ਸਾਡੀ ਸਿਹਤ, ਸਰੀਰਕ ਦਿੱਖ, ਕਾਰਗੁਜ਼ਾਰੀ ਤੇ ਸਾਡੀਆਂ ਭਾਵਨਾਵਾਂ ਉਨ੍ਹਾਂ ਤੱਤਾਂ ਨਾਲ ਨਿਰਧਾਰਿਤ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਭੋਜਨ ਰਾਹੀਂ ਗ੍ਰਹਿਣ ਕਰਦੇ ਹਾਂ। ਕਹਾਵਤ ਹੈ, ‘ਜੈਸਾ ਅੰਨ, ਵੈਸਾ ਮਨ’। ਇਸ ਦੀ ਪੁਸ਼ਟੀ ਡੇਵਿਡ ਨੇ ਆਪਣੀ ਕਿਤਾਬ ‘ਲੈੱਟਸ ਈਟ ਰਾਈਟ ਟੂ ਕੀਪ ਫ਼ਿੱਟ’ ਵਿੱਚ ਕੀਤੀ ਹੈ।
ਅਸੀਂ ਖੁਸ਼ ਰਹਿੰਦੇ ਹਾਂ ਜਾਂ ਉਦਾਸ ਜਾਂ ਸਦਾ ਹੀ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦੇ ਹਾਂ; ਅਸੀਂ ਸਰੀਰਕ ਤੇ ਮਾਨਸਿਕ ਤੌਰ ‘ਤੇ ਨੌਜਵਾਨ ਹਾਂ ਜਾਂ ਥੱਕੇ ਹਾਰੇ ਬਜ਼ੁਰਗ; ਸਾਡੀ ਸੋਚ ਸਥਿਰ ਹੈ ਜਾਂ ਡਾਵਾਂਡੋਲ; ਅਸੀਂ ਸਮਾਜਿਕ ਜਾਂ ਆਰਥਿਕ ਤੌਰ ‘ਤੇ ਉੱਨਤੀ ਦੀ ਇੱਛਾ ਰੱਖਦੇ ਹਾਂ ਜਾਂ ਗਰੀਬੀ ਵਿੱਚ ਹੀ ਗੁਜ਼ਾਰਾ ਕਰਨਾ ਚਾਹੁੰਦੇ ਹਾਂ; ਇਹ ਸਭ ਸਾਡੀ ਖਾਧੀ ਖੁਰਾਕ ‘ਤੇ ਨਿਰਭਰ ਕਰਦਾ ਹੈ।
ਪੌਸ਼ਟਿਕ ਭੋਜਨ ਅਤੇ ਖਾਣ ਦੀਆਂ ਸਿਹਤਮੰਦ ਆਦਤਾਂ ਨਾ ਸਿਰਫ਼ ਸਾਨੂੰ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਕਤੀ ਮੁਹੱਈਆ ਕਰਦੀਆਂ ਹਨ, ਬਲਕਿ ਸਾਡੀ ਸੋਚ ਨੂੰ ਪ੍ਰਗਤੀਸ਼ੀਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਭੋਜਨ ਤੋਂ ਹਾਸਲ ਪੌਸ਼ਟਿਕ ਤੱਤ ਸਰੀਰ ਦੇ ਸਮੁੱਚੇ ਅੰਗਾਂ ਤੇ ਪੱਠਿਆਂ ਨੂੰ ਸਿਹਤਮੰਦ ਬਣਾਉਂਦੇ ਹਨ। ਘਟੀਆ ਖਾਣਾ ਤੇ ਮਾੜੀਆਂ ਆਦਤਾਂ ਸਰੀਰਕ ਰੋਗ ਨੂੰ ਸੱਦਾ ਦੇਣ ਲੱਗਦੀਆਂ ਹਨ। ਸੰਤੁਲਿਤ ਭੋਜਨ ਦੀ ਕਮੀ ਕਾਰਨ ਵਿਅਕਤੀ ਤਣਾਅ ਯੁਕਤ ਤੇ ਚਿੜਚਿੜਾ ਹੋ ਜਾਂਦਾ ਅਤੇ ਛੋਟੀਆਂ ਗੱਲਾਂ ‘ਤੋਂ ਘਬਰਾਉਣ ਲੱਗਦਾ ਹੈ। ਉਹ ਤਣਾਅਗ੍ਰਸਤ ਹੋ ਜਾਂਦਾ ਹੈ। ਤਣਾਅ ਭੁੱਖ ਤੇ ਨੀਂਦ ਦੋਹਾਂ ‘ਤੇ ਅਸਰ ਪਾਉਂਦਾ ਹੈ।
ਇਹ ਜਾਨਣਾ ਜ਼ਰੂਰੀ ਹੈ ਕਿ ਸਾਡੇ ਭੋਜਨ ਵਿੱਚ ਕਿਹੜੇ ਤੱਤ ਮਹੱਤਵਪੂਰਨ ਹਨ, ਉਹ ਕੀ ਕਰਦੇ ਅਤੇ ਕਿਹੜੇ ਪਦਾਰਥਾਂ ਵਿੱਚ ਪਾਏ ਜਾਂਦੇ ਹਨ।
ਸਭ ਤੋਂ ਪਹਿਲਾ ਨੰਬਰ ਪ੍ਰੋਟੀਨ ਦਾ ਆਉਂਦਾ ਹੈ । ਪ੍ਰੋਟੀਨ ਨਾਲ ਸਰੀਰ ਨੂੰ ਏਮੀਨੋਏਸਿਡ ਮਿਲਦਾ ਹੈ ਜਿਸ ਨਾਲ ਟਿਸ਼ੂ ਤੇ ਪੱਠੇ ਤਾਕਤਵਰ ਬਣਦੇ ਹਨ। ਸਰੀਰਕ ‘ਚ ਇਨਫ਼ੈਕਸ਼ਨ ਫ਼ੈਲਾਉਣ ਵਾਲੇ ਰੋਗਾਣੂਆਂ ਨਾਲ ਲੜਨ ਲਈ ਪ੍ਰਤੀਰੋਧਕ ਤੱਤ ਵੀ ਪ੍ਰੋਟੀਨ ਤੋਂ ਹੀ ਬਣਦੇ ਹਨ। ਹਾਰਮੋਨ ਦੇ ਨਿਰਮਾਣ ਅਤੇ ਸਰੀਰ ਵਿੱਚ ਹੋਣ ਵਾਲੀਆਂ ਅਨੇਕਾਂ ਰਸਾਇਣਕ ਤਬਦੀਲੀਆਂ ‘ਚ ਸਹਿਯੋਗ ਦੇਣ ਦਾ ਕੰਮ ਵੀ ਪ੍ਰੋਟੀਨ ਦੇ ਜਿੰਮੇ ਹੁੰਦਾ ਹੈ। ਲਾਲ ਰਕਤ ਕਣ ਵੀ ਪ੍ਰੋਟੀਨ ਤੋਂ ਬਣਦੇ ਹਨ। ਪ੍ਰੋਟੀਨ ਦੁੱਧ, ਪਨੀਰ, ਦਾਲ, ਅਨਾਜ, ਮੇਵਿਆਂ ਤੋਂ ਅੱਛੀ ਤਰ੍ਹਾਂ ਮਿਲਦੇ ਹਨ।
ਕਾਰਬੋਹਾਈਡ੍ਰੇਟ ਦੇ ਮੁੱਖ ਕੰਮ ਦਿਮਾਗ, ਨਰਵਸ ਸਿਸਟਮ ਤੇ ਮਾਸਪੇਸ਼ੀਆਂ ਨੂੰ ਊਰਜਾ ਮੁਹੱਈਆ ਕਰਨਾ ਹੁੰਦਾ ਹੈ। ਕਾਰਬੋਹਾਈਡ੍ਰੇਟ ਸਾਧਾਰਨ ਤੇ ਮਿਸ਼ਰਤ ਦੋਵੇਂ ਕਿਸਮ ਦੇ ਹੁੰਦੇ ਹਨ। ਮਿਸ਼ਰਤ ਕਾਰਬੋਹਾਈਡ੍ਰੇਟ ਆਲੂ, ਚਾਵਲ, ਅਨਾਜ, ਫ਼ਲੀਆਂ ਤੇ ਮਟਰਾਂ ਵਿੱਚ ਪਾਏ ਜਾਂਦੇ ਹਨ। ਸਾਧਾਰਨ ਕਾਰਬੋਹਾਈਡ੍ਰੇਅਟ ਜਲਦੀ ਊਰਜਾ ‘ਚ ਬਦਲ ਨਹੀਂ ਸਕਦੇ, ਉਹ ਵਸਾ (ਚਰਬੀ) ਦੇ ਰੂਪ ‘ਚ ਜਮ੍ਹਾ ਹੁੰਦੇ ਰਹਿੰਦੇ ਹਨ। ਜੇ ਸਰੀਰ ਨੂੰ ਲੋੜੀਂਦੀ ਮਾਤਰਾ ਵਿੱਚ ਕਾਰਬੋਹਾਈਡ੍ਰੇਟ ਨਾ ਮਿਲੇ ਤਾਂ ਸਰੀਰ ਇਸ ਜਮ੍ਹਾਂ ਹੋਈ ਚਰਬੀ ਜਾਂ ਪ੍ਰੋਟੀਨ ਨੂੰ ਜਲਾ ਕੇ ਕਾਰਬੋਹਾਈਡ੍ਰੇਟ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਿੱਟੇ ਵਜੋਂ ਦੇਹ ‘ਚ ਪ੍ਰੋਟੀਨ ਦੀ ਘਾਟ ਪੈਦਾ ਹੋ ਜਾਂਦੀ ਅਤੇ ਜੋ ਪ੍ਰੋਟੀਨ ਸਾਡੀਆਂ ਮਾਸਪੇਸ਼ੀਆਂ ਦੀ ਮੁਰੰਮਤ ਤੇ ਰੱਖ-ਰੱਖਾਅ ‘ਤੇ ਖ਼ਰਚ ਹੋਣਾ ਚਾਹੀਦਾ ਹੈ, ਉਹ ਹੋਰਨ ਕੰਮਾਂ ਲਈ ਖ਼ਰਚ ਹੋਣ ਲੱਗਦਾ ਹੈ।
ਤੀਜਾ ਮਹੱਤਵਪੂਰਨ ਤੱਤ ਹੈ ਵਸਾ ਜਾਂ ਚਰਬੀ। ਤਾਕਤ ਜਾਂ ਸ਼ਕਤੀ ਦੇ ਇਸ ਸ੍ਰੋਤ ‘ਚ ਘੁਲਣਸ਼ੀਲ ਵਿਟਾਮਿਨਾਂ ਨੂੰ ਸੋਕਣ ਦੀ ਸਮਰੱਥਾ ਹੁੰਦੀ ਹੈ। ਭੋਜਨ ਦਾ ਸੁਆਦ ਤੇ ਖੁਸ਼ਬੋ ਇਸ ਵਿੱਚ ਮਿਲ ਜਾਂਦੇ ਹਨ। ਇਹ ਸਰੀਰਕ ਤਾਪਮਾਨ ਨੂੰ ਬਣਾਈ ਰੱਖਣ ‘ਚ ਸਹਾਇੱਕ ਹੁੰਦੀ ਹੈ। ਵਸਾ ਦੀ ਮਾਤਰਾ ਜਿਨ੍ਹਾਂ ਪਦਾਰਥਾਂ ਵਿੱਚ ਵੱਧ ਪਾਈ ਜਾਂਦੀ ਹੈ ਉਹ ਹਨ, ਮਲਾਈ ਵਾਲਾ ਦੁੱਧ ਤੇ ਇਸ ਤੋਂ ਬਣੇ ਪਦਾਰਥ ਜਿਵੇਂ ਮੱਖਣ, ਮੇਵੇ, ਵਨਸਪਤੀ ਤੇਲ, ਸਾਸ, ਮੱਛੀ ਤੇ ਆਂਡੇ। ਅਨਸੇਚੂਰੇਟਿਡ ਚਰਬੀ ਨੁਕਸਾਨ ਪਹੁੰਚਾ ਸਕਦੀ ਹੈ ਕਿਉਂਕਿ ਇਹ ਖੂਨ ‘ਚ ਕਲੈਸਟ੍ਰੋਲ ਨੂੰ ਵਧਾਉਂਦੀ ਹੈ।
