ਚੰਡੀਗੜ੍ਹ: ਪਠਾਨਕੋਟ ਅੱਤਵਾਦੀ ਹਮਲੇ ਕਾਰਨ ਭਾਰਤ-ਪਾਕਿ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਨਹੀਂ ਹੋਵੇਗੀ। ਸ਼ਾਂਤੀ ਵਾਰਤਾ ਰੱਦ ਹੋਣ ਦੀ ਇਕ ਖ਼ਬਰ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਬੇਬੁਨਿਆਦ ਦੱਸਿਆ ਹੈ ।
ਡੋਵਾਲ ਨੇ ਕਿਹਾ ਕਿ ਭਾਰਤ -ਪਾਕਿ ਵਿਦੇਸ਼ ਸਕੱਤਰ ਗੱਲਬਾਤ ਰੱਦ ਨਹੀਂ ਹੋਈ ਹੈ । ਹਾਲਾਂਕਿ ਹੁਣੇ ਇਸ ਦੀ ਤਾਰੀਖ਼ ਤੈਅ ਨਹੀਂ ਹੈ । ਪਠਾਨਕੋਟ ਹਮਲੇ ਦੇ ਬਾਅਦ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ਦੇ ਦਿੱਤੇ ਸਬੂਤਾਂ ਦੇ ਆਧਾਰ ‘ਤੇ ਕਾਰਵਾਈ ਕਰੇ ਉਦੋਂ ਹੀ ਗੱਲਬਾਤ ਹੋਵੇਗੀ। ਇਸ ਤੋਂ ਬਾਅਦ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਲਾ ਅਧਿਕਾਰੀਆਂ ਦੇ ਨਾਲ ਪਠਾਨਕੋਟ ਹਮਲੇ ਨੂੰ ਲੈ ਕੇ ਦੋ ਵਾਰ ਉੱਚ-ਪੱਧਰੀ ਮੀਟਿੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ‘ਚ ਗੱਲਬਾਤ ਰੱਦ ਹੋਣ ਦਾ ਮਾਹੌਲ ਬਣਿਆ ਸੀ। ਪਾਕਿਸਤਾਨ ਨੇ ਭਰੋਸਾ ਦਿੱਤਾ ਹੈ ਕਿ ਪਠਾਨਕੋਟ ਹਮਲੇ ‘ਤੇ ਕਾਰਵਾਈ ਹੋਵੇਗੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।















