ਕਈ ਸਾਡੇ ਪੰਜਾਬੀ ਇਹੋ ਜਿਹੇ ਹਨ ਜੋ ਬਾਹਰਲੇ ਮੁਲਕ ਵਿੱਚ ਬੈਠ ਕੇ ਪੰਜਾਬੀ ਬੋਲੀ ਬੋਲਣ ਨੂੰ ਆਪਣੀ ਹੱਤਕ ਸਮਝਦੇ ਹਨ, ਪਰ ਕਈ ਇਹੋ ਜਿਹੇ ਵੀ ਹਨ ਜਿੰਨ੍ਹਾਂ ਨੇ ਘਰੋਂ ਸਿੱਖ ਕੇ ਅਤੇ ਬਾਹਰਲੇ ਮੁਲਕ ਵਿੱਚ ਬੈਠ ਕੇ ਵੀ ਪੰਜਾਬੀ ਮਾਂ-ਬੋਲੀ ਲਈ ਨੇਕ ਉਪਰਾਲੇ ਕੀਤੇ। ਬਰੂਸ ਬਰਟਨ ਦਾ ਇੱਕ ਕਥਨ ਹੈ ਕਿ ਉਨ੍ਹਾਂ ਤੋਂ ਬਿਨਾ ਕਿਸੇ ਨੇ ਵੀ ਕਦੇ ਕੋਈ ਸ਼ਾਨਦਾਰ ਸਫ਼ਲਤਾ ਪ੍ਰਾਪਤ ਨਹੀਂ ਕੀਤੀ ਜਿੰਨ੍ਹਾਂ ਨੇ ਇਹ ਯਕੀਨ ਕਰਨ ਦਾ ਸਾਹਸ ਕੀਤਾ ਕਿ ਉਨ੍ਹਾਂ ਅੰਦਰ ਹਾਲਾਤ ਨਾਲੋਂ ਕੋਈ ਉੱਤਮ ਅਤੇ ਸ੍ਰੇਸ਼ਠ ਸ਼ਕਤੀ ਮੌਜੂਦ ਹੈ। ਉਸ ਹੀ ਉੱਤਮ ਅਤੇ ਸ੍ਰੇਸ਼ਠ ਸ਼ਕਤੀ ਅਜੀਤ ਸਤਨਾਮ ਕੌਰ ਨਾਲ ਪੇਸ਼ ਹੈ ਸਾਡੀ ਵਿਸ਼ੇਸ਼ ਮੁਲਾਕਾਤ:
ਪ੍ਰਸ਼ਨ: ਗੱਲਬਾਤ ਤੁਹਾਡੇ ਨਾਮ ਤੋਂ ਹੀ ਸ਼ੁਰੂ ਕਰੀਏ … ਤੁਹਾਡੇ ਨਾਮ ਵਿੱਚ ਦੋ ਨਾਮ ਜੁੜੇ ਜਾਪਦੇ ਹਨ, ਇਸ ਦਾ ਕੀ ਕਾਰਨ ਹੈ?
ਉੱਤਰ: ਜੀ ਬਿਲਕੁਲ ਸਹੀ ਕਿਹਾ। ਮੇਰਾ ਸ਼ੁਰੂਆਤੀ ਨਾਮ ਇੱਕ ਹੀ ਸੀ, ਸਤਨਾਮ ਕੌਰ। ਬਾਅਦ ‘ਚ ਮੈਂ ਇਸ ਨਾਲ ਇੱਕ ਨਾਮ ਹੋਰ ਜੋੜ ਲਿਆ।
ਪ੍ਰਸ਼ਨ: ਇਸ ਬਾਰੇ ਸਾਡੇ ਪਾਠਕਾਂ ਨੂੰ ਵੀ ਦੱਸੋ ਕਿ ਦੋ ਨਾਮ ਜੋੜਨ ਦਾ ਕੀ ਕਾਰਨ ਹੈ?
