ਸੱਥ ਕੋਲ ਦੀ ਤੇਜੀ ਨਾਲ ਲੰਘੇ ਜਾਂਦੇ ਆਤਮੇ ਠੇਕੇਦਾਰ ਕੇ ਤੇਜ ਵੱਲ ਵੇਖ ਕੇ ਬਾਬਾ ਭੂਰਾ ਸਿਉਂ ਨਾਲ ਬੈਠੇ ਨਿਹਾਲੂ ਬੁੜ੍ਹੇ ਨੂੰ ਕਹਿੰਦਾ, ”ਵੇਖ ਨਿਹਾਲ ਸਿਆਂ! ਨਾਉਂ ਵੀ ਤੇਜ ਐ ਤੇ ਤੁਰਦਾ ਵੀ ਤੇਜ ਈ ਐ। ਪਤਾ ਨ੍ਹੀ ਰੱਬ ਨੇ ਗੋਡਿਆਂ ‘ਚ ਕੀ ਸਕੂਟਰ ਫ਼ਿੱਟ ਕਰ ਕੇ ਘੱਲਿਆ। ਵਾਟ ਨੂੰ ਵੱਢਦਾ ਈ ਤਰਿਆ ਜਾਂਦਾ। ਬਈ ਪਤੰਦਰਾ, ਹੌਲੀ ਤੁਰਲਾ ਗਾਹਾਂ ਮਗਰ ਪਿਆ ਕੋਈ।”
ਨਾਥਾ ਅਮਲੀ ਬਾਬੇ ਭੂਰਾ ਸਿਉਂ ਦੀ ਗੱਲ ਸੁਣ ਕੇ ਕਹਿੰਦਾ, ”ਐਨਾ ਤੇਜ ਮਨ੍ਹੀ ਤੁਰਦਾ ਬਾਬਾ ਜਿੰਨਾ ਤੂੰ ਕਹੀ ਜਾਨੈਂ। ਮਧਰ੍ਹਾ ਕੱਦ ਕਰ ਕੇ ਲੱਤਾਂ ਵੀ ਨਿੱਕੀਆਂ ਨਿੱਕੀਆਂ ਈ ਐ ਜਿਮੇਂ ਰੱਬ ਤੋਂ ਕਿਤੇ ਗਲਤੀ ਨਾਲ ਵੱਡੇ ਬੰਦੇ ਦੇ ਨਿੱਕੇ ਜੁਆਕ ਦੀਆਂ ਲੱਤਾਂ ਫ਼ਿੱਟ ਹੋ ਗੀਆਂ ਹੋਣ। ਮੋੜ ਮੋੜ ਕੇ ਥਾਈਂ ਈ ਪੈਰ ਧਰੀ ਜਾਂਦੈ। ਆਪਾਂ ਨੂੰ ਇਉਂ ਲੱਗਦਾ ਜਿਮੇਂ ਬਾਹਲ਼ਾ ਈ ਤੇਜ ਤੁਰਦੈ। ਆਹ ਤਾਈ ਮਹੰਤੀ ਵੇਖ ਲਾ ਨਾਲੇ ਬੰਬਾਰ ਰਹਿੰਦੀ ਐ, ਇਹਦੇ ਤੇਜ ਦੇ ਕੋਲ ਦੀ ਵਗ ਕੇ ਇਉਂ ਨੰਘ ਗੀ ਜਿਮੇਂ ਖੱਚਰ ਰੇਹੜੀ ਕੋਲ ਦੀ ਗਰਦਿਆਲੀ ਕਿਆਂ ਆਲਾ ਫ਼ੋਰਡ ਟਰੈਗਟ ਨੰਘ ਗਿਆ ਹੋਵੇ। ਤੂੰ ਗਾਹਾਂ ਇਹਨੂੰ ਮਿਲਖਾ ਬਣਾਈ ਜਾਨੈਂ।”
ਨਿਹਾਲੂ ਬੁੜ੍ਹਾ ਕਹਿੰਦਾ, ”ਪਹਿਲਾਂ ਤਾਂ ਨ੍ਹੀ ਸੀ ਭੂਰਾ ਸਿਆਂ ਐਨਾ ਤੇਜ ਤੁਰਦਾ। ਇਹ ਤਾਂ ਹੁਣ ਈ ਡੂਢ ਕੁ ਮਹੀਨੇ ਦਾ ਪੂੰਛ ਨੂੰ ਅੱਗ ਲੱਗੀ ਆਲੀ ਬਾਂਦਰੀ ਆਂਗੂੰ ਭੱਜਣ ਲੱਗਿਆ। ਪਹਿਲਾਂ ਤਾਂ ਇਉਂ ਤੁਰਦਾ ਹੁੰਦਾ ਸੀ ਜਿਮੇਂ ਗਿੱਟੇ ‘ਤੇ ਰਸੌਲੀ ਨਿੱਕਲੀ ਵੀ ਸੀ। ਹੁਣ ਪਤੰਦਰ ਸਾਰੀ ਦਿਹੜੀ ਚੱਕਮੇਂ ਪੈਰਾਂ ‘ਤੇ ਈ ਰਹਿੰਦਾ। ਇਹ ਤਾਂ ਕੋਈ ਗੱਲ ਐ। ਐਮੇਂ ਤਾਂ ਨ੍ਹੀ ਚੌਂਹ ਦਿਨਾਂ ‘ਚ ਚਾਲ ਬਣੀ।”
