ਪਿੰਡ ਦੀ ਸੱਥ ਵਿੱਚੋਂ (ਕਿਸ਼ਤ-178)

main newsਨਾਥੇ ਅਮਲੀ ਨੂੰ ਸੱਥ ‘ਚ ਆਉਂਦਿਆਂ ਹੀ ਬਾਬੇ ਕੇਹਰ ਸਿਉਂ ਨੇ ਪੁੱਛਿਆ, ”ਓਏ ਆ ਬਈ ਨਾਥਾ ਸਿਆਂ! ਕੀ ਚੱਜ ਹਾਲ ਐ। ਨਹਾ ਆਇਆ ਮੁਕਸਰ ਦੀ ਮਾਘੀ ਕੁ ਕਿਤੇ ਹੋਰ ਗਿਆ ਸੀ। ਸੁਣਿਆ ਐਤਕੀਂ ਕਹਿੰਦੇ ਸਾਰੇ ਸਾਲਾਂ ਨਾਲੋਂ ਬਾਹਲ਼ਾ ‘ਕੱਠ ਸੀ ਬਈ, ਸੱਚੀ ਗੱਲ ਐ?”
ਸਵਾਲ ‘ਤੇ ਸਵਾਲ ਕਰੀ ਜਾਂਦੇ ਬਾਬੇ ਕੇਹਰ ਸਿਉਂ ਨੂੰ ਵੀ ਨਾਥਾ ਅਮਲੀ ਕੰਡੇ ‘ਚ ਹੋ ਕੇ ਬੋਲਿਆ, ”ਬਲ਼ਾ ਪੁੱਛ ਗਿੱਛ ਕਰਦੈਂ ਬਾਬਾ ਜਿਮੇਂ ਪੱਤਰਕਾਰੀ ਲੈ ਲੀ ਹੁੰਦੀ ਐ।”
ਬਾਬਾ ਕਹਿੰਦਾ, ”ਓ ਕਾਹਨੂੰ ਯਾਰ। ਮੈਂ ਤਾਂ ਸਰਸਰੀਓ ਈ ਪੁੱਛ ਲਿਆ ਤੈਨੂੰ ਬਈ ਤੂੰ ਕੱਲ੍ਹ ਸੱਥ ‘ਚ ਨ੍ਹੀ ਆਇਆ। ਕੱਲ੍ਹ ਮਾਘੀ ਕਰ ਕੇ ਲੱਖਣ ਈ ਲਾਇਆ ਮੈਂ ਤਾਂ। ਆਪਣੇ ਪਿੰਡੋਂ ਬਹੁਤ ਗਏ ਸੀ ਮੁਕਸਰ ਦੀ ਮਾਘੀ ਨਹਾਉਣ। ਤਾਂ ਕਰ ਕੇ ਕਿਹਾ ਮੈਂ ਬਈ ਤੂੰ ਵੀ ਮੁਕਸਰ ਈ ਗਿਆ ਹੋਏਂਗਾ ਮਾਘੀ ‘ਤੇ।”
ਪਾਖਰ ਬੁੜ੍ਹਾ ਅੱਖਾਂ ਤੋਂ ਐਨਕ ਲਾਹ ਕੇ ਮੋਢੇ ‘ਤੇ ਰੱਖੇ ਪਰਨੇ ਨਾਲ ਅੱਖਾਂ ਦਾ ਪਾਣੀ ਪੂੰਝਦਾ ਬੋਲਿਆ , ”ਇਹ ਕਿਹੜਾ ਮਾਘੀ ਨਹਾਉਣ ਗਿਆ ਸੀ, ਇਹ ਤਾਂ ਪ੍ਰੀਤੇ ਨਹਿੰਗ ਕਿਆਂ ਨਾਲ ਦਿੜ੍ਹਬੇ ਨਾਨਕ ਛੱਕ ਗਿਆ ਵਿਆ ਸੀ।”
