ਪ੍ਰਿਯੰਕਾ ਗਾਂਧੀ ਨੇ ਮਹਿਲਾ ਰਾਖਵਾਂਕਰਨ ਬਿੱਲ ਮਾਮਲੇ ‘ਚ ਕੇਂਦਰ ਸਰਕਾਰ ‘ਤੇ ਚੁੱਕੇ ਸਵਾਲ

ਮੋਹਨਖੇੜਾ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੇ ਅੱਜ ਮਹਿਲਾ ਰਾਖਵਾਂਕਰਨ ਅਤੇ ਜਾਤੀ ਆਧਾਰਿਤ ਮਰਦਮਸ਼ੁਮਾਰੀ ਦੇ ਮੁੱਦੇ ’ਤੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਦੋਂ ਸੰਵਿਧਾਨ ਨੇ ਦੇਸ਼ ’ਚ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ ਤਾਂ ਸਰਕਾਰ ਜਾਤੀ ਆਧਾਰਿਤ ਮਰਦਮਸ਼ੁਮਾਰੀ ਕਿਉਂ ਨਹੀਂ ਕਰਵਾ ਰਹੀ ਹੈ? ਮੱਧ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਆਦਿਵਾਸੀ ਬਹੁਤਾਤ ਵਾਲੇ ਧਾਰ ਜ਼ਿਲੇ ਦੇ ਮੋਹਨਖੇੜਾ ਦੇ ਦੌਰੇ ’ਤੇ ਆਈ ਪ੍ਰਿਯੰਕਾ ਨੇ ਆਪਣੇ ਸੰਬੋਧਨ ’ਚ ਆਦਿਵਾਸੀਆਂ ਅਤੇ ਔਰਤਾਂ ਨੂੰ ਕੇਂਦਰ ’ਚ ਰੱਖਿਆ।
ਉਨ੍ਹਾਂ ਮਹਿਲਾ ਰਾਖਵਾਂਕਰਨ ਮੁੱਦੇ ’ਤੇ ਪਾਰਟੀ ਦਾ ਰੁਖ਼ ਰੱਖਦੇ ਹੋਏ ਕਿਹਾ ਕਿ ਕਾਂਗਰਸ ਨੇ ਇਸ ਦਾ ਸਮਰਥਨ ਕੀਤਾ ਪਰ ਬਾਅਦ ’ਚ ਪਤਾ ਲੱਗਾ ਕਿ ਇਹ ਰਾਖਵਾਂਕਰਨ 10 ਸਾਲ ਬਾਅਦ ਲਾਗੂ ਹੋਵੇਗਾ ਅਤੇ ਇਸ ਤੋਂ ਪਹਿਲਾਂ ਜਾਤੀ ਆਧਾਰਿਤ ਮਰਦਮਸ਼ੁਮਾਰੀ ਅਤੇ ਹੱਦਬੰਦੀ ਜ਼ਰੂਰੀ ਹੈ। ਇਸੇ ਸਿਲਸਿਲੇ ’ਚ ਉਨ੍ਹਾਂ ਨੇ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਦੋਂ ਇਹ 10 ਸਾਲ ਬਾਅਦ ਲਾਗੂ ਹੋਵੇਗਾ ਤਾਂ ਇਸ ਦਾ ਮਤਲਬ ਕੀ ਹੈ। ਇਸੇ ਸਿਲਸਿਲੇ ’ਚ ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਕਿ ਕੀ ਸਰਕਾਰ ਨੇ ਔਰਤਾਂ ਨੂੰ ਮਜ਼ਾਕ ਸਮਝਿਆ ਹੈ। ਉਨ੍ਹਾਂ ਨੇ ਲਗਾਤਾਰ ਔਰਤਾਂ ਦੇ ਹੱਕ ’ਚ ਅਪੀਲ ਕਰਦਿਆਂ ਕਿਹਾ ਕਿ ਇਹ ਰਾਖਵਾਂਕਰਨ ਔਰਤਾਂ ਦਾ ਹੱਕ ਹੈ।
ਉਨ੍ਹਾਂ ਨੇ ਔਰਤਾਂ ਦੇ ਮੁੱਦੇ ’ਤੇ ਸੂਬਾ ਸਰਕਾਰ ’ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਮੱਧ ਪ੍ਰਦੇਸ਼ ਔਰਤਾਂ ਅਤੇ ਬੱਚੀਆਂ ਦੇ ਲਾਪਤਾ ਹੋਣ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਹੈ। ਪ੍ਰਿਯੰਕਾ ਨੇ ਮੋਹਨਖੇੜਾ ਨੇੜੇ ਸਥਿਤ ਅਮਕਾ-ਝਮਕਾ ਮੰਦਰ ਨਾਲ ਜੁੜੇ ਕ੍ਰਿਸ਼ਨ-ਰੁਕਮਣੀ ਪ੍ਰਸੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਰਾਣੀ ਰੁਕਮਣੀ ਨੇ ਕ੍ਰਿਸ਼ਨ ਨੂੰ ਦੁਨੀਆ ਭਰ ਦੇ ਕਲੰਕ ਤੋਂ ਬਚਾਉਣ ਲਈ ਰੱਥ ਦੇ ਘੋੜੇ ਦੀ ਕਮਾਨ ਆਪਣੇ ਹੱਥ ’ਚ ਲਈ, ਉਸੇ ਤਰ੍ਹਾਂ ਹੁਣ ਵੀ ਔਰਤਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਵਾਗਡੋਰ ਆਪਣੇ ਹੱਥ ’ਚ ਲੈਣੀ ਹੋਵੇਗੀ।