ਲੱਲ੍ਹਿਆਂ ਦਾ ਭਾਂਗਰ ਕਹਿੰਦਾ, ”ਰਾਮ ਲਾਲ ਕੇ ਜੈ ਰਾਮ ਪੰਡਤ ਕੋਲੋਂ ਤੇਜ ਤੁਰਨ ਆਲਾ ਕੋਈ ਧਾਗਾ ਤਵੀਤ ਲਿਆਇਆ ਲੱਗਦੈ।”
ਮਾਹਲਾ ਨੰਬਰਦਾਰ ਟਿੱਚਰ ‘ਚ ਕਹਿੰਦਾ, ”ਲੋਗੜੀ ਨੂੰ ਫੁੱਲ ਫ਼ੱਲ ਲੱਗਦੇ ਦੀਂਹਦੇ ਹੋਣੇ ਐ। ਏਨੇ ਨਾਲ ਚਾਲ ਬਦਲਗੀ। ਹੋਰ ਕਿਤੇ ਘਰੇ ਬੈਠੇ ਨੂੰ ਪਿਲਸਨ ਤਾਂ ਨ੍ਹੀ ਆਉਣ ਲੱਗ ਗੀ।”
ਸੀਤੇ ਮਰਾਸੀ ਨੇ ਨੰਬਰਦਾਰ ਨੂੰ ਪੁੱਛਿਆ, ”ਲੋਗੜੀ ਆਲੀ ਗੱਲ ਨੰਬਰਦਾਰਾ ਸਮਝਿਆ ਨ੍ਹੀ ਮੈਂ ਬਈ ਲੋਗੜੀ ਕਿੱਥੋਂ ਲਿਆ ਕੇ ਫ਼ਸਾ ‘ਤੀ ਸੱਥ ‘ਚ?”
ਨੰਬਰਦਾਰ ਕਹਿੰਦਾ, ”ਸਾਕ ਸੂਕ ਨੂੰ ਹਾਂਅ ਹੂੰਅ ਹੋ ਗੀ ਹੋਣੀ ਐ ਕਿਤੋਂ ਹੋਰ ਕਿਤੇ ਗਾਹਾਂ ਲੋਗੜੀ ਦੀ ਹੱਟ ਤਾਂ ਨ੍ਹੀ ਕਰ ਕੇ ਬਹਿ ਗਿਆ। ਸਮਝ ਵੀ ਲਿਆ ਕਰੋ ਯਾਰ ਕੋਈ ਗੱਲ। ਗੱਲ ਤਾਂ ਕੋਈ ਨਾ ਕੋਈ ਜਰੂਰ ਹੈਅ ਗੀ ਐ। ਐਮੇਂ ਨ੍ਹੀ ਬਾਈ ਬਿਨਾਂ ਗੱਲ ਤੋਂ ਬੰਬੂਕਾਟ ਬਣਿਆ ਫ਼ਿਰਦਾ।”
ਨਾਥਾ ਅਮਲੀ ਕਹਿੰਦਾ, ”ਗੱਲ ਨੂੰ ਗਾਹਾਂ ਇਹਨੂੰ ਲੈਟਰੀ ਨਿੱਕਲ ਆਈ ਬਈ ਬੱਕਰੀ ਨੋਟ ਨ੍ਹੀ ਖਾਂਦੀ। ਉਈਂ ਪਤੰਦਰੋ ਜਿਹੜੀ ਗੱਲ ਦੇ ਮਗਰ ਪੈ ਜਾਨੇਂ ਐ, ਸਮਾਨ ਨੂੰ ਟਾਕੀ ਲਾ ਕੇ ਹਟਦੇ ਐਂ।”
ਨਿਹਾਲੂ ਬੁੜ੍ਹਾ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਤੇਰੇ ਕਹਿਣ ਤੋਂ ਨੰਬਰਦਾਰਾ ਬਈ ਸਾਕ ਹੋ ਗਿਆ ਇਹਨੂੰ ਕੋਈ?”
