ਪੰਜਵੇਂ ਦਿਨ ਗੇਂਦਬਾਜ਼ਾਂ ਨੂੰ ਮਦਦ ਨਹੀਂ ਮਿਲੀ – ਦ੍ਰਾਵਿੜ

ਕਾਨਪੁਰ – ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਨਿਊ ਜ਼ੀਲੈਂਡ ਵਿਰੁੱਧ ਡਰਾਅ ਹੋਏ ਪਹਿਲੇ ਟੈੱਸਟ ਮੈਚ ਪੰਜਵੇਂ ਦਿਨ ਦੇ ਖੇਡ ਦੌਰਾਨ ਪਿੱਚ ਤੋਂ ਮਦਦ ਨਾ ਮਿਲਣ ਦੇ ਬਾਵਜੂਦ ਦਬਾਅ ਕਾਇਮ ਕਰਨ ‘ਤੇ ਭਾਰਤੀ ਸਪਿਨ ਗੇਂਦਬਾਜ਼ਾਂ ਦੀ ਸ਼ਲਾਘਾ ਕੀਤੀ। ਭਾਰਤੀ ਗੇਂਦਬਾਜ਼ਾਂ ਨੇ ਨਿਊ ਜ਼ੀਲੈਂਡ ਦੀਆਂ 9 ਵਿਕਟਾਂ ਹਾਸਿਲ ਕੀਤੀਆਂ, ਪਰ ਜਦੇਜਾ, ਅਕਸ਼ਰ ਪਟੇਲ ਅਤੇ ਰਵੀਚੰਦਰਨ ਅਸ਼ਵਿਨ ਵਰਗੇ ਸਪਿਨਰ ਵੀ ਨਿਊ ਜ਼ੀਲੈਂਡ ਦੇ ਪੁਛੱਲੇ ਬੱਲੇਬਾਜ਼ਾਂ ਏਜਾਜ਼ ਪਟੇਲ ਅਤੇ ਰਚਿਨ ਰਵਿੰਦ੍ਰਾ ਦੀ ਆਖਰੀ ਜੋੜੀ ਨੂੰ ਆਊਟ ਕਰਨ ‘ਚ ਅਸਫ਼ਲ ਰਹੇ। ਉਨ੍ਹਾਂ ਦੋਵਾਂ ਨੇ 8.4 ਓਵਰਾਂ ਤਕ ਦਲੇਰੀ ਨਾਲ ਬੱਲੇਬਾਜ਼ੀ ਕਰ ਕੇ ਭਾਰਤ ਨੂੰ ਜਿੱਤ ਦਰਜ ਕਰਨ ਤੋਂ ਰੋਕ ਦਿੱਤਾ।
ਦ੍ਰਾਵਿੜ ਨੇ ਮੈਚ ਤੋਂ ਬਾਅਦ ਕਿਹਾ, ”ਅਸੀਂ ਕਾਫ਼ੀ ਧੀਰਜ ਅਤੇ ਸੰਘਰਸ਼ ਦਾ ਹੁਨਰ ਦਿਖਾਇਆ। ਪੰਜਵੇਂ ਦਿਨ ਪਿੱਚ ਤੋਂ ਮਦਦ ਬਿਲਕੁਲ ਵੀ ਨਹੀਂ ਸੀ ਮਿਲ ਰਹੀ। ਗੇਂਦ ਵਲੋਂ ਕੋਈ ਹਰਕਤ ਵੀ ਨਹੀਂ ਸੀ ਹੋ ਰਹੀ ਅਤੇ ਲੰਚ ਤੋਂ ਬਾਅਦ 8 ਵਿਕਟਾਂ ਹਾਸਿਲ ਕਰਨਾ ਅਸਲ ‘ਚ ਇੱਕ ਬਹੁਤ ਹੀ ਸ਼ਾਨਦਾਰ ਕੋਸ਼ਿਸ਼ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਮਤ ਦਾ ਥੋੜ੍ਹਾ ਸਾਥ ਮਿਲ ਗਿਆ ਹੁੰਦਾ ਅਤੇ ਭੈੜੀ ਰੌਸ਼ਨੀ ਕਾਰਨ ਖੇਡ 10 ਮਿੰਟ ਪਹਿਲਾਂ ਹੀ ਨਾ ਰੋਕ ਦਿੱਤੀ ਗਈ ਹੁੰਦੀ ਤਾਂ ਸ਼ਾਇਦ ਮੈਚ ਦਾ ਪਾਸਾ ਸਾਡੇ ਵੱਲ ਮੁੜ ਜਾਂਦਾ। ਮੈਨੂੰ ਲੱਗਦਾ ਹੈ ਕਿ ਖਿਡਾਰੀਆਂ ਨੇ ਅਸਲ ‘ਚ ਸਖ਼ਤ ਮਿਹਨਤ ਕੀਤੀ।”