ਸੀਤਾ ਮਰਾਸੀ ਕਹਿੰਦਾ, ”ਤੇਜੇ ਕੇ ਨਾਹਨੂੰ ਤੇ ਹਰੀ ਕੂਕੇ ਕੇ ਬੱਘੀ ਅਰਗੇ ਤਾਂ ਆਏ ਨ੍ਹੀ ਹਜੇ ਪ੍ਰੀਤੇ ਕਿਆਂ ਨਾਲ ਗਏ। ਇਹ ਕਿਮੇਂ ਆਥਣ ਨੂੰ ਮੁੜਿਆਇਆ। ਨਾਲੇ ਜਿਹੜੇ ਨਾਨਕ ਛੱਕ ਜਾਂਦੇ ਹੁੰਦੇ ਐ ਸਾਰੇ ਪਿੰਡ ਦੇ ਪਨਾਲੇ ਭੰਨ ਕੇ ਮੁੜਦੇ ਐ। ਇਹ ਕੰਮ ਰਾਤ ਨੂੰ ਹੁੰਦੈ। ਇਹ ਤਾਂ ਰਾਤ ਆਵਦੇ ਘਰੇ ਸੀ। ਜਾਂ ਫ਼ਿਰ ਭਾਈ ਕੋਈ ਛੋਟੀ ਮੋਟੀ ਨਾਨਕ ਛੱਕ ਗਿਆ ਹੋਣਾ ਜਿਹੜੀ ਦਿਨੇ ਦਿਨੇ ਪਨਾਲੇ ਭੰਨਣ ਆਲੀ ਹੋਊ।”
ਨਾਨਕ ਛੱਕ ਦੀ ਗੱਲ ਸੁਣ ਕੇ ਕਸ਼ਮੀਰਾ ਮੈਂਬਰ ਟਿੱਚਰ ‘ਚ ਬੋਲਿਆ, ”ਇਹ ਕੀ ਨਾਈ ਐ ਬਈ ਪ੍ਰੀਤੇ ਕਿਆਂ ਨਾਲ ਜਾਣਾ ਜਰੂਰੀ ਸੀ। ਆਪਣੇ ਪਿੰਡ ਆਲੇ ਸੰਤੋਖੇ ਗਿਆਨੀ ਕੇ ਟਰੱਕ ‘ਤੇ ਚੜ੍ਹਦਾ ਮੈਂ ਆਪ ਵੇਖਿਆ ਮੁਕਸਰ ਨੂੰ ਤੁਰਦਾ।”
ਬਾਬਾ ਕੇਹਰ ਸਿਉਂ ਕਹਿੰਦਾ, ”ਕਿਉਂ ਯਾਰ ਤੁਸੀਂ ਜਿਦੀ ਜਾਨੇਂ ਐਂ। ਜਿਹੜਾ ਗਿਆ ਜਾਂ ਨਾ ਗਿਆ, ਓਸੇ ਨੂੰ ਪੁੱਛ ਲੋ ਖਾਂ ਬਈ ਕਿੱਥੇ ਗਿਆ ਸੀ ਤੂੰ?”
ਮਾਹਲਾ ਨੰਬਰਦਾਰ ਕਹਿੰਦਾ, ”ਜੇ ਨਾਥਾ ਸਿਉਂ ਮੁਕਸਰ ਮਾਘੀ ‘ਤੇ ਚਾਰ ਚੂਲੀਆਂ ਪਾਣੀ ਦੀਆਂ ਪਿੰਡੇ ‘ਤੇ ਪਾ ਆਇਆ ਫ਼ੇਰ ਕਿਹੜਾ ਸਰੋਵਰ ‘ਚੋਂ ਪਾਣੀ ਮੁੱਕ ਗਿਆ, ਹੋਰ ਵੀ ਤਾਂ ਲੋਕ ਨਾਤ੍ਹੇ ਈ ਐ, ਜੇ ਇਹ ਨਹਾ ਲਿਆ ਤਾਂ ਕੀ ਲੋਹੜਾ ਆ ਗਿਆ। ਬਾਹਲ਼ੀ ਗੱਲ ਚੱਕ ਕੇ ਕਰਦੇ ਐਂ।”
ਜੈਨੂੰ ਪਰਜਾਪਤ ਅਮਲੀ ਨੂੰ ਕਹਿੰਦਾ, ”ਦੱਸਦੇ ਖਾਂ ਯਾਰ ਨਾਥਿਆ ਕਿੱਥੇ ਗਿਆ ਸੀ?”