ਨੰਬਰਦਾਰ ਕਹਿੰਦਾ, ”ਲੱਗਦਾ ਤਾਂ ਇਉਂ ਈ ਐ, ਬਾਕੀ ਫ਼ੇਰ ਭਾਈ ਰੱਬ ਦੇ ਰੰਗਾਂ ਦਾ ਮਨ੍ਹੀ ਪਤਾ ਬਈ ਕਿਹੜਾ ਰੰਗ ਉੱਘੜ ਜੇ ਤੇ ਕਿਹੜਾ ਚੜ੍ਹ ਜੇ। ਅੱਗੇ ਵੀ ਤਾਂ ਇਹਨੂੰ ਵੇਖਣ ਆਲੇ ਆਏ ਐ, ਕਿਸੇ ਨੇ ਹਾਂਅ ਈ ਨ੍ਹੀ ਕਹੀ। ਇਹ ਨ੍ਹੀ ਪਤਾ ਲੱਗਿਆ ਬਈ ਵੇਖਣ ਆਏ ਮੁੜ ਕਿਉਂ ਜਾਂਦੇ ਐ। ਤੇਜ ‘ਚ ਤਾਂ ਕੋਈ ਨੁਕਸ ਮਨ੍ਹੀ। ਸੋਹਣਾ ਸਨੱਖਾ ਮੁੰਡੈ, ਬਾਕੀ ਕੰਮ ਦੇ ਬੜਾ ਲਾਗੂ ਐ। ਪੰਜ ਸੱਤ ਕਿੱਲੇ ਤਾਂ ਭੂਰਾ ਸਿਆਂ ਆਉਂਦੇ ਈ ਹੋਣਗੇ ਕੁ ਨਹੀਂ?”
ਨਾਥਾ ਅਮਲੀ ਕਹਿੰਦਾ, ”ਮਾਹਲਾ ਸਿਉਂ ਨੰਬਰਦਾਰ ਤਾਂ ਕਹਿੰਦਾ ਨੌਣੇ ਪੌਂ ਕਿੱਲਿਆਂ ਦਾ ਮਾਮਲਾ ਭਰਦੇ ਐ। ਬਾਕੀ ਨੰਬਰਦਾਰ ਨੂੰ ਪੁੱਛ ਲੋ ਹੁਣ ਤਾਂ ਇਹ ਵੀ ਕੋਲੇ ਬੈਠੈ। ਕਿਉਂ ਨੰਬਰਦਾਰਾ! ਕਿੰਨੇ ਕਿੱਲਿਆਂ ਦਾ ਮਾਮਲਾ ਭਰਦੇ ਐ?”
ਨੰਬਰਦਾਰ ਨਾਥੇ ਅਮਲੀ ਦੀ ਗਿਣਤੀ ਤੋਂ ਹੱਸ ਕੇ ਕਹਿੰਦਾ, ”ਨੌਣੇ ਪੌਂ ਨ੍ਹੀ ਓਏ ਅਮਲੀਆ, ਪੌਣੇ ਨੌ ਹੁੰਦੇ ਐ। ਪਤਾ ਨ੍ਹੀ ਪਤੰਦਰਾ ਕਿਹੜੀ ਪਾੜ੍ਹਤ ਪੜ੍ਹਿਆ ਵਿਆਂ। ਮੈਂ ਵੀ ਸੋਚਾਂ ਬਈ ਇਹ ਨੌਣੇ ਪੌਂ ਕਿਹੜੀ ਪਾੜ੍ਹਤ ਐ।”
ਏਨੇ ਚਿਰ ਨੂੰ ਜਿਉਂ ਹੀ ਪ੍ਰਤਾਪਾ ਭਾਊ ਸੱਥ ‘ਚ ਆਇਆ ਤਾਂ ਸੀਤਾ ਮਰਾਸੀ ਭਾਊ ਵੱਲ ਇਸ਼ਾਰਾ ਕਰ ਕੇ ਬੋਲਿਆ, ”ਲਉ ਆਹ ਭਾਊ ਆ ਗਿਆ ਤੇਜ ਦਾ ਗੁਆਂਢੀ, ਇਹਨੂੰ ਪੁੱਛ ਲੋ ਤੇਜ ਬਾਰੇ ਬਈ ਇਹਨੂੰ ਸਾਕ ਕਰਨ ਆਲੇ ਵੇਖ ਕੇ ਕਿਉਂ ਮੁੜ ਜਾਂਦੇ ਐ?”
ਨਾਥਾ ਅਮਲੀ ਮਰਾਸੀ ਦੀ ਗੱਲ ਸੁਣ ਕੇ ਕਹਿੰਦਾ, ”ਸਾਕ ਆਲੇ ਤਾਂ ਮੈਂ ਦੱਸ ਦਿੰਨਾਂ ਬਈ ਕਾਕੇ ਨੂੰ ਵੇਖ ਕੇ ਮੁੜ ਕਿਉਂ ਜਾਂਦੇ ਐ?”
ਬਾਬਾ ਭੂਰਾ ਸਿਉਂ ਕਹਿੰਦਾ, ”ਦੱਸੇਂਗਾ ਕਦੋਂ ਅਮਲੀਆ ਜਦੋਂ ਤੇਜ ਦਾ ਮੰਗਣਾ ਹੋ ਗਿਆ ਬਈ ਸਾਕ ਕਰਨ ਆਲੇ ਤੇਜ ਨੂੰ ਵੇਖ ਕੇ ਮੁੜ ਕਿਉਂ ਜਾਂਦੇ ਸੀ। ਬਾਸ੍ਹੜੀਏ ਤੋਂ ਮਗਰੋਂ ਚੌਲ ਰਿੰਨ੍ਹ ਕੇ ਕੀ ਕਰਨੇ ਐਂ। ਗੱਲ ਤਾਂ ਹੁਣ ਦੱਸਣ ਆਲੀ ਐ।”
ਅਮਲੀ ਕਹਿੰਦਾ, ”ਲੈ ਸੁਣ ਲਾ ਫ਼ਿਰ ਬਾਬਾ। ਮੇਰੀ ਮਾਸੀ ਦਾ ਮੁੰਡਾ ਭਾਨੇ ਕਾ ਦਿਆਲ ਵੀ ਇਹਦਾ ਤੇਜ ਦਾ ਵਚੋਲਾ ਬਣਦਾ ਸੀ। ਦਿਆਲਾ ਖਨੌਰੀ ਪਾਤੜਾਂ ਤੋਂ ਆਵਦੀ ਸਾਲੀ ਦੀ ਕੁੜੀ ਦਾ ਸਾਕ ਕਰਾਉਂਦਾ ਸੀ ਤੇਜ ਨੂੰ। ਜਦੋਂ ਦਿਆਲੇ ਦਾ ਸਾਢੂ ਤੇ ਪੰਜ ਸੱਤ ਬੰਦੇ ਹੋਰ ਤੇਜ ਨੂੰ ਵੇਖਣ ਆਏ ਤਾਂ ਮੈਂ ਤੇ ਮਖਤਿਆਰਾ ਬਿੰਬਰ ਵੀ ਉਨ੍ਹਾਂ ਦੇ ਨਾਲ ਵਗ ਗੇ ਤੇਜ ਕੇ ਘਰੇ। ਚਲੋ ਮੁੰਡਾ ਤਾਂ ਅਗਲਿਆਂ ਦੇ ਪਸਿੰਦ ਆ ਗਿਆ। ਘਰ ਬਾਰ ਵੀ ਪੱਕਾ ਵੇਖ ਕੇ ਜਮੀਨ ਫ਼ਿਟ ਬਹਿ ਗੀ ਬਈ ਅੱਠ ਨੌਂ ਕਿੱਲੇ ਬਹੁਤ ਐ। ਨਾਲੇ ਆਪਣੇ ਪਿੰਡ ‘ਚ ਤਾਂ ਪੰਜਾਂ ਸੱਤਾਂ ਘਰਾਂ ਕੋਲੇ ਈ ਐ ਅੱਠ ਨੌਂ ਕਿੱਲੇ। ਬਾਕੀ ਦੇ ਤਾਂ ਤਿੰਨ ਚਾਰ ਪੰਜਾਂ ਆਲੇ ਈ ਐ।”
ਅਮਲੀ ਦੀ ਗੱਲ ਸੁਣ ਕੇ ਨਿਹਾਲੂ ਬੁੜ੍ਹਾ ਅਮਲੀ ਨੂੰ ਟਿੱਚਰ ‘ਚ ਕਹਿੰਦਾ, ”ਹੁਣ ਤੂੰ ਸਾਕ ਦੀ ਗੱਲ ਦੱਸੇਂਗਾ ਵੀ ਕੁ ਪਿੰਡ ਦੀ ਮਰੱਬੇ ਬੰਦੀ ਕਰੀ ਜਾਏਂਗਾ?”