ਉੱਤਰ: ਇਸ ਦੇ ਜਵਾਬ ‘ਚ ਇੱਕ ਪੂਰੀ ਸੋਚ ਹੈ। ਮੈਂ ਜਿਵੇਂ-ਜਿਵੇਂ ਵੱਡੀ ਹੋ ਰਹੀ ਸੀ, ਆਪਣੇ ਭਾਰਤੀ ਸਭਿਆਚਾਰ ‘ਚ ਇੱਕ ਗੱਲ ਆਮ ਸੁਣੀਂਦੀ ਸੀ ਕਿ ਪੁੱਤਰ ਹੋਵੇ ਤਾਂ ਹੀ ਪਿਤਾ ਦਾ ਨਾਮ ਅੱਗੇ ਚੱਲੇਗਾ। ਪੁੱਤਰ ਹੀ ਦੁਨੀਆਂ ‘ਤੇ ਨਾਮ ਰੌਸ਼ਨ ਕਰਦੇ ਨੇ। ਇਸ ਸੋਚ ਨੂੰ ਬਦਲਣ ਲਈ ਮੈਂ ਆਪਣੇ ਨਾਮ ਤੋਂ ਵੀ ਪਹਿਲਾਂ ਆਪਣੇ ਪਿਤਾ ਜੀ ਦਾ ਨਾਮ ਲਿਖ ਕੇ ਇਸ ਸੋਚ ਨੂੰ ਨਵੀਂ ਦਿਸ਼ਾ ਦਿੱਤੀ ਹੈ।
ਪ੍ਰਸ਼ਨ: ਤੁਹਾਡਾ ਜਨਮ ਕਿੱਥੇ ਦਾ ਹੈ?
ਉੱਤਰ: ਮੇਰਾ ਜਨਮ ਆਗਰਾ ਸ਼ਹਿਰ ਦਾ ਹੈ।
ਪ੍ਰਸ਼ਨ: ਆਗਰਾ ਤਾਂ ਉੱਤਰ ਪ੍ਰਦੇਸ਼ ‘ਚ ਪੈਂਦਾ ਹੈ। ਕੀ ਉੱਥੇ ਪੰਜਾਬੀ ਸਕੂਲ ਹਨ?
ਉੱਤਰ: ਮੈਂ ਆਗਰਾ ਸ਼ਹਿਰ ‘ਚ ਗਰੈਜੂਏਸ਼ਨ ਕੀਤੀ ਹੈ। ਉੱਥੇ ਹਿੰਦੀ ਅਤੇ ਅੰਗਰੇਜ਼ੀ ਸਕੂਲ ਹੀ ਹਨ। ਇਸ ਲਈ ਮੈਂ ਕਿਸੇ ਪੰਜਾਬੀ ਸਕੂਲ ਵਿੱਚ ਪੜ੍ਹਾਈ ਨਹੀਂ ਕੀਤੀ।
ਪ੍ਰਸ਼ਨ: ਇਹ ਤਾਂ ਹੋਰ ਵੀ ਦਿਲਚਸਪ ਗੱਲ ਹੈ ਕਿ ਤੁਸੀਂ ਇੰਨੀ ਸੋਹਣੀ ਪੰਜਾਬੀ ਬੋਲ ਰਹੇ ਹੋ ਅਤੇ ਪੰਜਾਬੀ ‘ਚ ਲਿਖਦੇ ਹੋ। ਇਹ ਕਿਵੇਂ ਸੰਭਵ ਹੋਇਆ, ਸਾਰੀ ਗੱਲ ਪਾਠਕਾਂ ਨਾਲ ਸਾਂਝੀ ਕਰੋ।
ਉੱਤਰ: ਮੇਰਾ ਜਨਮ ਸਿੱਖ ਪਰੀਵਾਰ ‘ਚ ਹੋਇਆ ਹੋਣ ਕਾਰਨ ਪੰਜਾਬੀ ਮੈਨੂੰ ਮਾਂ ਬੋਲੀ ਦੇ ਰੂਪ ਵਿੱਚ ਵਿਰਾਸਤ ‘ਚ ਮਿਲੀ, ਪ੍ਰੰਤੂ ਮੇਰੀ ਪੜ੍ਹਾਈ ਹਿੰਦੀ ਮੀਡੀਅਮ ਵਿੱਚ ਹੋਈ ਹੈ। ਹਾਂ, ਜਿੱਥੇ ਤੱਕ ਪੜ੍ਹਨ-ਲਿਖਣ ਦੀ ਗੱਲ ਹੈ, ਇਹ ਮੇਰੀ ਮਾਂ ਦੀ ਸੂਝ-ਬੂਝ ਸੀ। ਉਨ੍ਹਾਂ ਮੈਨੂੰ ਮਾਂ ਬੋਲੀ ਤੋਂ ਟੁੱਟਣ ਨਹੀਂ ਦਿੱਤਾ। ਮੇਰੀ ਮਾਂ ਨੇ ਇੱਕ ਪੰਜਾਬੀ ਦਾ ਕੈਦਾ ਲਿਆ ਕੇ ਮੈਨੂੰ ਪੰਜਾਬੀ ਘਰ ਹੀ ਸਿਖਾਈ।
ਪ੍ਰਸ਼ਨ: ਕਾਫ਼ੀ ਸਾਲਾਂ ਤੋਂ ਤੁਸੀਂ ਇੰਗਲੈਂਡ ਦੀ ਧਰਤੀ ਦੇ ਵਸਨੀਕ ਹੋ ਜਿੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ। ਤੁਹਾਡਾ ਇੱਥੇ ਪੰਜਾਬੀ ਬੋਲੀ ਬਾਰੇ ਕਿਵੇਂ ਦਾ ਅਨੁਭਵ ਰਿਹਾ?
