ਪਿੰਡ ਦੀ ਸੱਥ ਵਿੱਚੋਂ (ਕਿਸ਼ਤ-270)

ਦੋ ਦਿਨ ਮੀਂਹ ਪੈਣ ਪਿੱਛੋਂ ਜਿਉਂ ਹੀ ਲੋਕ ਸੱਥ ‘ਚ ਆ ਕੇ ਜੁੜੇ ਤਾਂ ਬਾਬਾ ਪਾਖਰ ਸਿਉਂ ਸੱਥ ‘ਚ ਆਉਂਦਿਆਂ ਹੀ ਸੀਤੇ ਮਰਾਸੀ ਨੂੰ ਕਹਿੰਦਾ, ”ਕਿਉਂ ਬਈ ਸੀਤਾ ਸਿਆਂ! ਸੁਣਿਐ ਬਈ ਬਿਰਜੂ ਬਰਜੂ ਕਿਆਂ ਦੇ ਕਈ ਘਰ ਮੀਂਹ ਦੇ ਪਾਣੀ ‘ਚ ਡੁੱਬਗੇ। ਕਹਿੰਦੇ ਗੋਡੇ ਗੋਡੇ ਪਾਣੀ ਫ਼ਿਰਦਾ ਉਨ੍ਹਾਂ ਦੇ ਘਰਾਂ ‘ਚ। ਨਿਕਲਦਾ ਨੁਕਲਦਾ ਨ੍ਹੀ ਬਈ ਕਿਸੇ ਪਾਸੇ ਪਾਣੀ। ਹੁਣ ਕੁਸ ਕਰਦੇ ਵੀ ਐ ਕੁ ਨਹੀਂ?”
ਮਾਹਲਾ ਨੰਬਰਦਾਰ ਕਹਿੰਦਾ, ”ਸਾਰੇ ਪਿੰਡ ‘ਚੋਂ ਤਾਂ ਨੀਮਾਂ ਥਾਂ ਓਹੋ ਜਿੱਥੇ ਬਿਰਜੂ ਕੇ ਘਰ ਐ। ਛੱਪੜ ਤਾਂ ਆਪੇ ਬਣਨਾ ਸੀ।”
ਨਾਥਾ ਅਮਲੀ ਕਹਿੰਦਾ, ”ਕਰਨਾ ਕਰਾਉਣਾ ਕੀ ਸੀ ਉਨ੍ਹਾਂ ਨੇ, ਪਾਣੀ ਆਲੀਆਂ ਬੱਸਾਂ ਚਲਾ ਲੈਣ ਬਿਰਜੂ ਕੇ।”
ਸੀਤਾ ਮਰਾਸੀ ਕਹਿੰਦਾ, ”ਬੱਸਾਂ ਨਾ ਕਿਤੇ ਦਸ ਟੈਰੇ ਘੋੜੇ ਚੱਲ ਪੈਣਗੇ ਓੱਥੇ। ਬੱਸਾਂ ਚੱਲਣ ਜੋਗਾ ਪਾਣੀ ਕਿੱਥੇ ਐ ਉਹੋ। ਉੱਥੇ ਤਾਂ ਘੜੁੱਕਾ ਮਨ੍ਹੀ ਚੱਲਣਾ।”
ਬਾਬਾ ਪਾਖਰ ਸਿਉਂ ਕਹਿੰਦਾ, ”ਇੱਕ ਅੱਧਾ ਦਿਨ ਤਾਂ ਪਾਣੀ ਰਹੂਗਾ ਈ। ਮੀਂਹ ਬਾਹਲ਼ਾ ਪੈ ਗਿਆ ਕਰ ਕੇ ਐ, ਨਹੀਂ ਅੱਗੇ ਤਾਂ ਪੰਜ ਚਾਰ ਘੈਂਟਿਆਂ ਚੀ ਸੁੱਕ ਜਾਂਦਾ ਸੀ।”