ਸਰੀਰ ਲਈ ਜ਼ਰੂਰੀ ਵਿਟਾਮਿਨ ਅਜਿਹੇ ਤੱਤ ਹਨ ਜਿਨ੍ਹਾਂ ਨੂੰ ਸਰੀਰਕ ਪੌਸ਼ਿਕ ਤੱਤਾਂ ਦੇ ਮਾਧਿਅਮ ਰਾਹੀਂ ਹੀ ਹਾਸਲ ਕੀਤਾ ਜਾ ਸਕਦਾ ਹੈ। ਭੋਜਨ ‘ਚ ਮੌਜੂਦ ਚਰਬੀ ਤੇ ਕਾਰਬੋਹਾਈਡ੍ਰੇਟਸ ਨੂੰ ਊਰਜਾ ‘ਚ ਬਦਲਣ ਦਾ ਅਹਿਮ ਕੰਮ ਵਿਟਾਮਿਨ ਹੀ ਕਰਦੇ ਹਨ। ਹੱਡੀਆਂ ਤੇ ਪੱਠਿਆਂ ਨੂੰ ਬਣਾਉਣ, ਉਨ੍ਹਾਂ ਦੀ ਮੁਰੰਮਤ ਤੇ ਉਨ੍ਹਾਂ ਦਾ ਵਿਕਾਸ ਕਰਨ ਵਿੱਚ ਵਿਟਾਮਿਨ ਦੀ ਕਾਫ਼ੀ ਭੂਮਿਕਾ ਹੁੰਦੀ ਹੈ। ਵਿਟਾਮਨ ਦੋ ਕਿਸਮ ਦੇ ਹੁੰਦੇ ਹਨ – ਇੱਕ ਉਹ ਜੋ ਚਰਬੀ ‘ਚ ਘੁਲ ਜਾਂਦੇ ਹਨ – ਜਿਵੇਂ ਏ,ਡੀ,ਈ, ਅਤੇ ਕੇ। ਸਰੀਰ ਇਨ੍ਹਾਂ ਵਿਟਾਮਿਨਾਂ ਨੂੰ ਕੁੱਝ ਸਮੇਂ ਲਈ ਜਮ੍ਹਾਂ ਕਰ ਲੈਂਦਾ ਹੈ। ਦੂਜੀ ਕਿਸਮ ਦੇ ਵਿਟਾਮਿਨ ਪਾਣੀ ‘ਚ ਘੁਲਣਸ਼ੀਲ ਹੁੰਦੇ ਹਨ ਜਿਵੇਂ ਬੀ-ਕੰਪਲੈਕਸ ਅਤੇ ਸੀ। ਇਨ੍ਹਾਂ ਨੂੰ ਨਿੱਤ ਲੈਣਾ ਜਰੂਰੀ ਹੁੰਦਾ ਹੈ ਕਿਉਂਕਿ ਇਹ ਜਮ੍ਹਾਂ ਨਹੀਂ ਕੀਤੇ ਜਾ ਸਕਦੇ। ਹਰੀਆਂ ਸਬਜ਼ੀਆਂ, ਨਿੰਬੂ, ਸੰਤਰਾ, ਫ਼ਲ, ਦੁੱਧ, ਅੰਡਾ, ਅਨਾਜ, ਸਾਬਤ ਦਾਲਾਂ, ਪੱਤੇਦਾਰ ਸਬਜ਼ੀਆਂ, ਮਟਰ, ਮੱਖਣ, ਵਨਸਪਤੀ ਤੇਲ, ਖੱਟੇ ਫ਼ਲ ਵਿਟਾਮਿਨ ਦਾ ਬੇਹਤਰ ਸਰੋਤ ਹੁੰਦੇ ਹਨ। ਖਣਿਜ ਵੀ ਸਰੀਰ ਦੀ ਅਣਸਰਦੀ ਲੋੜ ਹੈ ਹਾਲਾਂਕਿ ਇਸ ਦੀ ਬਹੁਤ ਘੱਟ ਮਾਤਰਾ ਹੀ ਸਰੀਰ ਗ੍ਰਹਿਣ ਕਰਦਾ ਹੈ। ਜੋ ਖਣਿਜ ਸਰੀਰ ਲਈ ਜ਼ਰੂਰੀ ਹੁੰਦੇ ਹਨ, ਉਹਨਾਂ ਨੂੰ ਚਾਰ ਸ਼੍ਰੇਣੀਆਂ ‘ਚ ਵੰਡਿਆ ਜਾ ਸਕਦਾ ਹੈ। ਇੱਕ ਉਹ ਜੋ ਹੱਡੀਆਂ ਦਾ ਇੱਕ ਹਿੱਸਾ ਹਨ। ਦੂਜੇ ਉਹ ਜੋ ਸਰੀਰਕ ਤਰਲਾਂ ਦਾ ਸੰਚਾਲਨ ਕਰਦੇ ਹਨ। ਤੀਜੇ ਉਹ ਜੋ ਸੈਲਾਂ ਦੇ ਪੋਸ਼ਿਕ ਤੱਤ ਬਣਾਉਂਦੇ ਹਨ ਅਤੇ
