‘ਚ ਭੁੰਜੇ ਦਰੀਆਂ ‘ਤੇ।
ਸੁਖਬੀਰ ਬਾਦਲ ਨੂੰ ਪਤਾ ਲੱਗਿਆ ਤਾਂ ਕਹਿੰਦਾ ਕਿ ਮਾਨਸੇ ਆਲੇ ਰਹਿਣ ਬਾਕੀ ਜਾਣ ਸਾਰੇ। ਸੁਖਬੀਰ ਦੀ ਚੰਗੀ ਨਿਗ੍ਹਾ ‘ਚ ਆ ਗਿਆ ਮੈਂ ਓਦਣ ਕਿ ਬਣਾ ਵਾਲੀ ਬੰਦਾ ਕੰਮ ਦਾ ਐ। ਇਓਂ ਸਿੱਧੀਆਂ ਤਾਰਾਂ ਜੁੜਗੀਆਂ। ਭੂੰਦੜ ਕੇ ਅੰਦਰੋਂ ਅੰਦਰੋਂ ਔਖੇ ਹੋਣ ਲਗਪੇ। ਮੈਂ ਕੰਮ ਕਰਦਾ ਰਿਹਾ ਤੇ ਬਾਦਲਾਂ ਨੂੰ ਮਿਲਦਾ ਗਿਲਦਾ ਰਿਹਾ। ਮੇਰੇ ਅਰਗੇ ਸੁਪਨੇ ਲੈਣ ਕਿ ਹੁਣ 2012 ਆ ਗਈ ਐ, ਕੁਛ ਚੰਗਾ ਹੋ ਸਕਦੈ। ਬਾਦਲ ਟਿਕਟ ਦੇਣ ਲੱਗੇ ਤੇ ਮੈਂ ਵੀ ਮੰਗ ‘ਲੀ ਮਾਨਸੇ ਤੋਂ। ਭੂੰਦੜ ਸੋਚੇ ਕਿ ਜੇ ਬਣਾ ਵਾਲੀ ਮਾਨਸੇ ਤੋਂ ਪਸਿਲੀ ਵਾਰੀ ਈ ਜਿੱਤ ਗਿਆ ਤਾਂ ਮੇਰੇ ਮੁੰਡੇ ਦਾ ਪੱਕਾ ਸਿਆਸੀ ਸ਼ਰੀਕ ਬਣਜੂ। ਦਿਲਰਾਜ ਭੂੰਦੜ ਪਹਿਲੀ ਵਾਰੀ ਲੜ ਰਿਹਾ ਸੀ ਸਰਦੂਲਗੜੋਂ। ਭੂੰਦੜ ਨੇ ਕਿਸੇ ਨੂੰ ਇਹ ਵੀ ਕਿਹਾ ਕਿ ਜੇ ਮੇਰਾ ਮੁੰਡਾ ਹਰ ਗਿਆ ਤੇ ਬਣਾ ਵਾਲੀ ਜਿੱਤ ਗਿਆ ਤਾਂ ਫ਼ੇਰ ਕੀ ਬਣੂੰ? ਏਹੋ ਈ ਆਲ ਨਾਲ ਹੋਊ ਫ਼ਿਰ ਤਾਂ। ਭੂੰਦੜ ਨੇ ਠੋਕ ਕੇ ਭਾਨੀ ਮਾਰੀ। ਲੁਧਿਆਣਿਓਂ ਪ੍ਰੇਮ ਮਿੱਤਲ ਲਿਆ ਖੜ੍ਹਾ ਕੀਤਾ, ਅਤੇ ਉਹ ਜਿੱਤ ਗਿਆ।