ਨਾਥਾ ਅਮਲੀ ਕਹਿੰਦਾ, ”ਬਿਰਜੂ ਕਿਆਂ ਦੇ ਘਰ ਮੀਂਹ ਨੇ ਡਬੋ ‘ਤੇ, ਘੋਗੇ ਸ਼ਕੀਨੇ ਕਿਆ ਨੂੰ ਪੁਲਸ ਦੱਬੀ ਫ਼ਿਰਦੀ ਐ।”
ਸੀਤਾ ਮਰਾਸੀ ਅਮਲੀ ਦੀ ਗੱਲ ਸੁਣ ਕੇ ਬੋਲਿਆ, ”ਛਿਪਦੇ ਪਾਸੇ ਆਲਾ ਵਿਹੜਾ ਚੋਰੀਆਂ ਨੇ ਮਾਰ ਲਿਆ। ਡੂਢ ਮਹੀਨਾ ਹੋ ਗਿਆ ਬਾਰਾਂ ਆਨੇ ਪਿੰਡ ‘ਤੇ ਕਰੋਪੀ ਫ਼ਨੀਅਰ ਨਾਗ ਆਂਗੂੰ ਛਜਲੀ ਕਰੀ ਖੜ੍ਹੀ ਐ।”
ਬਚਨਾ ਜੇਲ੍ਹਰ ਕਹਿੰਦਾ, ”ਫ਼ੇਰ ਤਾਂ ਕਿਸੇ ਪੰਡਤ ਤੋਂ ਪੱਤਰੀ ਖਲ੍ਹਾਉ ਜਾ ਕੇ। ਆਏਂ ਤਾਂ ਯਾਰ ਬਾਕੀ ਦਾ ਪਿੰਡ ਵੀ ਸੁੱਕੇ ਛੱਪੜ ਅਰਗਾ ਹੋ ਜੂ।”
ਨਾਥਾ ਅਮਲੀ ਬਚਨੇ ਜੇਲ੍ਹਰ ਨੂੰ ਟਿੱਚਰ ‘ਚ ਕਹਿੰਦਾ, ”ਬਾਹਮਣਾਂ ਦੇ ਤਾਂ ਆਵਦੇ ਘਰੇ ਤਿੰਨ ਵਾਰੀ ਚੋਰੀ ਹੋ ਗੀ ਉਹ ਕੀ ਦੱਸੂ ਦੂਜਿਆ ਬਾਬਤ। ਸਖੀਰੇ ਬਾਹਮਣ ਕਾ ਬੁੜ੍ਹਾ ਸੰਤੇ ਮਾਜਰੇ ਦੇ ਮੁੰਡੇ ਨੂੰ ਆਵਦੇ ਘਰੇ ਸੱਦ ਕੇ ਕਹਿੰਦਾ ‘ਕਿਉਂ ਬਿੱਲੂ ਛੋਟਿਆ! ਸਾਡੀ ਬੱਕਰੀ ਸੋਡੇ ਘਰੇ ਤਾਂ ਨ੍ਹੀ ਆ ਗੀ ਖੁੱਲ੍ਹ ਕੇ ਰਾਤ ਕਿਤੇ?”
ਬਾਬੇ ਪਾਖਰ ਸਿਉਂ ਨੇ ਅਮਲੀ ਨੂੰ ਹੈਰਾਨੀ ਨਾਲ ਪੁੱਛਿਆ, ”ਕਿਉਂ ਅਮਲੀਆ! ਸਖੀਰੇ ਪੰਡਤ ਕੇ ਬੱਕਰੀ ਰੱਖੀ ਵੀ ਸੀ?”
ਮਾਹਲਾ ਨੰਬਰਦਾਰ ਕਹਿੰਦਾ, ”ਕਾਹਨੂੰ ਪਾਖਰ ਸਿਆਂ ਬੱਕਰੀ ਰੱਖੀ ਵੀ ਸੀ, ਉਹ ਬੱਕਰੀ ਤਾਂ ਸਰਦਾਰੇ ਬੁੜ੍ਹੇ ਕੇ ਕਿਤੇ ਪੰਡਤਾਂ ਦੇ ਘਰੇ ਬੰਨ੍ਹਕੇ ਆਪ ਸਕੀਰੀ ‘ਚ ਵਿਆਹ ਉਠ ਗੇ। ਬੱਕਰੀ ਕਿਤੇ ਵੇਹੜੇ ਆਲਾ ਬੋਘਾ ਖੋਲ੍ਹ ਕੇ ਲੈ ਗਿਆ ਰਾਤ ਨੂੰ। ਹੁਣ ਪੰਡਤ ਚੋਰੀ ਚੋਰੀ ਬੱਕਰੀ ਇਉਂ ਭਾਲਦਾ ਫ਼ਿਰਦਾ ਜਿਮੇਂ ਗਾਹਾਂ ਸਹੁਰਿਆਂ ਨੇ ਮੂਹਰੀ ‘ਚ ਦਿੱਤੀ ਹੁੰਦੀ ਐ।”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਪੰਗਾ ਤਾਂ ਬਾਹਮਣੇ ਨੇ ਆਵਦੇ ਆਪ ਲਿਆ ਬੱਕਰੀ ਘਰੇ ਬੰਨ੍ਹਾਅ ਕੇ। ਪੁੱਛਣ ਆਲਾ ਹੋਵੇ ਬਈ ਤੁਸੀਂ ਬੱਕਰੀ ਦਾ ਦੁੱਧ ਪੀਣਾ ਸੀ। ਐਮੇਂ ਆਵਦੇ ਘਰੇ ਮੀਂਗਣਾ ਦਾ ਘਰ ਬਣਾ ਕੇ ਹੁਣ ਬਿਨਾਂ ਮਤਲਬੋਂ ਵੰਝ ‘ਤੇ ਚੜ੍ਹਿਆ ਫ਼ਿਰਦਾ।”
ਨਾਥਾ ਅਮਲੀ ਕਹਿੰਦਾ, ”ਕੇਰਾ ਸਖੀਰੇ ਪੰਡਤ ਕਿਆਂ ਨੇ ਜੰਗੀਰੇ ਭਾਊ ਕਾ ਵੀ ਘਰ ਸਾਂਭਿਆ ਸੀ। ਉਹ ਬੀਕਾਨੇਰ ਵਿਆਹ ਜਾਂਦੇ ਪੰਡਤ ਨੂੰ ਘਰ ਸੰਭਾਅ ਗੇ। ਉਹ ਤਾਂ ਅੱਠ ਦਿਨ ਨਾ ਮੁੜੇ। ਸਖੀਰਾ ਪੰਡਤ ਬਾਹਰਲੀ ਦਰ ਆਲੀ ਬੈਠਕ ‘ਚ ਸੌਂ ਜਿਆ ਕਰੇ ਰਾਤ ਨੂੰ ਜਾ ਕੇ। ਚੋਰਾਂ ਨੇ ਰਾਤ ਬਰਾਤੇ ਸਖੀਰੇ ਨੂੰ ਸੁੱਤਾ ਵੇਖ ਕੇ ਘਰ ਦੀ ਮਗਰਲੀ ਬੀਹੀ ਵੱਲ ਦਾ ਪਿਛਲੇ ਬਾਰ ਨੂੰ ਲੱਗਿਆ ਵਿਆ ਜਿੰਦਾ ਭੰਨ ਲਿਆ।”
ਬਾਬੇ ਚੰਨਣ ਕਾ ਜੋਰਾ ਨਾਥੇ ਅਮਲੀ ਦੀ ਗੱਲ ਟੋਕ ਕੇ ਕਹਿੰਦਾ, ”ਚੋਰਾਂ ਨੇ ਜੰਗੀਰੇ ਕਿਆ ਵਲੋਂ ਲਾਇਆ ਜਿੰਦਾ ਭੰਨ ਕੇ ਆਵਦਾ ਜਿੰਦਾ ਲਾ ‘ਤਾ। ਚੋਰ ਨਿੱਤ ਰਾਤ ਨੂੰ ਆ ਕੇ ਜਿੰਦਾ ਖੋਲ੍ਹ ਕੇ ਬੜੇ ਰਾਮ ਨਾਲ ਘਰ ਦਾ ਸਮਾਨ ਕੱਢ ਕੇ ਲੈ ਜਿਆ ਕਰਨ। ਏਮੇ ਈ ਸੀ ਅਮਲੀਆ ਕੁ ਨਹੀਂ ਓਏ?”