ਦ੍ਰਾਵਿੜ ਇਸ ਗੱਲ ਤੋਂ ਹੈਰਾਨ ਸਨ ਕਿ ਮੈਚ ਦੇ ਪੰਜਵੇਂ ਦਿਨ ਪਿੱਚ ਤੋਂ ਗੇਂਦ ਨੂੰ ਬੇਹੱਦ ਘੱਟ ਟਰਨ ਮਿਲ ਰਹੀ ਸੀ ਅਤੇ ਗੇਂਦ ਅਸਮਾਨ ਹਰਕਤ ਨਹੀਂ ਕਰ ਰਹੀ ਸੀ। ਇਸ ਨਾਲ ਗੇਂਦ ਬੱਲੇ ਦਾ ਕਿਨਾਰਾ ਨਹੀਂ ਸੀ ਲੈ ਰਹੀ ਅਤੇ ਸਲਿਪ ‘ਤੇ ਬੱਲੇਬਾਜ਼ ਦੇ ਆਲੇ-ਦੁਆਲੇ ਖੜ੍ਹੇ ਫ਼ੀਲਡਰਾਂ ਦੀ ਭੂਮਿਕਾ ਸੀਮਿਤ ਹੋ ਗਈ ਸੀ। ਦ੍ਰਾਵਿੜ ਨੇ ਕਿਹਾ ਕਿ ਗੇਂਦ ਹੇਠਾਂ ਰਹਿਣ ਨਾਲ ਹੌਲੀ ਆ ਰਹੀ ਸੀ, ਸ਼ਾਇਦ ਪਿੱਚ ‘ਚ ਉਛਾਲ ਅਤੇ ਟਰਨ ਹੈ ਹੀ ਨਹੀਂ ਸੀ।
ਪੰਜਵੇਂ ਦਿਨ ਭਾਰਤੀ ਹਾਲਾਤਾਂ ‘ਚ ਪਿੱਚ ‘ਚ ਦਰਾਰਾਂ ਆ ਜਾਂਦੀਆਂ ਹਨ, ਪਰ ਇਸ ‘ਚ ਅਜਿਹਾ ਕੁੱਝ ਨਹੀਂ ਸੀ। ਦ੍ਰਾਵਿੜ ਨੇ ਕਿ ਆਮ ਤੌਰ ‘ਤੇ ਭਾਰਤ ‘ਚ ਪੰਜਵੇਂ ਦਿਨ ਸਪਿਨਰਾਂ ਨੂੰ ਮਦਦ ਮਿਲਦੀ ਹੈ, ਗੇਂਦ ਬੱਲੇ ਦੇ ਕਿਨਾਰੇ ਨਾਲ ਟਕਰਾਉਂਦੀ ਹੈ ਅਤੇ ਉਸ ਤੋਂ ਬਾਅਦ ਆਲੇ-ਦੁਆਲੇ ਦੇ ਫ਼ੀਲਡਰਾਂ ਨੇ ਭੂਮਿਕਾ ਨਿਭਾਉਣੀ ਹੁੰਦੀ ਹੈ ਪਰ ਅਜਿਹਾ ਨਹੀਂ ਹੋਇਆ। ਮੈਚ ਦੇ ਆਖਰੀ ਦਿਨ ਤਕ ਵੀ ਬੱਲੇ ਦੇ ਕਰੀਬ ਬਹੁਤ ਘੱਟ ਕੈਚ ਨਿਕਲੇ। ਕੋਚ ਨੇ ਕਿਹਾ ਕਿ ਟੌਮ ਲੈਥਮ ਵਰਗੇ ਖਿਡਾਰੀ ਦੋਵੇਂ ਪਾਰੀਆਂ ‘ਚ ਮਿਲ ਕੇ 400 ਤੋਂ ਜ਼ਿਆਦਾ ਗੇਂਦਾਂ ਖੇਡਣ ‘ਚ ਸਮਰੱਥ ਸਨ ਅਤੇ ਅਜਿਹਾ ਇਸ ਲਈ ਹੋਇਆ ਕਿਉਂਕਿ ਇਸ ਪਿੱਚ ‘ਤੇ ਬੱਲੇਬਾਜ਼ੀ ਕਰਨਾ ਮੁਸ਼ਕਿਲ ਨਹੀਂ ਸੀ।
ਮੈਚ ਕਾਫ਼ੀ ਸ਼ਾਨਦਾਰ ਰਿਹਾ – ਵਿਲੀਅਮਸਨ