ਨਾਥਾ ਅਮਲੀ ਬਾਬੇ ਨੂੰ ਕਹਿੰਦਾ, ”ਮੁਕਸਰ ਈ ਗਿਆ ਸੀ ਬਾਬਾ ਮਾਘੀ ‘ਤੇ। ਪਰ ਮੈਂ ਨਹਾਉਣ ਨ੍ਹੀ ਸੀ ਗਿਆ। ਮੈਂ ਤਾਂ ਕੰਜਰੀਆਲ ਨੂੰ ਦੇਖਣ ਗਿਆ ਸੀ।”
ਗੁਰਾ ਸੂਬੇਦਾਰ ਹੱਸ ਕੇ ਕਹਿੰਦਾ, ”ਕੰਜਰੀਆਲ ਨ੍ਹੀ ਓਏ, ਕੇਜਰੀਆਲ ਐ।”
ਅਮਲੀ ਕਹਿੰਦਾ, ”ਚੱਲ ਕੁਸ ਵੀ ਹੋਇਆ ਪਰ ਹੈ ਤਾਂ ਬੰਦਾ ਈ ਉਹ ਵੀ। ਮੈਂ ਤਾਂ ਸੋਚਿਆ ਸੀ ਬਈ ਦਿੱਲੀ ਦਾ ਕੋਈ ਵੱਡਾ ਅਸਫ਼ਰ ਉਸਫ਼ਰ ਹੋਣਾ, ਪਰ ਜਦੋਂ ਗਾਹਾਂ ਪੰਡਾਲ ‘ਚ ਗਏ ਫ਼ੇਰ ਸਮਝ ਆਈ ਬਈ ਇਹ ਤਾਂ ਆਪਣੇ ਪਿੰਡ ਆਲੇ ਹੱਟੀ ਆਲੇ ਕ੍ਰਿਸ਼ਨ ਬਾਣੀਏ ਅਰਗਾ ਬੰਦਾ ਈ ਐ। ਵੱਸ ਫ਼ਰਕ ਏਨਾਂ ਈਂ ਐਂ ਬਈ ਓਹਦੇ ਕਿਸੇ ਨੇ ਪੱਗ ਬੰਨ੍ਹ ‘ਤੀ, ਤੇ ਕ੍ਰਿਸ਼ਨ ਗੁਲੂਬੰਦ ਜਾ ਬੰਨ੍ਹ ਕੇ ਰੱਖਦਾ।”
ਜੋਗਾ ਕਾਮਰੇਡ ਕਹਿੰਦਾ, ”ਹੋਰ ਗੱਲਾਂ ਤਾਂ ਅਮਲੀਆ ਤੂੰ ਛੱਡ, ਤੂੰ ਇਹ ਦੱਸ ਬਈ ਮਾਘੀ ‘ਤੇ ‘ਕੱਠ ਕਿੰਨਾਂ ਕੁ ਸੀ। ਕਾਂਗਰਸੀਆਂ ਦੇ ਪੰਡਾਲ ‘ਚ ਕਿੰਨਾਂ ਸੀ ‘ਕਾਲੀਆਂ ਦੇ ਕਿੰਨਾਂ ਸੀ। ਅਸੀਂ ਤਾਂ ਸੁਣਿਆਂ ਝਾੜੂ ਆਲਿਆਂ ਦੇ ਪੰਡਾਲ ‘ਚ ਬਾਹਲ਼ਾ ‘ਕੱਠ ਸੀ, ਹੈਂਅ?”
ਅਮਲੀ ਕਹਿੰਦਾ, ”ਅੱਗੇ ‘ਤਾਂ ‘ਕਾਲੀ ਲੋਕਾਂ ਨੂੰ ਬੁੱਧੂ ਬਣਾਉਂਦੇ ਸੀ। ਮੁਕਸਰ ਮਾਘੀ ‘ਤੇ ਲੋਕਾਂ ਨੇ ‘ਕਾਲੀਆਂ ਨੂੰ ਬੁੱਧੂ ਬਣਾ ‘ਤਾ।
ਬਾਬੇ ਕੇਹਰ ਸਿਉਂ ਨੇ ਪੁੱਛਿਆ, ”ਓਹ ਕਿਮੇਂ ਬਈ?”
ਅਮਲੀ ਕਹਿੰਦਾ, ”ਜੀਪਾਂ ਕਾਰਾਂ ‘ਕਾਲੀਆਂ ਦੀ ਰੈਲੀ ‘ਚ ਬਾਹਲ਼ੀਆਂ, ਲੰਗਰ ਛਕਣ ਛਕਾਉਣ ਆਲੇ ‘ਕਾਲੀਆਂ ਦੇ ‘ਕੱਠ ‘ਚ ਬਾਹਲ਼ੇ। ਹੋਰ ਨਸ਼ੇ ਪੱਤੇ ਖਾਣ ਆਲੇ ‘ਕਾਲੀਆਂ ਦੇ ਬਾਹਲੇ, ਤੇ ਬੰਦਿਆਂ ਦਾ ‘ਕੱਠ ਝਾੜੂ ਆਲਿਆਂ ਦੇ ਪੰਡਾਲ ‘ਚ ਬਾਹਲ਼ਾ।”
ਬੁੱਘਰ ਦਖਾਣ ਨੇ ਪੁੱਛਿਆ, ”ਪਟਿਆਲੇ ਆਲੇ ਰਾਜੇ ਦੇ ‘ਕੱਠ ‘ਚ ਦੱਸ ਕੀ ਕੁਸ ਸੀ?”