ਬਾਬਾ ਪਾਖਰ ਸਿਉਂ ਜੋਰੇ ਨੂੰ ਚੁੱਪ ਕਰਾਉਂਦਾ ਬੋਲਿਆ, ”ਤੁੰ ਜੋਰੇ ਸ਼ੇਰਾ ਚੁੱਪ ਕਰ ਯਾਰ। ਨਾਥਾ ਸਿਉਂ ਨੂੰ ਸਣਾਉਣ ਦੇ ਗੱਲ। ਹਾਂ ਬਈ ਨਾਥਾ ਸਿਆਂ ਤੂੰ ਦੱਸ ਆਵਦੇ ਮੂੰਹੋਂ ਗੱਲ।”
ਨਾਥਾ ਅਮਲੀ ਫ਼ੇਰ ਹੋ ਗੱਲ ਸੁਣਾਉਣ ਨੂੰ ਪੰਜ ਪੌਣ ‘ਤੇ। ਬਾਬੇ ਪਾਖਰ ਨੂੰ ਕਹਿੰਦਾ, ”ਗੱਲ ਤਾਂ ਬਾਬਾ ਇਉਂ ਈ ਹੋਈ ਸੀ ਜਿਮੇਂ ਜੋਰਾ ਦੱਸਦੈ।”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਉਹੀ ਤਾਂ ਤੈਨੂੰ ਗੱਲ ਪੁੱਛਦੇ ਐ ਬਈ ਤੂੰ ਦੱਸ ਬਾਹਮਣਾਂ ਨਾਲ ਕਿਮੇਂ ਹੋਈ ਸੀ?”
ਅਮਲੀ ਕਹਿੰਦਾ, ”ਇਹ ਤਾਂ ਬਾਬਾ ਚੋਰੀ ਦਾ ਤਾਈ ਗਰਨਾਮੋਂ ਨੂੰ ਕਿਤੇ ਪਤਾ ਲੱਗ ਗਿਆ। ਤਾਈ ਗਰਨਾਮੋ ਨੇ ਕਿਤੇ ਵੇਖ ਲਿਆ ਬਈ ਜੰਗੀਰੇ ਕੇ ਤਾਂ ਹੋਰ ਜਿੰਦਾ ਲਾ ਕੇ ਗਏ ਐ, ਇਹ ਹੁਣ ਦੋ ਤਿੰਨ ਦਿਨਾਂ ਦਾ ਹੋਰ ਜਿੰਦਾ ਲੱਗਿਆ ਵਿਐ। ਇਹ ਕੀ ਚੱਕਰ ਹੋਇਆ?”
ਸੀਤਾ ਮਰਾਸੀ ਕਹਿੰਦਾ, ”ਜੰਗੀਰੇ ਕੇ ਵੀ ਘੁੱਗੂ ਤਾਂ ਹੈ। ਬਈ ਜਦੋਂ ਤੁਸੀਂ ਮੂਹਰਲੇ ਬਾਰ ਨੂੰ ਜਿੰਦਾ ਲਾ ਕੇ ਉਹਦੀਆਂ ਕੁੰਜੀਆਂ ਸਖੀਰੇ ਨੂੰ ਫ਼ੜਾ ‘ਤੀਆਂ ਤਾਂ ਪਿਛਲੇ ਬਾਰ ਨੂੰ ਪਤੰਦਰੋ ਅੰਦਰੋਂ ਜਿੰਦਾ ਮਾਰੋ। ਕਮਲਾ ਲਾਣਾ ਬਾਹਰੋਂ ਜਿੰਦਾ ਲਾ ਕੇ ਬੀਕਾਨੇਰ ਨੂੰ ਰੇਲ ਚੜ੍ਹ ਗਿਆ।”
ਗੱਲ ਚੱਲਦੀ ਤੋਂ ਬਾਬੇ ਪਾਖਰ ਸਿਉਂ ਨੇ ਫ਼ੇਰ ਹਾਲ ਹਾਲ ਕੀਤੀ ਸੀਤੇ ਮਰਾਸੀ ਨੂੰ ਗੱਲ ਦੇ ਵਿੱਚ ਬੋਲਿਆ ਸੁਣ ਕੇ, ”ਸੀਤਾ ਸਿਆਂ ਯਾਰ ਤੂੰ ਚੁੱਪ ਤਾਂ ਕਰ। ਉਈਂ ਪਤੰਦਰੋ ਚਲਦੀ ਗੱਲ ‘ਚ ਢੁੱਚ ਡਾਹ ਦਿੰਨੇ ਐਂ। ਪਹਿਲਾਂ ਇੱਕ ਨੂੰ ਗੱਲ ਸੁਣਾ ਲੈਣ ਦਿਆ ਕਰੋ ਫ਼ੇਰ ਦੂਜਾ ਸਣਾ ਲਿਉ।”