ਕਾਨਪੁਰ – ਨਿਊ ਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਭਾਰਤ ਵਿਰੁੱਧ ਪਹਿਲਾ ਟੈੱਸਟ ਹਾਰ ਦੇ ਕੰਢੇ ‘ਤੇ ਪਹੁੰਚ ਜਾਣ ਦੇ ਬਾਵਜੂਦ ਡਰਾਅ ਹੋ ਜਾਣ ‘ਤੇ ਸੁੱਖ ਦਾ ਸਾਹ ਲੈਂਦੇ ਹੋਏ ਕਿਹਾ ਕਿ ਇਹ ਕਾਫ਼ੀ ਸ਼ਾਨਦਾਰ ਮੈਚ ਰਿਹਾ। ਵਿਲੀਅਮਸਨ ਨੇ ਮੈਚ ਤੋਂ ਬਾਅਦ ਕਿਹਾ ਕਿ ਆਖਿਰ ਤਕ ਤਿੰਨੇ ਨਤੀਜੇ ਸੰਭਵ ਦਿਖ ਰਹੇ ਸਨ।”ਅਸੀਂ ਪੂਰਾ ਦਿਨ ਬੱਲੇਬਾਜ਼ੀ ਕੀਤੀ। ਵਿਲੀਅਮਸਨ ਨੇ ਅੱਗੇ ਕਿਹਾ ਕਿ ਰਚਿਨ, ਏਜ਼ਾਜ ਅਤੇ ਸੋਮਰਵਿਲ ਦੇ ਲਈ ਵਧੀਆ ਅਨੁਭਵ ਰਿਹਾ। ਰਚਿਨ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ ਉਹ ਵੀ ਬਹੁਤ ਸ਼ਾਨਦਾਰ ਸੀ। ਸਟੇਡੀਅਮ ‘ਚ ਫ਼ੈਨਜ਼ ਨੂੰ ਆਉਂਦੇ ਦੇਖਣਾ ਵੀ ਸੁਖਦ ਸੀ। ਸਾਡੇ ਦੋਵੇਂ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਹ ਇੱਕ ਮਜ਼ਬੂਤ ਭਾਰਤੀ ਟੀਮ ਹੈ, ਇਸ ਲਈ ਸਾਨੂੰ ਹਰ ਵਿਭਾਗ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਸੀ।”
ਜ਼ਿਕਰਯੋਗ ਹੈ ਕਿ ਪਹਿਲੇ ਟੈੱਸਟ ਮੈਚ ‘ਚ ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ 345 ਦੌੜਾਂ ਬਣਾਈਆਂ ਸਨ ਜਦਕਿ ਨਿਊ ਜ਼ੀਲੈਂਡ ਦੀ ਟੀਮ ਨੇ ਆਪਣੀ ਪਹਿਲੀ ਪਾਰੀ ‘ਚ 296 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਨੇ ਦੂਜੀ ਪਾਰੀ ‘ਚ 234 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ ਅਤੇ ਨਿਊ ਜ਼ੀਲੈਂਡ ਨੂੰ 284 ਦੌੜਾਂ ਦਾ ਟੀਚਾ ਦਿੱਤਾ। ਨਿਊ ਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਆਖਰੀ ਦਿਨ ਬੱਲੇਬਾਜ਼ੀ ਕੀਤੀ ਮੈਚ ਨੂੰ ਡਰਾਅ ਕਰਵਾ ਲਿਆ।