ਚੌਥੀ ਸ਼੍ਰੇਣੀ ‘ਚ ਉਨ੍ਹਾਂ ਖਣਿਜਾਂ ਨੂੰ ਰੱਖਿਆ ਜਾ ਸਕਦਾ, ਜਿਨ੍ਹਾਂ ਦੀ ਲੋੜ ਸਰੀਰ ‘ਚ ਰਸਾਇਣਕ ਤਬਦੀਲੀਆਂ ਲਿਆਉਣ ਲਈ ਪੈਂਦੀ ਹੈ। ਕੈਲਸ਼ੀਅਮ,ਮੈਗਨੀਸ਼ੀਅਮ, ਫ਼ਾਸਫ਼ੋਰਸ, ਸੋਡੀਅਮ, ਪੋਟਾਸ਼ੀਅਮ, ਆਇਓਡੀਨ, ਆਇਰਨ, ਜਿੰਕ ਤੇ ਕਾਪਰ (ਤਾਂਬਾ) ਆਦਿ ਸਾਰੇ ਖਣਿਜ ਦੁੱਧ ਤੇ ਦੁੱਧ ਤੋਂ
ਬਣੇ ਪਦਾਰਥ ਕਾਫ਼ੀ , ਹਰੀ ਪੱਤੇਦਾਰ ਸਬਜ਼ੀਆਂ, ਫ਼ਲਾਂ, ਆਂਡਿਆਂ ਤੇ ਆਇਓਡੀਨ ਯੁਕਤ ਨਮਕ ‘ਚ ਪਾਏ ਜਾਂਦੇ ਹਨ। ਵਾਤਾਵਰਣ ‘ਚ ਮੌਜੂਦ ਸ਼ੁੱਧ ਹਵਾ ਜਿਥੇ ਸਾਡੀ ਸਮੁੱਚੀ ਸਿਹਤ ‘ਤੇ ਬਿਹਤਰ ਅਸਰ ਪਾਉਂਦੀ ਹੈ, ਉਥੇ ਅਸ਼ੁੱਧ ਹਵਾ ਰੋਗਗ੍ਰਸਤ ਕਰਨ ‘ਚ ਦੇਰ ਨਹੀਂ ਕਰਦੀ। ਜਲ ਵੀ ਇੱਕ ਪੌਸ਼ਟਿਕ ਤੱਤ ਹੈ।
ਭੋਜਨ ਨੂੰ ਪਚਾਉਣਾ, ਸਰੀਰਕ ਤਾਪਮਾਨ ਨੂੰ ਬਣਾਈ ਰੱਖਣਾ, ਗੰਦਗੀ ਬਾਹਰ ਕੱਢਣੀ, ਬਲੱਡ ਸਪਲਾਈ ਨੂੰ ਠੀਕ ਰੱਖਣਾ, ਇਹ ਕੰਮ ਪਾਣੀ ਹੀ ਕਰਦਾ ਹੈ। ਸਿਹਤਮੰਦ ਰਹਿਣ ਲਈ 7-10 ਗਿਲਾਸ ਪਾਣੀ ਰੋਜ਼ਾਨਾ ਜ਼ਰੂਰ ਪੀਣਾ ਚਾਹੀਦਾ ਹੈ।
ਅੱਛੀ ਸਿਹਤ ਲਈ ਭੋਜਨ ਦੇ ਕੁੱਝ ਨਿਯਮ ਹੁੰਦੇ ਹਨ। ਵੱਖ ਵੱਖ ਤਰ੍ਹਾਂ ਦੇ ਭੋਜਨ ਬਦਲ ਬਦਲ ਕੇ ਖਾਓ। ਵਿਭਿੰਨਤਾ ਬਣੀ ਰਹਿਣ ਨਾਲ ਸਭ ਤੱਤ ਮਿਲਦੇ ਰਹਿਣਗੇ। ਭੋਜਨ ਐਸਾ ਕਰੋ ਕਿ ਸਰੀਰਕ ਵਜ਼ਨ ਦਾ ਸੰਤੁਲਿਨ ਬਣਿਆ ਰਹੇ, ਨਾ ਦੁਰਬਲਤਾ ਆਵੇ ਤੇ ਨਾ ਹੀ ਮੋਟਾਪਾ। ਜੇ ਮਾੜੀ ਖੁਰਾਕ ਨਾਲ ਦੇਹ ਕਮਜ਼ੋਰ ਹੋ ਗਈ ਹੈ ਤਾਂ ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾ ਦਿਉ। ਜੇ ਮੋਟਾਪਾ ਆ ਗਿਆ ਹੈ ਤਾਂ ਖੁਰਾਕ ਕੁੱਝ ਹਲਕੀ ਕਰ ਦਿਉ। ਨਾਲ ਹੀ ਸਰੀਰਕ ਮਿਹਨਤ ਸ਼ੁਰੂ ਕਰ ਦਿਉ। ਸੈਰ ਕਰੋ।
ਦਿਨ ਭਰ ‘ਚ ਭੋਜਨ ਥੋੜ੍ਹਾ-ਥੋੜ੍ਹਾ ਕਰਕੇ 4-5 ਵਾਰੀ ਖਾਓ। ਸ਼ੂਗਰ ਦੇ ਮਰੀਜ਼ਾਂ ਲਈ ਤਾਂ ਥੋੜ੍ਹਾ ਥੋੜ੍ਹਾ ਖਾਣਾ ਕਈ ਵਾਰੀ ਲੈਣਾ ਫ਼ਾਇਦੇਮੰਦ ਰਹਿੰਦਾ ਹੈ। ਭੋਜਨ ਹਮੇਸ਼ਾ ਹੌਲੀ ਹੌਲੀ ਕਰੋ। ਭੋਜਨ ਨਿਯਮਤ ਕਰੋ। ਖਾਣਾ ਖਾਂਦੇ ਸਮੇਂ ਨਾ ਤਾਂ ਕੁਝ ਪੜ੍ਹੋ ਤੇ ਨਾ ਹੀ ਟੀ.ਵੀ. ਦੇਖੋ। ਬੋਰੀਅਤ ਦੀ ਹਾਲਤ ‘ਚ ਮਨੋਰੰਜਨ ਕੰਮਾਂ ਵਿੱਚ ਲਗ ਜਾਓ। ਜਦ ਬੋਰੀਅਤ ਦੂਰ ਹੋ ਜਾਵੇ ਤਾਂ ਹੀ ਖਾਣਾ ਖਾਓ। ਥਕਾਵਟ ਹੋਵੇ ਤਾਂ ਕੁਝ ਦੇਰ ਆਰਾਮ ਕਰੋ। ਨਿੰਬੂ ਪਾਣੀ ਪੀਓ, ਇਸ ‘ਚ ਕੋਈ ਪੌਸ਼ਟਿਕ ਤੱਤ ਨਹੀਂ ਹੁੰਦਾ। ਤਣਾਅ ਵੇਲੇ ਤਾਂ ਖੰਡ ਨੂੰ ਦੂਰ ਹੀ ਰੱਖੋ। ਨਮਕ ਦੀ ਵੱਧ ਵਰਤੋਂ ਕਰਨੀ ਠੀਕ ਨਹੀ। ਹਾਈ ਬਲੱਡ ਪ੍ਰੈਸ਼ਰ ਵਾਲਿਆਂ ਲਈ ਵੱਧ ਨਮਕ ਘਾਤਕ ਹੁੰਦਾ ਹੈ। ਚਾਹ, ਕੌਫ਼ੀ ਘੱਟੋ ਘੱਟ ਵਰਤੋ। ਸਾਕਾਹਾਰੀ ਭੋਜਨ ਸਰੀਰਕ ਸਿਹਤ ਦੀ ਰਾਖੀ ਕਰਦਾ ਹੈ। ਇਸ ਨਾਲ ਸ਼ਰੀਰ ਦੀ ਅੰਦਰੂਨ ਸਫ਼ਾਈ ਵੀ ਹੁੰਦੀ ਰਹਿੰਦੀ ਹੈ। ਕਈ ਤਰ੍ਹਾਂ ਦੇ ਰੋਗਾਂ ਤੋਂ ਇਹ ਬਚਾਉਂਦਾ ਵੀ ਹੈ।
-ਡਾ.ਅਜੀਤਪਾਲ ਸਿੰਘ ਐੱਮ.ਡੀ.










