ਸਿਓਲ, : ਕੌਮਾਂਤਰੀ ਭਾਈਚਾਰੇ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਦਿਆਂ ਉਤਰੀ ਕੋਰੀਆ ਨੇ ਪ੍ਰਮਾਣੂ ਪ੍ਰੋਗਰਾਮ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਤਰੀ ਕੋਰਿਆਈ ਤਾਨਾਸ਼ਾਹ ਕਿਮ ਜੋਂਗ ਉਨ ਨੇ ਸੋਮਵਾਰ ਨੂੰ ਆਪਣੇ ਵਿਗਿਆਨੀਆਂ ਦੀ ਸ਼ਲਾਘਾ ਕਰਦਿਆਂ ਪ੍ਰਮਾਣੂ ਬੰਬ ਬਣਾਉਣ ਦਾ ਸੰਕਲਪ ਲਿਆ। ਕਿਮ ਦਾ ਇਹ ਬਿਆਨ ਦੱਖਣੀ ਕੋਰੀਆ ਨਾਲ ਲੱਗੀ ਸਰਹੱਦ ‘ਤੇ ਪ੍ਰਮਾਣੂ ਸਮਰੱਥਾ ਨਾਲ ਲੈੱਸ ਅਮਰੀਕੀ ਬੰਬਾਰੀ ਜਹਾਜ਼ ਬੀ-52 ਦੀ ਉਡਾਣ ਭਰਨ ਦੇ ਇਕ ਦਿਨ ਮਗਰੋਂ ਆਇਆ ਹੈ। ਉੱਤਰੀ ਕੋਰਿਆਈ ਨਿਊਜ਼ ਏਜੰਸੀ ਕੇਸੀਐਨਏ ਅਨੁਸਾਰ ਹਾਈਡ੍ਰੋਜਨ ਬੰਬ ਪ੍ਰੀਖਣ ‘ਚ ਸ਼ਾਮਲ ਵਿਗਿਆਨੀਆਂ ਦੇ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਕਿਮ ਨੇ ਪ੍ਰੀਖਣ ਦਾ ਮਹਾਂਮੰਡਲ ਕੀਤਾ।ਉਨ੍ਹਾਂ ਨੇ ਦੇਸ਼ ਦੇ ਦੋ ਸਾਬਕਾ ਸ਼ਾਸਕਾਂ ਆਪਣੇ ਸਵ : ਪਿਤਾ ਕਿਮ ਜੋਂਗ ਇਲ ਅਤੇ ਦਾਦਾ ਕਿਮ ਇਲ ਸੁੰਗ ਨੂੰ ਗੌਰਵਮਈ ਕਰਨ ਲਈ ਵਿਗਿਆਨੀਆਂ ਦੀ ਸ਼ਲਾਘਾ ਕੀਤੀ।
ਦੱਸਣਯੋਗ ਹੈ ਕਿ ਉੱਤਰੀ ਕੋਰੀਆ ਨੇ ਛੇ ਜਨਵਰੀ ਨੂੰ ਹਾਈਡ੍ਰੋਜਨ ਬੰਬ ਪ੍ਰੀਖਣ ਦਾ ਦਾਅਵਾ ਕੀਤਾ ਸੀ।ਹਾਲਾਂਕਿ ਇਸ ਦੀ ਆਜ਼ਾਦ ਤੌਰ ‘ਤੇ ਪੁਸ਼ਟੀ ਹਾਲੇ ਨਹੀਂ ਹੋਈ। ਇਸ ਘਟਨਾ ਮਗਰੋਂ ਕੋਰਿਆਈ ਪ੍ਰਾਇਦੀਪ ‘ਚ ਤਣਾਅ ਵੱਧ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਸਰਹੱਦਾਂ ‘ਤੇ ਲਾਊਡ ਸਪੀਕਰਾਂ ਜਰੀਏ ਵਿਰੋਧ ਪ੍ਰਚਾਰ ਕੀਤਾ ਜਾ ਰਿਹਾ ਹੈ।ਇਸ ਵਿਚਾਲੇ ਦੱਖਣੀ ਕੋਰਿਆਈ ਰੱਖਿਆ ਮੰਤਰੀ ਦੇ ਬੁਲਾਰੇ ਕਿਮ ਮਿਨ ਸਿਯੋਕ ਨੇ ਦੱਸਿਆ ਕਿ ਹੋਰ ਆਧੁਨਿਕ ਹਥਿਆਰਾਂ ਦੀ ਤੈਨਾਤੀ ਲਈ ਅਮਰੀਕਾ ਨਾਲ ਗੱਲਬਾਤ ਜਾਰੀ ਹੈ।ਆਉਣ ਵਾਲੇ ਦਿਨਾਂ ‘ਚ ਕੋਰਿਆਈ ਪ੍ਰਾਇਦੀਪ ‘ਚ ਅਮਰੀਕਾ ਪ੍ਰਮਾਣੂ ਪਣਡੁੱਬੀ ਅਤੇ ਐਫ-22 ਸਟੀਲਥ ਲੜਾਕੂ ਜਹਾਜ਼ਾਂ ਦੀ ਤੈਨਾਤੀ ਕਰ ਸਕਦਾ ਹੈ।ਦੱਖਣੀ ਕੋਰਿਆ ਚ ਪਹਿਲਾਂ ਤੋਂ ਮੌਜੂਦ ਆਪਣੇ 28,500 ਫੌਜੀਆਂ ਨੂੰ ਵੀ ਅਮਰੀਕਾ ਨੇ ਪ੍ਰੀਖਣ ਮਗਰੋਂ ਅਲਰਟ ਕਰ ਰੱਖਿਆ ਹੈ।