ਉੱਤਰ: ਜਦੋਂ ਕੋਈ ਮਾਂ ਆਪਣੀ ਮਾਂ ਬੋਲੀ ਨੂੰ ਇੱਕ ਭਾਸ਼ਾ ਦੇ ਰੂਪ ‘ਚ ਅਗਲੀ ਪੀੜ੍ਹੀ ਨੂੰ ਸੌਂਪਦੀ ਹੈ ਤਾਂ ਉਹ ਮਾਂ ਇੱਕ ਪੂਰਾ ਸਭਿਆਚਾਰ ਹੀ ਨਵੀਂ ਪੀੜ੍ਹੀ ਦੀ ਝੋਲੀ ਪਾ ਦਿੰਦੀ ਹੈ। ਮਾਂ ਦੇ ਇਸ ਤੋਹਫ਼ੇ ਨੂੰ ਮੈਂ ਵਿਦੇਸ਼ ਦੀ ਧਰਤੀ ‘ਤੇ ਜਾ ਕੇ ਵੀ ਹਿੱਕ ਨਾਲ ਲਾਈ ਰੱਖਿਆ ਅਤੇ ਪੰਜਾਬੀ ਸਾਹਿਤ ਸਭਾ ਦਾ ਹਿੱਸਾ ਬਣ ਲੰਡਨ ‘ਚ ਮਾਂ ਬੋਲੀ ਦੀ ਸੇਵਾ ਦਾ ਉਪਰਾਲਾ ਜਾਰੀ ਰੱਖਿਆ। ਇਸ ਵਿਸ਼ੇ ਉੱਪਰ ਮੇਰਾ ਇੱਕ ਲੇਖ ਅਣਗੌਲੀ ਮਾਂ ਨਵੀਂ ਪਨੀਰੀ ਨੂੰ ਸੇਧ ਦਿੰਦਾ ਹੈ ਕਿ ਵਿਦੇਸ਼ਾਂ ਵਿੱਚ ਵਸ ਕੇ ਵੀ ਆਪਣੇ ਸਭਿਆਚਾਰ ਨੂੰ ਕਦੇ ਨਾ ਛੱਡੋ।
ਪ੍ਰਸ਼ਨ: ਤੁਸੀਂ ਕਿਸ ਵਿਧਾ ‘ਚ ਲਿਖਦੇ ਹੋ?
ਉੱਤਰ: ਮੈਂ ਕਵਿਤਾ ਤੋਂ ਆਪਣੀ ਲੇਖਣੀ ਦੀ ਸੁਰੂਆਤ ਕੀਤੀ ਸੀ। ਵਾਰਤਕ ਮੈਨੂੰ ਮੇਰੇ ਉਸਤਾਦ ਮਾਣਯੋਗ ਨਾਵਲਕਾਰ ਸਿਵਚਰਨ ਜੱਗੀ ਕੁੱਸਾ ਜੀ ਦੇ ਨਾਵਲਾਂ ਨੇ ਲਿਖਣੀ ਸਿਖਾਈ। ਮੈਂ ਕਹਾਣੀ, ਕਵਿਤਾ, ਲੇਖ, ਫ਼ਿਲਮੀ ਰਿਵਿਊ, ਵਿਅੰਗ ਅਤੇ ਫ਼ਿਲਮੀ ਕਹਾਣੀਆਂ ਲਿਖ ਚੁੱਕੀ ਹਾਂ।
ਪ੍ਰਸ਼ਨ: ਆਪਦੀ ਲਿਖੀ ਕਿਸੇ ਫ਼ਿਲਮੀ ਕਹਾਣੀ ਬਾਰੇ ਜ਼ਰਾ ਚਾਨਣਾ ਪਾਓ।