ਨਾਥਾ ਅਮਲੀ ਬਾਬੇ ਪਾਖਰ ਸਿਉਂ ਨੂੰ ਟਿੱਚਰ ‘ਚ ਕਹਿੰਦਾ, ”ਤਾਹੀਂ ਤਾਂ ਬਾਬਾ ਗੱਲ ਨ੍ਹੀ ਕੋਈ ਸਣਾਈ ਦੀ। ਪਤੰਦਰ ਚੱਲਦੀ ਗੱਲ ‘ਚ ਐਹੋ ਜਾ ਮਚੋਕਲੂ ਫੇਰਨਗੇ, ਸਾਰੀ ਗੱਲ ਦਾ ਸੁਆਦ ਈ ਬਕਬਕਾ ਕਰ ਦਿੰਦੇ ਐ। ਆਹ ਨੱਥੇ ਸੁਰਜਨ ਕਾ ਢਮਕੀਰਾ ਜਾ ਈ ਨ੍ਹੀ ਮਾਣ। ਗੱਲ ਕੀ ਹੁੰਦੀ ਬਣਾ ਕੀ ਦਿੰਦੈ।”
ਨੱਥੇ ਸੁਰਜਨ ਦਾ ਰਾਜਾ ਸੱਥ ‘ਚ ਆਵਦੇ ‘ਤੇ ਆਈ ਗੱਲ ਸੁਣ ਕੇ ਨਾਥੇ ਅਮਲੀ ਨੂੰ ਸੂਈ ਕੁੱਤੀ ਵਾਂਗੂੰ ਪੈ ਗਿਆ, ”ਮੈਂ ਕੀ ਕਹਿ ‘ਤਾ ਤਾਇਆ। ਮੈਂ ਤਾਂ ਬੈਠਾ ਗੱਲ ਸੁਣੀ ਜਾਨਾਂ। ਮੈਂ ਤਾਂ ਤੇਰੀ ਗੱਲ ‘ਚ ਬੋਲਿਆ ਈ ਨ੍ਹੀ। ਤੂੰ ਮੇਰੇ ਬਿਨਾਂ ਗੱਲ ਤੋਂ ਈ ਗਲ਼ ਪੈ ਗਿਐਂ।”
ਨਾਥਾ ਅਮਲੀ ਕਹਿੰਦਾ, ”ਅੱਜ ਨ੍ਹੀ ਤਾਂ ਪਰਸੋਂ ਚੌਥੇ ਤਾਂ ਬੋਲਿਆ ਸੀ ਨਾ। ਜਿੱਦੇਂ ਬਿਰਜ ਬਾਣੀਏ ਨਾਲ ਠੱਗੀ ਵੱਜੀ ਦੀ ਭਾਨੇ ਕਾ ਪ੍ਰੀਤਮ ਗੱਲ ਸਣਾਉਂਦਾ ਸੀ।”
ਰਾਜਾ ਕਹਿੰਦਾ, ”ਪ੍ਰੀਤਮ ਨੂੰ ਤਾਂ ਗੱਲ ਦਾ ਈ ਨ੍ਹੀ ਸੀ ਪਤਾ। ਮੈਂ ਤਾਂ ਉਹਦੀ ਗੱਲ ਇਉਂ ਟੋਕੀ ਸੀ ਬਈ ਉਹਨੇ ਹੋਰਾਂ ਤੋਂ ਗੱਲ ਸੁਣ ਕੇ ਪਤੰਗੀ ਨੂੰ ਪੂੰਝਾ ਬੰਨ੍ਹਿਆ ਸੀ। ਗੱਲ ਤਾਂ ਕੁਸ ਹੋਰ ਸੀ ਉਹ ਆਵਦੇ ਕੋਲੋਂ ਈ ਮਿਰਚ ਮਸਾਲਾ ਲਾ ਲਾ ਸਣਾਈ ਗਿਆ। ਤਾਂ ਕਰ ਕੇ ਉਹਦੀ ਗੱਲ ਦੀ ਨੋਕਾ ਟੋਕਾ ਹੋਈ ਸੀ।”
ਏਨੇ ਚਿਰ ਨੂੰ ਪ੍ਰਤਾਪਾ ਭਾਊ ਸੱਥ ‘ਚ ਆ ਕੇ ਬਾਬੇ ਪਾਖਰ ਸਿਉਂ ਨੂੰ ਕਹਿੰਦਾ, ”ਰਾਤ ਤਾਂ ਬਾਬਾ ਬੁੱਘਰ ਦਖਾਣ ਵੀ ਠੱਗੀ ‘ਚ ਡੁੰਗਿਆ ਗਿਆ।”
ਸੂਬੇਦਾਰ ਰਤਨ ਸਿਉਂ ਨੇ ਪੁੱਛਿਆ, ”ਉਹ ਕਿਮੇਂ ਬਈ?”
ਸੀਤਾ ਮਰਾਸੀ ਪ੍ਰਤਾਪੇ ਭਾਊ ਨੂੰ ਕਹਿੰਦਾ, ”ਭਾਊ ਹਜੇ ਚੋਰੀ ਦੀ ਗੱਲ ਤਾਂ ਮੁੱਕੀ ਨ੍ਹੀ, ਤੂੰ ਹੋਰ ਈ ਨਮਾਂ ਸ਼ੋਸ਼ਾ ਆ ਛੱਡਿਆ।”
ਭਾਊ ਕਹਿੰਦਾ, ”ਸ਼ੋਸ਼ਾ ਨ੍ਹੀ, ਸੱਚੀ ਗੱਲ ਐ। ਬੁੱਘਰ ਦਖਾਣ ਕੇ ਘਰੇ ਕੋਈ ਬੱਕਰੀ ਬੰਨ੍ਹ ਗਿਆ ਤੇ ਮੱਝ ਲੈ ਗਿਆ ਹੱਥ ‘ਤੇ ਹੱਥ ਮਾਰ ਕੇ। ਬੁੱਘਰ ਹੁਣ ਇਉਂ ਮੂੰਹ ਬਣਾਈ ਫ਼ਿਰਦਾ ਜਿਮੇਂ ਕਤੂਰੀ ਨੂੰ ਕੜੈਣ ਦਿੱਤੀ ਹੁੰਦੀ ਐ।”
ਬੱਕਰੀ ਦੀ ਗੱਲ ਸੁਣ ਮਾਹਲਾ ਨੰਬਰਦਾਰ ਕਹਿੰਦਾ, ”ਇਹ ਤਾਂ ਫ਼ਿਰ ਉਹੀ ਬੱਕਰੀ ਐ ਜਿਹੜੀ ਸਖੀਰੇ ਪੰਡਤ ਕੇ ਘਰੋਂ ਚੋਰੀ ਹੋਈ ਐ।”
ਨਾਥਾ ਅਮਲੀ ਟਿੱਚਰ ‘ਚ ਕਹਿੰਦਾ, ”ਜੀਹਨੇ ਵੀ ਬੱਕਰੀ ਚੱਰੀ ਕੀਤੀ ਐ, ਤਰੱਕੀ ਤਾਂ ਕਰ ਗਿਆ ਨਾ ਉਹੋ। ਮੈਨੂੰ ਤਾਂ ਲੱਗਦਾ ਬਈ ਪਹਿਲਾਂ ਅਗਲੇ ਨੇ ਕਿਸੇ ਦੀ ਕੁਕੜੀ ਚੋਰੀ ਕੀਤੀ ਹੋਣੀ ਐ, ਕੁਕੜੀ ਵੱਟੇ ਕਿਸੇ ਦਿਉਂ ਪਠੋਰਾ ਲੈ ਗਿਆ ਵਟਾ ਕੇ। ਪਠੋਰੇ ਤੋਂ ਚੋਰ ਬੱਕਰੀ ‘ਤੇ ਪਹੁੰਚ ਗਿਆ। ਬੱਕਰੀ ਤੋਂ ਹੁਣ ਮੱਝ ਲੈ ਗਿਆ ਵਟਾ ਕੇ। ਚੋਰ ਐ ਕੁ ਠੱਗ ਐ ਕੋਈ।”
ਜੱਗਾ ਕਾਮਰੇਡ ਕਹਿੰਦਾ, ”ਸਰਾਮਾਂ ਆਲਾ ਸੁੱਖਾ ਸ਼ਰਾਬੀ ਐ ਯਾਰ। ਉਹੀ ਐਹੋ ਜੀਆਂ ਮਾੜੀਆਂ ਮੋਟੀਆਂ ਠੱਗੀਆਂ ਮਾਰਦਾ ਫਿਰਦੈ।