ਨਾਥਾ ਅਮਲੀ ਕਹਿੰਦਾ, ”ਬਾਕੀ ਦਿਆਂ ਤਾਂ ਮੈਨੂੰ ਪਤਾ ਨ੍ਹੀ, ਪਰ ਜਿਹੜੇ ਮੇਰੇ ਮਸੇਰ ਨਾਲ ਆਏ ਸੀ ਉਨ੍ਹਾਂ ਦੀ ਤਾਂ ਮੈਂ ਸੋਨੂੰ ਦੱਸ ਦਿੰਨਾਂ ਬਈ ਕੀ ਕਹਿ ਕੇ ਮੁੜ ਗੇ ਸੀ।”
ਬਾਬਾ ਭੂਰਾ ਸਿਉਂ ਕਹਿੰਦਾ, ”ਚੱਲ ਉਨ੍ਹਾਂ ਦੀ ਤਾਂ ਦੱਸ ਬਾਕੀਆਂ ਬਾਰੇ ਹੋਰ ਸਹੀ ਕਿਸੇ ਤੋਂ।”
ਅਮਲੀ ਕਹਿੰਦਾ, ”ਜਦੋਂ ਅਸੀਂ ਤੇਜ ਕੇ ਘਰੇ ਖਨੌਰੀ ਪਾਤੜਾਂ ਆਲਿਆਂ ਨਾਲ ਗਏ ਤਾਂ ਤੇਜ ਕਿਆਂ ਨੇ ਪੂਰੀ ਬੰਬ ਸੇਵਾ ਕੀਤੀ।”
ਸੀਤੇ ਮਰਾਸੀ ਨੇ ਚੱਲਦੀ ਗੱਲ ‘ਚ ਅਮਲੀ ਨੂੰ ਪੁੱਛਿਆ, ”ਜਦੋਂ ਅਮਲੀਆ ਤੁਸੀਂ ਗਏ ਸੀ ਖਨੌਰੀ ਪਾਤੜਾਂ ਆਲਿਆ ਨਾਲ, ਵਚੋਲਾ ਕੌਣ ਸੀ?”
ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਬਾਬੇ ਭੂਰਾ ਸਿਉਂ ਨੂੰ ਕਹਿੰਦਾ, ”ਲੈ ਦੱਸ ਬਾਬਾ ਵਚੋਲਾ ਕੌਣ ਸੀ। ਅਕੇ ਸਾਰੀ ਰਾਤ ਰੋਈ ਗਈ, ਤੜਕੇ ਪਤਾ ਲੱਗਿਆ ਬਈ ਬੁੜ੍ਹਾ ਤਾਂ ਗੁਆਂਢੀਆਂ ਦਾ ਮਰਿਆ, ਮੈਂ ਐਮੇਂ ਈ ਸਾਰੀ ਰਾਤ ਸਿਆਪਾ ਕਰੀ ਗਈ। ਉਹ ਗੱਲ ਮਰਾਸੀ ਨੇ ਕਰ ‘ਤੀ।”
ਅਮਲੀ ਦੀ ਗੱਲ ਦੇ ਵਿੱਚ ਬੋਲਿਆ ਸੁਣ ਕੇ ਬਾਬਾ ਭੂਰਾ ਸਿਉਂ ਮਰਾਸੀ ਨੂੰ ਕਹਿੰਦਾ, ”ਚੁੱਪ ਨ੍ਹੀ ਕਰਦਾ ਓਏ ਮੀਰ। ਗੱਲ ਸੁਣ ਦੇ ਯਾਰ, ਹੋਰ ਆਵਦੀਓ ਈ ਖੋਤੀ ਰੇੜ੍ਹੀ ਭਜਾ ਤੁਰਦੈਂ ਵਿੱਚ।”
ਸੀਤੇ ਮਰਾਸੀ ਨੂੰ ਚੁੱਪ ਕਰਾ ਕੇ ਬਾਬਾ ਭੂਰਾ ਸਿਉਂ ਫ਼ੇਰ ਹੋਇਆ ਨਾਥੇ ਅਮਲੀ ਵੱਲ ਨੂੰ। ਅਮਲੀ ਨੂੰ ਕਹਿੰਦਾ, ”ਗਾਹਾਂ ਸਣਾ ਅਮਲੀਆ ਕਿਮੇਂ ਹੋਈ ਫ਼ਿਰ?”
