ਪੂਰਨੀਆ (ਬਿਹਾਰ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸ਼ਨੀਵਾਰ ਨੂੰ ਹਵਾਈ ਸਰਵੇਖਣ ਕੀਤਾ ਅਤੇ ਰਾਜ ਲਈ 500 ਕਰੋੜ ਰੁਪਏ ਦੀ ਤੁਰੰਤ ਰਾਹਤ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਆਫ਼ਤ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਅਨੁਸਾਰ ਮੋਦੀ ਨੇ ਇਹ ਵੀ ਕਿਹਾ ਕਿ ਹੜ੍ਹ ਨਾਲ ਹੋਈ ਤਬਾਹੀ ਦਾ ਆਕਲਨ ਕਰਨ ਲਈ ਜਲਦ ਹੀ ਇਕ ਕੇਂਦਰੀ ਟੀਮ ਬਿਹਾਰ ਭੇਜੀ ਜਾਵੇਗੀ। ਉਨ੍ਹਾਂ ਨੇ ਬੀਮਾ ਕੰਪਨੀਆਂ ਤੋਂ ਫਸਲਾਂ ਨੂੰ ਹੋਏ ਨੁਕਸਾਨ ਦਾ ਆਕਲਨ ਕਰਨ ਲਈ ਤੁਰੰਤ ਆਪਣੇ ਕਰਮਚਾਰੀਆਂ ਨੂੰ ਭੇਜਣ ਲਈ ਕਿਹਾ ਤਾਂ ਕਿ ਕਿਸਾਨਾਂ ਨੂੰ ਜਲਦ ਤੋਂ ਜਲਦ ਰਾਹਤ ਮਿਲ ਸਕੇ।
ਹਵਾਈ ਸਰਵੇਖਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਥੇ ਇਕ ਬੈਠਕ ਕੀਤੀ। ਬੈਠਕ ਹਵਾਈ ਫੌਜ ਦੇ ਚੂਨਾਪੁਰ ਹਵਾਈ ਅੱਡੇ ‘ਤੇ ਹੋਈ, ਜਿੱਥੋਂ ਬਾਅਦ ‘ਚ ਪ੍ਰਧਾਨ ਮੰਤਰੀ ਨੇ ਦਿੱਲੀ ਲਈ ਉਡਾਣ ਭਰੀ। ਪੀ.ਐੱਮ.ਓ. ਨੇ ਇਕ ਬਿਆਨ ‘ਚ ਕਿਹਾ,”ਸਮੀਖਿਆ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬਿਹਾਰ ਸਰਕਾਰ ਨੂੰ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ।” ਅਧਿਕਾਰਤ ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹੜ੍ਹ ਪ੍ਰਭਾਵਿਤ ਚਾਰ ਜ਼ਿਲਿਆਂ- ਪੂਰਨੀਆ, ਕਟਿਹਾਰ, ਕਿਸ਼ਨਗੰਜ ਅਤੇ ਅਰਰੀਆ ਦਾ ਹਵਾਈ ਸਰਵੇਖਣ ਕੀਤਾ। ਇਸ ਦੌਰਾਨ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਵੀ ਉਨ੍ਹਾਂ ਨਾਲ ਮੌਜੂਦ ਸਨ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਹੜ੍ਹ ਨਾਲ 19 ਜ਼ਿਲੇ ਪ੍ਰਭਾਵਿਤ ਹੋਏ ਹਨ, ਪੂਰਨੀਆ, ਕਟਿਹਾਰ, ਕਿਸ਼ਨਗੰਜ, ਅਰਰੀਆ ‘ਤੇ ਸਭ ਤੋਂ ਬੁਰਾ ਅਸਰ ਪਿਆ ਹੈ।