ਬਾਬਾ ਪਾਖਰ ਸਿਉਂ ਕਹਿੰਦਾ, ”ਕਾਮਰੇਟਾ, ਕਾਮਰੇਟਾ! ਕੀ ਗੱਲ ਕਰਦੈਂ। ਇਹ ਮੱਝ ਆਲੀ ਠੱਗੀ ਮਾੜੀ ਮੋਟੀ ਐ। ਅੱਜ ਕੱਲ੍ਹ ਤਾਂ ਮਾੜੀ ਮੋਟੀ ਢਕਵੰਜੇ ਸਿੰਗਾਂ ਆਲੀ ਮੱਝ ਵੀ ਠਾਰਾਂ ਵੀਹ ਹਜਾਰ ਨੂੰ ਆਉਂਦੀ ਐ। ਤੂੰ ਮਾੜੀ ਮੋਟੀ ਠੱਗੀਉ ਈ ਦੱਸਦੈਂ।
ਕਾਮਰੇਡ ਹੱਸ ਕੇ ਕਹਿੰਦਾ, ”ਕੀ ਹੋ ਗਿਆ ਬਾਬਾ ਜੇ ਛੋਟੀਆਂ ਮੋਟੀਆਂ ਠੱਗੀਆਂ ‘ਚ ਇੱਕ ਅੱਧੀ ਵੱਡੀ ਠੱਗੀ ਲੱਗ ਗੀ। ਆਏਂ ਤਾਂ ਪਿੰਡ ‘ਚ ਹੋਰ ਵੀ ਬਥੇਰਾ ਕੁਸ ਕੋਈ ਜਾਂਦੈ। ਆਹ ਕਈ ਦਿਨ ਹੋ ਗੇ, ਸੰਤੋਖੀ ਕਾ ਭਜਨੀ ਆਵਦੀ ਬਹੂ ਨੂੰ ਉਹਦੇ ਪੇਕੀਂ ਛੱਡਣ ਗਿਆ ਕਿਸੇ ਹੋਰ ਦੇ ਈ ਬਾਹਰ ਮੂਹਰੇ ਤਾਰ ਕੇ ਭੱਜਿਆਇਆ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਉਹ ਕਿਮੇਂ ਬਈ?”
ਜੱਗਾ ਕਾਮਰੇਡ ਤਾਂ ਬੋਲਿਆ ਨਾ, ਨਾਥੇ ਅਮਲੀ ਨੇ ਫ਼ੇਰ ਸਾਂਭ ਲਿਆ ਸਪੀਕਰ। ਨੰਬਰਦਾਰ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਲੈ ਸੁਣ ਲਾ ਫ਼ਿਰ ਨੰਬਰਦਾਰਾ ਭਜਨੀ ਦੀ ਗੱਲ। ਭਜਨੀ ਦਾ ਵੇਖ ਲਾ ਨਮਾਂ ਨਮਾਂ ਵਿਆਹ ਹੋਇਆ। ਪਹਿਲੀ ਵਾਰ ਸਹੁਰੀਂ ਉਠ ਗਿਆ। ਬਹੂ ਨੂੰ ਛੱਡਣ ਗਿਆ ਪਿੰਡ ਦੇ ਦੂਜੇ ਪਾਸੇ ਕਿਸੇ ਹੋਰ ਦੇ ਦਰਵਾਜੇ ਮੂਹਰੇ ਈ ਤਾਰ ਕੇ ਸ਼ੈਂਕਲ ਭਜਾ ਲਿਆਇਆ।”
ਬਾਬੇ ਪਾਖਰ ਸਿਉਂ ਨੇ ਪੁੱਛਿਆ, ”ਐਡੀ ਦੂਰ ਸਹੁਰੀਂ ਸ਼ੈਂਕਲ ‘ਤੇ ਗਿਆ ਸੀ?”