ਅਮਲੀ ਕਹਿੰਦਾ, ”ਜਦੋਂ ਬਾਬਾ ਅਸੀਂ ਤੇਜ ਕੇ ਘਰੇ ਬੈਠੇ ਗੱਲਾਂ ਕਰਦੇ ਸੀ ਤਾਂ ਉਨ੍ਹਾਂ ਖਨੌਰੀ ਪਾਤੜਾਂ ਆਲਿਆਂ ‘ਚ ਦੋ ਬੱਗੀਆਂ ਦਾੜ੍ਹੀਆਂ ਆਲੇ ਸਿਆਣੇ ਬੰਦੇ ਲੱਗਦੇ ਸੀ। ਉਹ ਦੋਮੇਂ ਆਪਸ ਵਿੱਚ ਹੌਲੀ ਹੌਲੀ ਕੰਨ ਚੀ ਗੱਲਾਂ ਕਰੀ ਜਾਣ। ਇੱਕ ਬਾਬਾ ਜਾ ਕਹਿੰਦਾ ਦੂਜੇ ਨੂੰ ‘ਭਜਨ ਸਿਆਂ! ਹਰਨਾਮ ਸਿਉਂ ਆਵਦੀ ਕੁੜੀ ਦੇ ਰਿਸਤੇ ਦੀ ਖਾਤਰ ਆਪਾਂ ਨੂੰ ਏਸ ਘਰੇ ਲੈ ਕੇ ਆਇਆ ਬਈ ਆਪਾਂ ਚੰਗੀ ਸਲਾਹ ਦੇਮਾਂਗੇ। ਇਹੀ ਗੱਲ ਐ ਨਾਹ। ਹੁਣ ਜੇ ਆਪਾਂ ਸਹੀ ਗੱਲ ਨਾ ਦੱਸੀਏ ਤਾਂ ਆਪਣਾ ਨਾਲ ਆਇਆਂ ਦਾ ਕੀ ਫ਼ੈਦਾ। ਪਿੰਡ ਦੀਆਂ ਧੀਆਂ ਧਿਆਣੀਆਂ ਤਾਂ ਸਭ ਦੀਆਂ ਸਾਂਝੀਆਂ ਈ ਹੁੰਦੀਐਂ। ਹਰਨਾਮ ਸਿਉਂ ਦੀ ਧੀ ਹੋਈ ਕੁ ਆਪਣੀ ਹੋਈ। ਹੁਣ ਜਦੋਂ ਆਪਾਂ ਹਰਨਾਮ ਸਿਉਂ ਦੇ ਨਾਲ ਆ ਈ ਗਏ ਆਂ, ਆਪਾਂ ਨੂੰ ਏਸ ਘਰ ਦੀ ਸਾਰੀ ਗੱਲ ਹਰਨਾਮ ਸਿਉਂ ਕੋਲੇ ਨਖੇਰ ਦੇਣੀ ਚਾਹੀਦੀ। ਬਾਕੀ ਫ਼ੇਰ ਉਹਦੀ ਮਰਜੀ ਰਹੀ, ਸਾਕ ਕਰੇ ਨਾ ਕਰੇ’। ਉਹ ਦੂਜੇ ਬਾਬੇ ਨੇ ਪੁੱਛਿਆ ‘ਤੂੰ ਕੀ ਕਹਿਣਾ ਚਾਹੁੰਣੈ, ਖੁੱਲ੍ਹ ਕੇ ਗੱਲ ਕਰ, ਆਪਾਂ ਹਰਨਾਮ ਸਿਉਂ ਨੂੰ ਪਿੰਡ ਜਾ ਕੇ ਦੱਸ ਦਿਆਂਗੇ’। ਉਹ ਪਹਿਲਾ ਬੁੜ੍ਹਾ ਜਾ ਕਹਿੰਦਾ ‘ਇਨ੍ਹਾਂ ਦੇ ਉਹ ਤਾਂ ਹੈਨ੍ਹੀ। ਦੂਜਾ ਵੀ ਬੋਲਿਆ ਫ਼ੇਰ। ਦੂਜਾ ਕਹਿੰਦਾ ‘ਜੇ ਉਹ ਨ੍ਹੀ ਤਾਂ ਹੋ ਮਨ੍ਹੀ ਹੋਣੇ ਫ਼ਿਰ’। ਏਨੀ ਗੱਲ ਕਹਿ ਕੇ ਬਾਬਾ ਉਹ ਸਾਕ ਕਰਨ ਆਏ ਉਠ ਕੇ ਤੁਰ ਗੇ। ਪਤਾ ਕਿਸੇ ਨੂੰ ਨਾ ਲੱਗਿਆ ਬਈ ਉਹ ਦੋਮੇਂ ਬੁੜ੍ਹੇ ਜੇ ਕੀ ਘੁਸਰ-ਮੁਸਰ ਜੀ ਕਰ ਕੇ ਉਠ ਗੇ।”