ਐਂ ਤਾਂ ਪਾਰਟੀ ਕਰ ਕੇ ਮਿੱਤਲ ਮਗਰ ਜ਼ੋਰ ਲਾਉਣਾ ਈ ਸੀ, ਅਤੇ ਦਿਲਰਾਜ ਪਿੱਛੇ ਵੀ ਜ਼ੋਰ ਲਾਉਣਾ ਕਿ ਜੇ ਏਹ ਅੱਗੇ ਵਧੂ ਫ਼ਿਰ ਈ ਮੇਰਾ ਕੁਛ ਬਣੂ? ਦਿਲਰਾਜ ਹਾਰ ਗਿਆ ਸਰਦੂਲਗੜੋਂ, ਚੇਤੰਨ ਸਿੰਘ ਸਮਾਓਂ ਜਿਤ ਗਿਆ ਬੁਢਲਾਢੇ ਤੋਂ। ਭੂੰਦੜ ਫ਼ਿਰ ਔਖਾ ਕਿ ਮੁੰਡਾ ਮੇਰਾ ਹਾਰ ਗਿਆ, ਮਿੱਤਲ ਅਤੇ ਸਮਾਓਂ ਜਿੱਤਗੇ। ਆਉਣ ਵਾਲੇ ਸਮੇਂ ‘ਚ ਮੁੰਡੇ ਦਾ ਕੀ ਬਣੂ? ਏਹ ਤਾਂ ਜਮਾਂ ਈ ਪਿਛਾਂਹ ਰਹਿ ਜਾਣਾ, ਭੂੰਦੜ ਮਿੱਤਲ ਤੇ ਸਮਾਓਂ ਦੀਆਂ ਵੀ ਲੱਤਾਂ ਖਿੱਚਣ ਲੱਗਿਆ। ਮੇਰਾ ਮਾਨਸੇ ਦੀਆਂ ਸਟੇਜਾਂ ‘ਤੇ ਚੜਨਾ ਬੋਲਣਾ ਬੰਦ, ਅਤੇ ਜੇ ਚੜਾਉਣਾ ਬੁਲਵਾਉਣਾ ਵੀ ਤਾਂ ਓਦੋਂ ਜਦੋਂ ਬਾਦਲ ਹਾਲੇ ਸਟੇਜ ‘ਤੇ ਆਉਣੇ ਹੋਣ ਜਾਂ ਉਠ ਕੇ ਚਲੇ ਗਏ ਹੋਣ, ਕੁਰਸੀ ਵੀ ਪਰੇ ਜਿਹੇ ਲਗਵਾਉਣੀ, ਮੈਂ 14 ਸਾਲ ਕੰਮ ਕਰੀ ਗਿਆ
***
ਗੁਰਪ੍ਰੀਤ ਬਣਾ ਵਾਲੀ ਦਾ ਸਿਆਸੀ ਕਿੱਸਾ ਬੜਾ ਰੋਚਕ ਸੀਾਂ ਇਕੋ ਸਾਹੇ ਸੁਣਾ ਰਿਹਾ ਸੀ ਅਤੇ ਚਾਹ ਵੀ ਠੰਢੀ ਹੋ ਗਈਾਂ ਉਸ ਗੱਲ ਅੱਗੇ ਤੋਰੀ, ”ਨਿੰਦਰ ਬਾਈ, 2014 ਦੀ ਪਾਰਲੀਮੈਂਟ ਚੋਣ ਆਗੀ, ਦੇਵਰ ਭਰਜਾਈ ਦੀ ਸਿਆਸੀ ਲੜਾਈ ਬਠਿੰਡਿਓਂ, ਮੈਂ ਹਰਸਿਮਰਤ ਬੀਬੀ ਜੀ ਦੇ ਨੌਂ ਹਲਕਿਆਂ ‘ਚ। ਮੂਹਰੇ ਮੂਹਰੇ, ਬੀਬੀ ਜੀ ਦੇ ਬੋਲਣ ਤੋਂ ਪਹਿਲਾਂ ਮੈਂ ਬੋਲਿਆ ਕਰਾਂ। ਬੀਬੀ ਜੀ ਖ਼ੁਸ਼ ਸੀ ਕਿ ਸਪੀਚ ਪ੍ਰਭਾਵਿਤ ਕਰਦੀ ਏਹਦੀ ਲੋਕਾਂ ਨੂੰ ਤੇ ਜਾਣ ਪਛਾਣ ਵੀ ਵੱਧ ਬਣਾਈ ਬੈਠਾ ਐ। ਮਨਪ੍ਰੀਤ ਬਾਦਲ ਆਪਣੀ ਸਪੀਚ ਹਰ ਥਾਂ ਆਖਿਆ ਕਰੇ ਕਿ ਗਾਂ ਗਾਰ ‘ਚ ਫ਼ਸਗੀ ਭਾਈ ਕੱਢ ਦਿਓ, ਓ ਲੋਕੋ। ਨਾ ਮੇਰਾ ਭਰਾ ਮੇਰਾ ਬਣਿਆ ਅਤੇ ਨਾ ਭਰਜਾਈ ਬਣੀ ਮੇਰੀ। ਗਊ ਗਾਰ ‘ਚ ਫ਼ਸਗੀ ਕੱਢ ਦੋ। ਇਸ ‘ਤੇ ਬਣਾ ਵਾਲੀ ਵਿਅੰਗ ਕੱਸਿਆ ਕਰ ਕਿ ਗਊ ਤਾਂ ਸੜਕੇ ਤੁਰੀ ਜਾਂਦੀ ਸੀ ਤੇ ਵਿਚਾਰੀ ਗਊ ਨੂੰ ਚੇਹਰਾ ਮੁਖ ਮੰਤਰੀ ਦਾ ਵਿਖਾਤਾ। ਗਊ ਨੇ ਗਾਰ ਤਾਂ ਵੇਖੀ ਹੀ ਨਹੀਂ, ਤੇ ਵਿਚਾਰੀ ਦੇ ਗਾਰ ਨਾਸਾਂ ਤੀਕ ਚੜਗੀ। ਗਊ ਨੂੰ ਤਾਂ ਲੋਕੋ ਓਦੋਂ ਈ ਪਤਾ ਲੱਗਾ ਜਦੋਂ ਪੇੜੇ ਦੇ ਸੁਆਦ ‘ਚ ਫ਼ਸਗੀ, ਨਿੰਦਰ ਬਾਈ, ਲੋਕ ਬੜੇ ਹੱਸਿਆ ਕਰਨ ਸੁਣ ਕੇ, ਮੈਂ ਭੂੰਦੜ ਦੇ ਉਲਟ ਤੇ ਰੁੱਸੇ ਹੋਏ ਬਾਗੀ ਬੰਦੇ ਬਾਦਲਾਂ ਨੂੰ ਰਾਤਾਂ ਨੂੰ ਲਿਜਾ ਲਿਜਾ ਕੇ ਮਿਲਾਉਣ ਲੱਗਿਆਂ।
ਬੀਬੀ ਜੀ ਅਤੇ ਸੁਖਬੀਰ ਨੂੰ ਅੰਦਰ ਖਾਤੇ ਮੇਰੇ ਮਿਲਣ ਮਿਲਾਉਣ ‘ਤੇ ਭੂੰਦੜ ਕੇ ਪੂਰੇ ਔਖੇ ਹੋਏ ਪਏ ਸੀ ਸੁਖਬੀਰ ਭੂੰਦੜ ਦੇ ਬੰਦਿਆਂ ਨੂੰ ਆਖਿਆ ਕਰੇ ਕਿ ਮੇਰੇ ਨਾਲ ਆੜਤ ਪਾ ਕੇ ਵੇਖੋ ਤੁਸੀਂ। ਅਗੋਂ ਵਰਕਰ ਆਖਿਆ ਕਰਨ ਕਿ ਬਾਦਲ ਜੀ, ਆੜਤ ਤੇਰੇ ਨਾਲ ਪਾਵਾਂਗੇ ਝੋਨੇ ਝੋਨੇ ਦੀ, ਤੇ ਅਗਾਂਹ ਕਣਕ ਨੂੰ ਗੱਲ ਨਾ ਕਰੀਂ ਸਾਡੇ ਨਾਲ। ਸੁਖਬੀਰ ਆਖਿਆ ਕਰੇ ਕਿ ਸਾਡਾ ਤਾਂ ਆਹ ਬੰਦਾ ਐ ਬਣਾ ਵਾਲੀ ਗੁਰਪ੍ਰੀਤ ਬਸ ਤੁਸੀਂ ਇਹਦੇ ਨਾਲ ਜਦੋਂ ਮਰਜ਼ੀ ਆਓ ਜਾਓ। ਬਾਈ ਜੀ, ਬੀਬੀ ਚੋਣ ਜਿੱਤਗੀ ਤੇ ਹੋਰ ਸਾਰੇ ਪਾਸੇ ਹਰੀ ਤੇ ਨੌਂ ਹਲਕਿਆਂ ‘ਚ ਵੋਟ ਵਧੀ। ਹੁਣ ਭੂੰਦੜ ਕੇ ਔਖੇ ਕਿ ਸਾਡੇ ਬੰਦੇ ਪੱਟ ਪੱਟ ਕੇ ਸਿੱਧੇ ਬਾਦਲਾਂ ਕੋਲ ਲਿਜਾਈ ਜਾਂਦੈ ਕੀ ਕਰੀਏ? ਉਹ ਸਿੱਧਾ ਗਿਆ ਉਨਾਂ ਕੋਲ, ਵਾਹਵਾ ਬੋਲ ਕੇ ਆਇਆ।
ਮੈਂ ਦੋ ਸਾਲ ਫ਼ਿਰ ਮਾਨਸਾ ਦਾ ਜਿਲਾ ਪ੍ਰਧਾਨ ਰਿਹਾ। ਪ੍ਰਧਾਨਗੀ ਮੁੱਕੀ ਤਾਂ ਮੈਨੂੰ ਕੋਰ ਕਮੇਟੀ ਯੂਥ ‘ਅਚ ਲੈ ਲਿਆ ਤੇ ਦਿਲਰਾਜ ਭੂੰਦੜ ਵੀ ਇਸ ਕਮੇਟੀ ‘ਚ ਸੀ। ਏਹ ਫ਼ਿਰ ਪਰੇਸ਼ਾਨ ਕਿ ਮੇਰੇ ਮੁੰਡੇ ਦੇ ਬਰੋਬਰ ਜਾ ਬੈਠਾ ਐ, ਅਸਲ ‘ਚ ਸੁਖਬੀਰ ਜੀ ਭੂੰਦੜ ਅਤੇ ਢੀਂਡਸੇ ਵਰਗਿਆਂ ਨੂੰ ਵਿਖਾ ਰਿਹਾ ਸੀ ਕਿ ਘਬਰਾਓ ਨਾ, ਸਾਡੇ ਕੋਲ ਆਹ ਸਟੱਪਣੀਆਂ ਹੈਗੀਆਂ ਨੇ, ਜਦੋਂ ਮਰਜ਼ੀ ਤੇ ਜਿਥੇ ਮਰਜ਼ੀ ਫ਼ਿਟ ਕਰਲਾਂਗੇ। ਭੂੰਦੜ ਜੀ ਆਖਿਰ ਵੱਡੇ ਬਾਦਲ ਜੀ ਕੋਲ ਜਾ ਕੇ ਕਹਿੰਦੇ ਕਿ ਜਾਂ ਬਣਾ ਵਾਲੀ ਨੂੰ ਰੱਖਲੋ ਜਾਂ ਮੈਨੂੰ ਰੱਖਲੋ। ਇਓਂ ਨੀ ਚੱਲਣਾ, ਅਤੇ ਫ਼ਿਰ ਮੈਨੂੰ ਲਾ’ਤਾ ਜੀ ਜ਼ਿਲ੍ਹਾ ਚੋਣ ਇੰਚਾਰਜ ਬਰਨਾਲੇ, ਇਹ ਫ਼ਿਰ ਨਾ ਟਿਕੇ ਅਤੇ ਆਖੇ ਕਿ ਏਹ ਤਾਂ ਬਰਨਾਲਿਓਂ ਬੈਠਾ ਮਾਨਸੇ ਦਖਲ ਦਿੰਦੈ, ਲੋਕਾਂ ਦੇ ਕੰਮ ਕਰਵਾਈ ਜਾਂਦੈ। ਆਖਿਰ ਫ਼ਿਰ ਸੁਖਬੀਰ ਜੀ ਕੋਲ ਗਿਆ ਤੇ ਅੱਖਾਂ ਵਿਖਾਈਆਂ
(ਬਾਕੀ ਅਗਲੇ ਹਫ਼ਤੇ)