ਅਮਲੀ ਕਹਿੰਦਾ, ”ਸਹੁਰੇ ਕਿਹੜਾ ਬਾਬਾ ਉਹਦੇ ਚਿੰਤ ਪੁਰਨੀ ਐਂ, ਆਹ ਨਾਲ ਦੇ ਤਾਂ ਪਿੰਡ ਐ। ਦੋ ਢਾਈ ਕੋਹ ਸਾਰੀ ਵਾਟ ਐ।”
ਬਾਬੇ ਪਾਖਰ ਸਿਉਂ ਨੇ ਪੁੱਛਿਆ, ”ਫ਼ੇਰ ਕਿਮੇਂ ਹੋਈ ਬਈ?”
ਅਮਲੀ ਕਹਿੰਦਾ, ”ਫ਼ੇਰ ਕਿਮੇਂ ਹੋਣ ਸੀ। ਸਹੁਰੀ ਜਦੋਂ ਕਿਸੇ ਹੋਰ ਦੇ ਦਰਵਾਜੇ ਮੂਹਰੇ ਤਾਰ ਕੇ ਆ ਗਿਆ ਤਾਂ ਬਹੂ ਨੂੰ ਪਤਾ ਨਾ ਲੱਗੇ ਬਈ ਮੈਂ ਕਿੱਧਰ ਜਾਮਾਂ। ਜਦੋਂ ਉਹਨੇ ਪਿੰਡ ‘ਚ ਕਿਸੇ ਨੂੰ ਦੱਸਿਆ ਬਈ ਮੈਂ ਤਾਂ ਫ਼ਲਾਨਿਆਂ ਦੀ ਕੁੜੀ ਆਂ, ਫ਼ੇਰ ਕਿਤੇ ਜਾ ਕੇ ਕੁੜੀ ਨੂੰ ਉਹਦੇ ਘਰੇ ਛੱਡ ਕੇ ਆਏ। ਹੁਣ ਭਜਨੀ ਡਰਦਾ ਬਹੂ ਨੂੰ ਲੈਣ ਨ੍ਹੀ ਜਾਂਦਾ ਬਈ ਸਹੁਰੇ ਕਿਤੇ ਦੁੜਮੜੀ ਨਾ ਲਾ ਦੇਣ। ਸਹੁਰੇ ਕੁੜੀ ਨੂੰ ਛੱਡਣ ਨ੍ਹੀ ਆਉਂਦੇ। ਆਹ ਗੱਲ ਵੀ ਆਪਣੇ ਪਿੰਡ ਦੀਉਂ ਈ ਐ।”
ਏਨੇ ਚਿਰ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ‘ਜਿਹੜੀਆਂ ਪਿੰਡ ‘ਚ ਚੋਰੀਆਂ ਹੋ ਰਹੀਆਂ ਹਨ, ਉਨ੍ਹਾਂ ਨੂੰ ਰੋਕਣ ਲਈ ਪਿੰਡ ‘ਚ ਠੀਕਰੀ ਪਹਿਰਾ ਲਾਉਣਾ ਸ਼ੁਰੂ ਕਰਨੈਂ। ਅੱਜ ਸ਼ਾਮ ਨੂੰ ਪੰਜ ਵਜੇ ਘਰ ਘਰ ਦਾ ਬੰਦਾ ਬੱਜਵਾ ਪਤੀ ਆਲੀ ਧਰਮਸ਼ਾਲਾ ‘ਚ ਪਹੁੰਚ ਜਾਇਉ’।
ਹੋਕਾ ਸੁਣਦੇ ਸਾਰ ਹੀ ਸੱਥ ‘ਚ ਬੈਠੇ ਸਾਰੇ ਜਣੇ ਚੋਰੀ ਦੀਆਂ ਗੱਲਾਂ ਕਰਦੇ ਬੱਜਵਾ ਪੱਤੀ ਵਾਲੀ ਧਰਮਸ਼ਾਲਾ ਨੂੰ ਚੱਲ ਪਏ।