ਉੱਤਰ: ਮੇਰੀ ਲਿਖੀ ਕਹਾਣੀ ਸੀਬੋ ਉੱਪਰ ਇੱਕ ਫ਼ਿਲਮ ਬਣੀ ਹੈ। ਇਹ ਫ਼ਿਲਮ ਔਰਤ ਦੀ ਤ੍ਰਾਸਦੀ ਦੀ ਐਸੀ ਕਹਾਣੀ ਹੈ ਜਿਸ ਵਿੱਚ ਉਸ ਨੂੰ ਜਿੰਦਗੀ ਜੀਣ ਲਈ ਹਰ ਵਾਰ ਧਰਮ ਪ੍ਰੀਵਰਤਨ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਮੇਰੀ ਲਿਖੀ ਕਹਾਣੀ ਉੱਪਰ ਇੱਕ ਹੋਰ ਫ਼ਿਲਮ ਬਣੀ ਜਿਸ ਦਾ ਨਾਮ ਕੁੜੱਤਨ ਸੀ। ਇਸ ਫ਼ਿਲਮ ਦੇ ਨਾਲ ਹੀ ਮੈਂ ਡਾਇਰੈਕਸ਼ਨ ਦੀ ਦੁਨੀਆਂ ‘ਚ ਵੀ ਕਦਮ ਰੱਖਿਆ। ਫ਼ਿਲਮ ਕੁੜੱਤਨ ਸਮਾਜ ਦੀ ਘਿਨਾਉਣੀ ਮਾਨਸਿਕਤਾ ਨੂੰ ਉਜਾਗਰ ਕਰਦੀ ਇੱਕ ਕਹਾਣੀ ਹੈ।
ਪ੍ਰਸ਼ਨ: ਇਸ ਤੋਂ ਇਲਾਵਾ ਆਪਣੀਆਂ ਲਿਖਤਾਂ ਬਾਰੇ ਸਾਡੇ ਪਾਠਕਾਂ ਨੂੰ ਦੱਸੋ ਅਤੇ ਆਪਣੀ ਪਸੰਦੀਦਾ ਲਿਖਤਾਂ ਬਾਰੇ ਵੀ ਚਾਨਣਾ ਪਾਓ।
ਉੱਤਰ: ਮੇਰੀਆਂ ਲਿਖਤਾਂ ਨੌਂ ਮੁਲਕਾਂ ਦੇ 13 ਅਖ਼ਬਾਰਾਂ ਵਿੱਚ ਹਰ ਮਹੀਨੇ ਛਪ ਰਹੀਆਂ ਹਨ ਜਿਨ੍ਹਾਂ ਵਿੱਚ ਮੇਰੀ ਇੱਕ ਹੱਡ ਬੀਤੀ ਖ਼ਾਮੌਸ਼ ਮੁਹੱਬਤ ਦੀ ਦਾਸਤਾਨ ਜੋ ਮੇਰੇ ਪਾਲਤੂ ਕੁੱਤੇ ਰਾਓ ਦੀ ਕਹਾਣੀ ਹੈ। ਇਸ ਤੋਂ ਇਲਾਵਾ ਕੂੰਜਾਂ ਦਾ ਕਾਫ਼ਲਾ, ਮੋਏ ਸੁਪਨਿਆਂ ਦੀ ਮਿੱਟੀ, ਮੇਰੀ ਮਾਂ ਦਾ ਪਾਕਿਸਤਾਨ, ਮੇਰੀਆਂ ਪਸੰਦੀਦਾ ਰਚਨਾਵਾਂ ਹਨ।
ਪ੍ਰਸ਼ਨ: ਤੁਹਾਡੀਆਂ ਲਿਖਤਾਂ ਦਾ ਵਿਸ਼ਾ ਕੀ ਹੁੰਦਾ ਹੈ?
