ਅਸ਼ਵਿਨ ਨੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਤੀਜਾ ਭਾਰਤੀ ਬਣਨ ਮਗਰੋਂ ਕਿਹਾ, ਕੁੱਝ ਖ਼ਾਸ ਮਹਿਸੂਸ ਨਹੀਂ ਹੋ ਰਿਹਾ

ਕਾਨਪੁਰ – ਭਾਰਤ ਦੇ ਤਜਰਬੇਕਾਰ ਔਫ਼ ਸਪਿਨਰ ਰਵੀਚੰਦਰਨ ਅਸ਼ਵਿਨ ਹਰਭਜਨ ਸਿੰਘ ਨੂੰ ਪਛਾੜ ਕੇ ਭਾਰਤ ਲਈ ਸਭ ਤੋਂ ਵੱਧ ਟੈੱਸਟ ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼ ਬਣ ਗਏ। ਅਸ਼ਵਿਨ ਨੇ ਆਪਣੇ 80ਵੇਂ ਟੈੱਸਟ ‘ਚ ਇਹ ਕਮਾਲ ਕੀਤਾ। ਇਸ ਸੂਚੀ ‘ਚ ਸਿਖ਼ਰ ‘ਤੇ ਮਹਾਨ ਲੈੱਗ ਸਪਿਨਰ ਅਨਿਲ ਕੁੰਬਲੇ ਹਨ ਜਿਨ੍ਹਾਂ ਦੇ ਨਾਮ 619 ਟੈੱਸਟ ਵਿਕਟਾਂ ਹਨ। ਭਾਰਤ ਦੇ ਪਹਿਲੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ 434 ਟੈੱਸਟ ਵਿਕਟਾਂ ਲਈਆਂ ਹਨ।
ਅਸ਼ਵਿਨ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਕ੍ਰਿਕਟ ਟੈੱਸਟ ਦੇ ਚੌਥੇ ਦਿਨ ਟੌਮ ਲੈਥਮ ਨੂੰ ਆਊਟ ਕਰ ਕੇ 418ਵੀਂ ਵਿਕਟ ਲਈ। ਹਰਭਜਨ ਨੇ 103 ਟੈੱਸਟ ‘ਚ 417 ਵਿਕਟਾਂ ਲਈਆਂ ਸਨ। ਅਸ਼ਵਿਨ ਨੇ ਨਿਊ ਜ਼ੀਲੈਂਡ ਦੀ ਪਹਿਲੀ ਪਾਰੀ ‘ਚ ਤਿੰਨ ਵਿਕਟਾਂ ਲਈਆਂ ਸਨ। ਅਸ਼ਵਿਨ ਨੇ ਮੈਚ ਤੋਂ ਬਾਅਦ ਕਿਹਾ, ਇਸ ਉਪਲਬੱਧੀ ‘ਤੇ ਕੁੱਝ ਖ਼ਾਸ ਮਹਿਸੂਸ ਨਹੀਂ ਹੋ ਰਿਹਾ।”ਭਾਰਤੀ ਟੀਮ ਮੈਚ ਦੀ ਚੌਥੀ ਪਾਰੀ ‘ਚ ਨਿਊ ਜ਼ੀਲੈਂਡ ਨੂੰ ਆਲ ਆਊਟ ਕਰਨ ‘ਚ ਨਾਕਾਮ ਰਹੀ ਜਿਸ ਤੋਂ ਬਾਅਦ ਅਸ਼ਵਿਨ ਤੋਂ ਉਸ ਦੀ ਇਸ ਹਾਲੀਆ ਉਪਲਬਧੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ”ਕੁਝ ਮਹਿਸੂਸ ਨਹੀਂ ਹੋ ਰਿਹਾ ਇਹ ਅਜਿਹੀ ਉਪਬਲਧੀ ਹੈ ਜੋ ਆਉਂਦੀ ਰਹੇਗੀ, ਇਹ ਚੰਗਾ ਹੈ। ਜਦੋਂ ਤੋਂ ਰਾਹੁਲ ਦ੍ਰਵਿੜ ਭਰਾ ਨੇ ਅਹੁਦਾ ਸੰਭਾਲਿਐ, ਉਹ ਕਹਿੰਦੇ ਰਹਿੰਦੇ ਹਨ ਕਿ ਤੁਸੀਂ ਕਿੰਨੀਆਂ ਵਿਕਟਾਂ ਲਈਆਂ ਹਨ, 10 ਸਾਲ ‘ਚ ਕਿੰਨੀਆਂ ਦੌੜਾਂ ਬਣਾਈਆਂ ਹਨ, ਤੁਹਾਨੂੰ ਇਹ ਯਾਦ ਨਹੀਂ ਰਹੇਗਾ।”
ਮੌਜੂਦਾ ਟੈੱਸਟ ਕ੍ਰਿਕਟਰਾਂ ‘ਚ ਅਸ਼ਵਿਨ ਤੋਂ ਜ਼ਿਆਦਾ ਵਿਕਟਾਂ ਇੰਗਲੈਂਡ ਦੇ ਸਟੁਅਰਟ ਬ੍ਰੌਡ (524) ਅਤੇ ਜੇਮਜ਼ ਐਂਡਰਸਨ (632) ਦੀਆਂ ਹਨ। ਅਸ਼ਵਿਨ ਨੇ ਦਿੱਲੀ ‘ਚ ਵੈੱਸਟ ਇੰਡੀਜ਼ ਖ਼ਿਲਾਫ਼ 2011 ‘ਚ ਟੈੱਸਟ ਕ੍ਰਿਕਟ ‘ਚ ਡੈਬਿਊ ਕੀਤਾ ਸੀ। ਉਸ ਨੇ ਬੱਲੇ ਨਾਲ ਵੀ ਜ਼ੌਹਰ ਦਿਖਾਉਂਦੇ ਹ, ੋਏ 2685 ਦੌੜਾਂ ਬਣਾਈਆਂ ਹਨ ਜਿਨ੍ਹਾਂ ‘ਚ 5 ਸੈਂਕੜੇ ਵੀ ਸ਼ਾਮਿਲ ਹਨ। ਉਸ ਨੇ 111 ਵਨਡੇਜ਼ ‘ਚ 150 ਅਤੇ 51 T-20s ‘ਚ 61 ਵਿਕਟਾਂ ਲਈਆਂ ਹਨ।