ਬਾਬਾ ਭੂਰਾ ਸਿਉਂ ਨਾਥੇ ਅਮਲੀ ਦੀ ਗੱਲ ਸੁਣ ਕੇ ਉੱਚੀ ਉੱਚੀ ਹੱਸ ਕੇ ਅਮਲੀ ਨੂੰ ਕਹਿੰਦਾ, ”ਨਾਥਾ ਸਿਆਂ-ਨਾਥਾ ਸਿਆਂ! ਉਹ ਬੰਦੇ ਸਾਰੇ ਪਿੰਡ ‘ਚੋਂ ਸਿਰੇ ਦੇ ਕਾਢੂ ਸੀ ਜਿਹੜੇ ਆਹ ਗੱਲ ਕਰ ਕੇ ਗਏ ਐ ਜਿਹੜੀ ਤੂੰ ਦੱਸਦੈਂ ਬਈ ਉਹ ਆਹ ਗੱਲਾਂ ਕਰਦੇ ਸੀ।”
ਨਾਥੇ ਅਮਲੀ ਨੇ ਬਾਬੇ ਨੂੰ ਪੁੱਛਿਆ, ”ਉਨ੍ਹਾਂ ਦਾ ਤਾਂ ਬਾਬਾ ਨਹੀਂ ਪਤਾ ਲੱਗਿਆ ਹੁਣ ਤੂੰ ਈਂ ਦੱਸਦੇ ਬਈ ਉਹ ਹੈਨੀ, ਦੂਜਾ ਕਹਿੰਦਾ ਉਹ ਵੀ ਹੈਨ੍ਹੀ ਆਲੀ ਕੀ ਗੱਲ ਸੀ। ਕੀ ਹੈਨ੍ਹੀ ਤੇਜ ਕੇ ਘਰੇ। ਸਾਨੂੰ ਵੀ ਪਤਾ ਲੱਗੇ ਕੁਸ।”
ਬਾਬਾ ਭੂਰਾ ਸਿਉਂ ਕਹਿੰਦਾ, ”ਚੂਹਿਆਂ ਨੂੰ ਕਹਿੰਦੇ ਸੀ ਨਾਥਾ ਸਿਆਂ ਉਹੋ। ਦੂਜਾ ਦਾਣਿਆਂ ਦੀ ਗੱਲ ਕਰ ਗਿਆ ਹੋਣਾ ਬਈ ਦਾਣੇ ਵੀ ਹੈਨ੍ਹੀ ਇਨ੍ਹਾਂ ਦੇ।”
ਨਿਹਾਲੂ ਬੁੜ੍ਹਾ ਬਾਬੇ ਭੂਰਾ ਸਿਉਂ ਨੂੰ ਕਹਿੰਦਾ, ”ਗੁਣੇ ਪਾ ਕੇ ਸਮਝਾਅ ਭੂਰਾ ਸਿਆਂ। ਆਏਂ ਨ੍ਹੀ ਪਤਾ ਲੱਗਣਾ ਇਹਨੂੰ।”
ਬਾਬਾ ਨਾਥੇ ਅਮਲੀ ਨੂੰ ਕਹਿੰਦਾ, ”ਉਹ ਪਹਿਲੇ ਬਜ਼ੁਰਗ ਨੇ ਦੂਜੇ ਨੂੰ ਕਿਹਾ ਸੀ ਬਈ ਇਨ੍ਹਾਂ ਦੇ ਉਹ ਤਾਂ ਹੈਨ੍ਹੀ। ਉਹਦਾ ਕਹਿਣ ਦਾ ਮਤਲਬ ਸੀ ਬਈ ਇਨ੍ਹਾਂ ਦੇ ਚੂਹੇ ਤਾਂ ਹੈਨ੍ਹੀ। ਦੂਜੇ ਨੇ ਕਿਹਾ ਸੀ ਬਈ ਜੇ ਉਹ ਨ੍ਹੀ ਤਾਂ ਉਹ ਮਨ੍ਹੀ ਹੋਣੇ ਫ਼ਿਰ। ਦੂਜੇ ਦਾ ਮਤਲਬ ਸੀ ਬਈ ਜੇ ਚੂਹੇ ਨ੍ਹੀ ਤਾਂ ਦਾਣੇ ਮਨ੍ਹੀ ਹੋਣੇ ਇਨ੍ਹਾਂ ਦੇ। ਆਹ ਗੱਲ ਐ ਅਮਲੀ ਸਿਆਂ। ਇਹ ਤਾਂ ਕਮਲੇ ਤੋਂ ਕਮਲੇ ਬੰਦੇ ਨੂੰ ਵੀ ਪਤਾ ਬਈ ਜੇ ਘਰੇ ਦਾਣੇ ਹੋਣਗੇ ਤਾਂ ਚੂਹੇ ਵੀ ਹੋਣਗੇ। ਚੂਹਿਆਂ ਨੇ ਵੀ ਤਾਂ ਦਾਣਿਆਂ ‘ਤੇ ਈ ਭੰਗੜੇ ਪਾਉਣੇ ਐ। ਜੀਹਦੇ ਘਰੇ ਦਾਣੇ ਨ੍ਹੀ ਹੋਣਗੇ ਭੁੱਖੇ ਮਰਨਾ ਚੂਹਿਆਂ ਨੇ ਉਨ੍ਹਾਂ ਦੇ ਘਰੇ। ਜਿੰਨੇ ਵੀ ਤੇਜ ਨੂੰ ਸਾਕ ਕਰਨ ਆਏ ਮੁੜੇ ਐ ਏਸੇ ਕਰਕੇ ਮੁੜੇ ਹੋਣੇ ਐ।”
ਅਮਲੀ ਬਾਬੇ ਦੀ ਗੱਲ ਸੁਣ ਕੇ ਟਿੱਚਰ ‘ਚ ਕਹਿੰਦਾ, ”ਫ਼ੇਰ ਤਾਂ ਬਾਬਾ ਜੇ ਤੇਜ ਨੇ ਵਿਆਹ ਕਰਾਉਣੈ ਤਾਂ ਵੀਹ ਪੱਚੀ ਚੂਹੇ ਰੱਖ ਲੇ। ਘਰੇ ਦਾਣੇ ਹੋਣ ਨਾ ਹੋਣ। ਜਦੋਂ ਤੇਜ ਨੂੰ ਵੇਖਣ ਆਲੇ ਆਉਣ, ਉਦੋਂ ਘਰੇ ਚੂਹੇ ਛੱਡ ਦਿਆ ਕਰਨ। ਫ਼ੇਰ ਵੇਖ ਸਾਕ ਹੁੰਦਾ।”
ਅਮਲੀ ਦੀ ਗੱਲ ਸੁਣ ਕੇ ਸਾਰੀ ਸੱਥ ਹੱਸ ਪਈ। ਗੱਲ ਸੁਣ ਕੇ ਤੇਜ ਦੇ ਚਾਚੇ ਦਾ ਮੁੰਡਾ ਜੈਲਾ ਕਿਤੇ ਤਾਸ਼ ਖੇਡੀ ਜਾਂਦਿਆਂ ਦੇ ਉਹਲੇ ਬੈਠਾ ਗੱਲਾਂ ਸੁਣੀ ਜਾਂਦਾ ਸੀ। ਅਮਲੀ ਦੇ ਮੂੰਹੋਂ ਚੂਹੇ ਰੱਖਣ ਵਾਲੀ ਗੱਲ ਸੁਣ ਕੇ ਜੈਲਾ ਨਾਥੇ ਅਮਲੀ ਨੂੰ ਗੁੱਸੇ ‘ਚ ਕਹਿੰਦਾ, ”ਜਦੋਂ ਤੈਨੂੰ ਸਾਕ ਹੋਇਆ ਸੀ ਓਏ ਵਿੰਗੜਾ ਜਿਆ, ਉਦੋਂ ਸੋਡੇ ਬੁੜ੍ਹੇ ਨੇ ਚੂਹੇ ਰੱਖੇ ਸੀ। ਮਾਰੀ ਨਾ ਜੇ ਧਲੀੜ ਕੇ, ਧਰਤੀ ਬਸਾਰ ਅਰਗੀ ਦਿਸੂ। ਵੱਡਾ ਆਇਆ ਇਹੇ ਬਾਹਲਾ ਸਿਆਣਾ।”
ਜੈਲੇ ਨੂੰ ਗੁੱਸੇ ‘ਚ ਆਇਆ ਵੇਖ ਕੇ ਬਾਬਾ ਭੂਰਾ ਸਿਉਂ ਜੈਲੇ ਨੂੰ ਚੁੱਪ ਕਰਾਉਂਦਾ ਅਮਲੀ ਨੂੰ ਕਹਿੰਦਾ, ”ਚੱਲੋ ਉਏ ਅਮਲੀਆ, ਉੱਠੋ ਘਰਾਂ ਨੂੰ ਤੁਰੋ। ਐਮੇ ਲੜ ਪੋਂ ਗੇ।”
ਬਾਬੇ ਦਾ ਦੱਬਕਾ ਸੁਣ ਕੇ ਸਾਰੀ ਸੱਥ ਅਮਲੀ ਤੇ ਜੈਲੇ ਦੀਆਂ ਗੱਲਾਂ ਕਰਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।