ਉੱਤਰ: ਮੇਰੇ ???ਆਦਾਤਰ ਵਿਸ਼ੇ ਸਮਾਜ ਦੀ ਕਿਸੇ ਸੱਚੀ ਘਟਨਾ ਤੋਂ ਪ੍ਰੇਰਿਤ ਹੁੰਦੇ ਹਨ ਜਾਂ ਫ਼ੇਰ ਮੈਂ ਆਪਣੀ ਜਿੰਦਗੀ ਵਿੱਚ ਵਾਪਰੀ ਕਿਸੇ ਘਟਨਾ ਤੋਂ ਮਿਲੀ ਸੇਧ ਬਾਰੇ ਲਿਖਦੀ ਹਾਂ। ਮਜ਼ਲੂਮ ਧਿਰ ਨਾਲ ਖੜ੍ਹਨਾ ਮੈਨੂੰ ਸਕੂਨ ਦਿੰਦਾ ਹੈ।
ਪ੍ਰਸ਼ਨ: ਆਪਣੀ ਅਗਲੀ ਕਿਸੇ ਯੋਜਨਾ ਬਾਰੇ ਦੱਸੋ।
ਉੱਤਰ: ਮੇਰੀ ਅਗਲੀ ਲਘੂ ਫ਼ਿਲਮ ਅੱਲਾਹ ਦੀਆਂ ਕੰਜਕਾਂ ਬਣਨ ਲਈ ਤਿਆਰ ਹੈ ਜੋ ਕਿ ਕਰੋਨਾ ਕਾਰਨ ਪਿੱਛੇ ਪੈਂਦੀ ਆ ਰਹੀ ਸੀ। ਇਸ ਦੀ ਕਹਾਣੀ ਮੈਂ ਲਿਖੀ ਹੈ, ਅਤੇ ਫ਼ਿਲਮ ਦੀ ਡਾਇਰੈਕਸ਼ਨ ਵੀ ਮੈਂ ਦੇਣ ਜਾ ਰਹੀ ਹਾਂ। ਇਹ ਫ਼ਿਲਮ ਮੇਰੇ ਬੈਨਰ ਏ.ਐੱਸ.ਕੇ.ਮੋਸ਼ਨ ਪਿੱਕਚਰਜ਼ ਦੇ ਹੇਠ ਬਣਨ ਜਾ ਰਹੀ ਹੈ। ਦੋ ਕਿਤਾਬਾਂ ਦੇ ਖਰੜੇ ਤਿਆਰ ਪਏ ਨੇ, ਬੱਸ ਤਾਲਾਬੰਦੀ ਕਰ ਕੇ ਰੁਕੇ ਹੋਏ ਹਾਂ।
ਪ੍ਰਸ਼ਨ: ਮਾਂ ਬੋਲੀ ਦੇ ਸੰਦਰਭ ਵਿੱਚ ਵਿਦੇਸ਼ੀ ਵਸਦੀਆਂ ਪੰਜਾਬੀ ਮਹਿਲਾਵਾਂ ਬਾਰੇ ਕੀ ਸੋਚਦੇ ਹੋ?
ਉੱਤਰ: ਵਿਦੇਸ਼ ਵਸਦੀਆਂ ਪੰਜਾਬੀ ਮਹਿਲਾਵਾਂ ਘਰੇਲੂ ਕੰਮਾਂ ਕਾਰਾਂ ਦੇ ਨਾਲ-ਨਾਲ ਸਾਹਿਤਕ ਰੁਚੀ ਵੀ ਰੱਖਦੀਆਂ ਨੇ ਅਤੇ ਬੱਚਿਆਂ ਨੂੰ ਗੁਰੂ ਘਰਾਂ ਵਿੱਚ ਪੰਜਾਬੀ ਸਿੱਖਣ ਲਈ ਵੀ ਭੇਜਦੀਆਂ ਨੇ ਜੋ ਇੱਕ ਉਸਾਰੂ ਉਪਰਾਲਾ ਹੈ।
ਪ੍ਰਸ਼ਨ: ਤੁਹਾਡੇ ਸਾਹਿਤਕ ਅਤੇ ਕਲਾ ਦੇ ਸਫ਼ਰ ਲਈ ਸਾਡੇ ਵਲੋਂ ਦੁਆਵਾਂ ਅਤੇ ਸ਼ੁਭਕਾਮਨਾਵਾਂ।
ਉੱਤਰ: ਬਹੁਤ ਧੰਨਵਾਦ ਜੀ। ਮੇਰੇ ਪਾਠਕਾਂ ਦਾ ਵੀ ਬਹੁਤ ਧੰਨਵਾਦ ਜਿੰਨ੍ਹਾਂ ਕਰ ਕੇ ਮੇਰਾ ਲਿਖਣ ਦਾ ਹੌਸਲਾ ਬਣਿਆ ਰਿਹਾ।
ਮੁਲਾਕਤੀ: ਹਰਵਿੰਦਰ ਬਿਲਾਸਪੁਰ, ਪਿੰਡ ਅਤੇ ਡਾਕਘਰ ਬਿਲਾਸਪੁਰ, ਜ਼ਿਲ੍ਹਾ ਮੋਗਾ, ਫ਼ੋਨ: 98149-07020













