ਓਮੀਕਰੌਨ ਵੇਰੀਐਂਟ ਕਾਰਨ ਭਾਰਤ ਅਤੇ ਦੱਖਣੀ ਅਫ਼ਰੀਕੀ ਦੌਰੇ ਨੂੰ ਲੈ ਕੇ ਚਿੰਤਾ

ਕਾਨਪੁਰ – ਦੱਖਣੀ ਅਫ਼ਰੀਕਾ ‘ਚ ਦਹਿਸ਼ਤ ਪੈਦਾ ਕਰਨ ਵਾਲੇ ਕੋਵਿਡ-19 ਦੇ ਨਵੇਂ ਓਮੀਕਰੌਨ ਵੇਰੀਐਂਟ ਦੇ ਕਾਰਨ ਭਾਰਤ ਦੇ ਅਗਲੇ ਮਹੀਨੇ ਦੇ ਦੌਰੇ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ ਅਤੇ ਆਗਾਮੀ ਦਿਨਾਂ ‘ਚ ਖਿਡਾਰੀਆਂ ਲਈ ਇਕਾਂਤਵਾਸ ਦੇ ਨਿਯਮਾਂ ‘ਚ ਬਦਲਾਅ ਹੋ ਸਕਦਾ ਹੈ। ਭਾਰਤ ਨੂੰ 17 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਆਪਣੇ ਲਗਭਗ ਸੱਤ ਹਫ਼ਤਿਆਂ ਦੇ ਦੌਰੇ ਦੌਰਾਨ ਤਿੰਨ ਟੈੱਸਟ, ਤਿੰਨ ਵਨ ਡੇਅ ਅਤੇ ਚਾਰ T-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ। ਇਹ ਮੈਚ ਚਾਰ ਸਥਾਨਾਂ ਜੋਹਾਨਸਬਰਗ, ਸੈਂਚੁਰੀਅਨ, ਕੇਪਟਾਊਨ ਅਤੇ ਪਾਰਲ ‘ਚ ਖੇਡੇ ਜਾਣਗੇ।
ਦੇਸ਼ ਦੇ ਉਤਰੀ ਹਿੱਸੇ ‘ਚ ਓਮੀਕਰੌਨ ਦੇ ਮਾਮਲੇ ਵੱਧ ਰਹੇ ਹਨ ਅਤੇ ਟੈੱਸਟ ਸੀਰੀਜ਼ ਦੇ ਘੱਟ ਤੋਂ ਘੱਟ ਦੋ ਸਥਾਨ ਜੋਹਾਨਸਬਰਗ ਅਤੇ ਪ੍ਰਿਟੋਰੀਆ (ਸੈਂਚੁਰੀਅਨ ਦੇ ਕਰੀਬ) ਇਸ ਨਵੇਂ ਸਵਰੂਪ ਦੀ ਲਪੇਟ ‘ਚ ਆ ਸਕਦੇ ਹਨ। ਭਾਰਤੀ ਕ੍ਰਿਕਟ ਬੋਰਡ (BCCI) ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ”ਜਦੋਂ ਤਕ ਸਾਨੂੰ ਕ੍ਰਿਕਟ ਦੱਖਣੀ ਅਫ਼ਰੀਕਾ ਤੋਂ ਉੱਥੇ ਦੀ ਸਥਿਤੀ ਦਾ ਪਤਾ ਨਹੀਂ ਚੱਲ ਜਾਂਦਾ ਉਦੋਂ ਤਕ ਅਸੀਂ ਆਪਣੇ ਅਗਲੇ ਕਦਮ ਬਾਰੇ ਨਹੀਂ ਦੱਸ ਸਕਾਂਗੇ।”ਮੌਜੂਦਾ ਪ੍ਰੋਗਰਾਮ ਅਨੁਸਾਰ ਭਾਰਤੀ ਟੀਮ ਨੂੰ ਮੁੰਬਈ ‘ਚ ਨਿਊ ਜ਼ੀਲੈਂਡ ਵਿਰੁੱਧ ਸੀਰੀਜ਼ ਖ਼ਤਮ ਹੋਣ ਤੋਂ ਬਾਅਦ 8 ਜਾਂ 9 ਦਸੰਬਰ ਨੂੰ ਦੱਖਣੀ ਅਫ਼ਰੀਕਾ ਲਈ ਰਵਾਨਾ ਹੋਣਾ ਹੈ।
