ਪੰਜਾਬ ਕਾਂਗਰਸ ਨੂੰ ਮਿਲਿਆ ਨਿਹੰਗ ਸਿੰਘਾਂ ਦਾ ਸਮਰਥਨ

1ਚੰਡੀਗੜ੍ਹ – ਵੱਖ-ਵੱਖ ਸੰਗਠਨਾਂ ਨਾਲ ਸਬੰਧਿਤ ਨਿਹੰਗਾਂ ਸਿੰਘਾਂ ਨੇ ਪੰਜਾਬ ਕਾਂਗਰਸ ਨੂੰ ਆਪਣਾ ਸਮਰਥਨ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਤੇ ਪੂਰਾ ਭਰੋਸਾ ਪ੍ਰਗਟਾਇਆ ਹੈ। ਹਲਕਾ ਦਾਖਾ ਦੇ ਆਗੂ ਡਾ. ਕਰਨ ਵੜਿੰਗ ਦੀ ਅਗਵਾਈ ‘ਚ ਨਿਹੰਗ ਸਿੰਘ ਪੰਜਾਬ ਕਾਂਗਰਸ ਪ੍ਰਧਾਨ ਨੂੰ ਮਿਲੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ।
ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੁਸ਼ਲਦੀਪ ਸਿੰਘ ਢਿੱਲੋਂ ਦੇ ਮਾਰਗ ਦਰਸ਼ਨ ਹੇਠ ਕੰਮ ਕਰਦਿਆਂ ਡਾ. ਵੜਿੰਗ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਤਿਕਾਰ ਕਮੇਟੀ, ਗੁਰੂ ਖਾਲਸਾ ਦਲ ਤੇ ਦਲ ਨਿਹੰਗ ਸਿੰਘ ਪ੍ਰਚਾਰ ਨਾਲ ਸਬੰਧਿਤ ਵੱਡੀ ਗਿਣਤੀ ‘ਚ ਨਿਹੰਗ ਸਿੰਘ ਮੀਟਿੰਗ ਲਈ ਪਹੁੰਚੇ।
ਨਿਹੰਗ ਸਿੰਘਾਂ ‘ਚ ਪ੍ਰਮੁੱਖ ਤੌਰ ‘ਤੇ ਮੀਟਿੰਗ ਦੌਰਾਨ ਜਰਨੈਲ ਸਿੰਘ ਬੈਂਸ, ਪ੍ਰਦੀਪ ਸਿੰਘ ਇਆਲੀ, ਅਮਨਜੋਤ ਸਿੰਘ ਗਹੌਰ, ਪਰਮਿੰਦਰ ਸਿੰਘ ਗਹੌਰ, ਫਤਿਹ ਸਿੰਘ ਪਮਾਲ ਅਤੇ ਲਖਵੀਰ ਸਿੰਘ ਕੈਲਪੁਰ ਹਾਜ਼ਰ ਸਨ, ਜਿਹੜੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਸਬੰਧ ‘ਚ ਵਿਸ਼ੇਸ਼ ਮਹੱਤਵ ਰੱਖਦੇ ਹਨ।
ਕੈਪਟਨ ਅਮਰਿੰਦਰ ਨੇ ਨਿਹੰਗਾਂ ਨੂੰ ਭਰੋਸਾ ਦਿੱਤਾ ਕਿ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ‘ਤੇ ਕਾਰਵਾਈ ਕਰੇਗੀ, ਜਿਨ੍ਹਾਂ ‘ਚ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਨਿਰਪੱਖ ਤੇ ਸੁਤੰਤਰ ਜਾਂਚ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਸਬੰਧੀ ਘਟਨਾਵਾਂ ਦੀ ਜਾਂਚ ਕਰਨਾ ਸ਼ਾਮਲ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਅਜਿਹੀਆਂ ਘਟਨਾਵਾਂ ਪ੍ਰਤੀ ਆਪਣੀ ਚਿੰਤਾ ਪ੍ਰਗਟ ਕੀਤੀ ਅਤੇ ਵਾਅਦਾ ਕੀਤਾ ਕਿ ਡੂੰਘਾਈ ਨਾਲ ਜਾਂਚ ਤੋਂ ਬਾਅਦ ਦੋਸ਼ੀ ਪਾਏ ਗਏ ਲੋਕਾਂ ਉਪਰ ਸਖਤ ਕਾਰਵਾਈ ਹੋਵੇਗੀ।