BCCI ਭਾਵੇਂ ਹੀ ਮੌਜੂਦਾ ਦੌਰੇ ਨੂੰ ਲੈ ਕੁੱਝ ਨਹੀਂ ਕਹਿਣਾ ਚਾਹੁੰਦਾ, ਪਰ ਅਗਲੇ ਕੁੱਝ ਦਿਨਾਂ ‘ਚ ਉਹ ਕ੍ਰਿਕਟ ਦੱਖਣੀ ਅਫ਼ਰੀਕਾ ਤੋਂ ਨਵੇਂ ਸਵਰੂਪ B.1.1.529 ਬਾਰੇ ਗੱਲ ਕਰ ਸਕਦਾ ਹੈ ਜਿਸ ਨੇ ਪੂਰੀ ਦੁਨੀਆਂ ‘ਚ ਹਾਹਾਕਾਰ ਮਚਾ ਦਿੱਤੀ ਹੈ। BCCI ਦੇ ਇੱਕ ਅਧਿਕਾਰੀ ਨੇ ਸੰਕੇਤ ਦਿੱਤੇ ਕਿ ਭਾਵੇਂ ਖਿਡਾਰੀਆਂ ਨੂੰ ਮੁੰਬਈ ਤੋਂ ਜੋਹਾਨਸਬਰਗ ਚਾਰਟਰਡ ਜਹਾਜ਼ ਰਾਹੀਂ ਭੇਜਿਆ ਜਾਵੇਗਾ, ਪਰ ਬਦਲੇ ਹੋਏ ਹਾਲਾਤ ‘ਚ ਤਿੰਨ ਜਾਂ ਚਾਰ ਦਿਨ ਦੇ ਸਖ਼ਤ ਇਕਾਂਤਵਾਸ ‘ਚ ਰਹਿਣਾ ਪੈ ਸਕਦਾ ਹੈ।
ਭਾਰਤੀ ਟੀਮ ਦੇ ਦੱਖਣੀ ਅਫ਼ਰੀਕਾ ਦੌਰੇ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ: ਪਹਿਲਾ ਟੈੱਸਟ ਦਸੰਬਰ 17-21 ਨੂੰ ਵੌਂਡਰਰਜ਼, ਜੋਹਾਨਸਬਰਗ; ਦੂਜਾ ਟੈੱਸਟ 26-30 ਦਸੰਬਰ ਨੂੰ ਸੁਪਰਸਪੋਰਟ ਪਾਰਕ, ਸੈਂਚੁਰੀਅਨ; ਤੀਜਾ ਟੈੱਸਟ 3-7 ਜਨਵਰੀ ਨੂੰ ਨਿਊ ਲੈਂਡਜ਼, ਕੇਪਟਾਊਨ; ਪਹਿਲਾ ਵਨ ਡੇ 11 ਜਨਵਰੀ ਨੂੰ ਬੋਲੈਂਡ ਪਾਰਕ, ਪਾਰਲ; ਦੂਜਾ ਵਨ ਡੇ 14 ਜਨਵਰੀ ਨੂੰ ਨਿਊ ਲੈਂਡਜ਼, ਕੇਪਟਾਊਨ; ਤੀਜਾ ਵਨ ਡੇ 16 ਜਨਵਰੀ ਨੂੰ ਨਿਊ ਲੈਂਡਜ਼, ਕੇਪਟਾਊਨ; ਪਹਿਲਾ T-20 19 ਜਨਵਰੀ ਨੂੰ ਨਿਊ ਲੈਂਡਜ਼, ਕੇਪਟਾਊਨ; ਦੂਜਾ T-20 21 ਜਨਵਰੀ ਨੂੰ ਨਿਊ ਲੈਂਡਜ਼, ਕੇਪਟਾਊਨ; ਤੀਜਾ T-20 23 ਜਨਵਰੀ ਨੂੰ ਬੋਲੈਂਡ ਪਾਰਕ, ਪਾਰਲ ਅਤੇ ਚੌਥਾ T-20 26 ਜਨਵਰੀ ਨੂੰ ਬੋਲੈਂਡ ਪਾਰਕ, ਪਾਰਲ ‘ਚ ਹੋਵੇਗਾ।