ਅਮਲੀ ਕਹਿੰਦਾ, ”ਕੀ ਕੁਸ ਕੀ? ਰਾਜੇ ਦੇ ‘ਕੱਠ ‘ਚ ਵੀ ਬੰਦੇ ਈ ਸੀ ਗਧੇ ਤਾਂ ਨ੍ਹੀ ਸੀ। ਉਹਦੇ ਪੰਡਾਲ ‘ਚ ਤਾਂ ‘ਕਾਲੀਆਂ ਦੇ ਪੰਡਾਲ ਨਾਲੋਂ ਬਾਹਲਾ ਯਾਦੇ ‘ਕੱਠ ਸੀ, ਪਰ ਝਾੜੂ ਆਲਿਆਂ ਨੇ ਤਾਂ ਬਾਬਾ ਰੜਕਾਂ ਈ ਕੱਢ ‘ਤੀਆਂ। ਐਨਾ ‘ਕੱਠ ਐਨਾ ‘ਕੱਠ, ਰਹੇ ਰੱਬ ਦਾ ਨਾਂ। ਉਨ੍ਹਾਂ ਦਾ ‘ਕੱਠ ਤਾਂ ਇਉਂ ਲੱਗਦਾ ਸੀ ਜਿਮੇਂ ਝਾੜੂ ਨਾਲ ‘ਕੱਠੇ ਕਰ ਲੇ ਹੁੰਦੇ ਐ।”
ਬਾਬਾ ਕੇਹਰ ਸਿਉਂ ਕਹਿੰਦਾ, ”ਤੇਰੀ ਗੱਲ ਮੰਨ ਲੈਨੇ ਆਂ, ‘ਕੱਠ ਭਾਮੇਂ ਨਾਥਾ ਸਿਆਂ ਝਾੜੂ ਆਲਿਆਂ ਦੇ ਪੰਡਾਲ ‘ਚ ਈ ਬਾਹਲ਼ਾ ਹੋਣੈ, ਪਰ ਜਿੱਤ ਫ਼ੇਰ ‘ਕਾਲੀਆਂ ਨੇ ਜਾਣਾ ਵੇਖ ਲੀਂ ਭਾਮੇਂ ਤੂੰ।”
ਅਮਲੀ ਕਹਿੰਦਾ, ”ਕਿੱਥੇ ਫ਼ਿਰਦੈਂ ਬਾਬਾ ਤੂੰ। ਹੁਣ ਹੈਨ੍ਹੀ ਉਹ ਗੱਲਾਂ ਜਿਹੜੀਆਂ ਪਹਿਲਾਂ ਸੀ। ਹੁਣ ਨ੍ਹੀ ਲੋਕ ‘ਕਾਲੀਆਂ ਨੂੰ ਪਿੰਡਾਂ ‘ਚ ਵੜਣ ਦਿੰਦੇ। ਜਿੱਤ ਕਿੱਥੋਂ ਜਾਣਗੇ। ਹੁਣ ਤਾਂ ‘ਕਾਲੀਆਂ ਨੂੰ ਪਿੰਡਾਂ ‘ਚੋਂ ਇਉਂ ਧੱਕੇ ਮਾਰਦੇ ਐ ਜਿਮੇਂ ‘ਖੰਡ ਪਾਠ ਆਲੇ ਘਰੋਂ ਸ਼ਰਾਬੀ ਨੂੰ ਮਾਰਦੇ ਹੁੰਦੇ ਐ। ਹੁਣ ਭੁੱਲ ਜਾ ਤੂੰ ਇਹ ਗੱਲਾਂ।”
ਸੁਰਜਨ ਕਾ ਝੁੰਬਾ ਬਾਬੇ ਕੇਹਰ ਸਿਉਂ ਨੂੰ ਕਹਿੰਦਾ, ”ਗੱਲ ਤਾਂ ਬਾਬਾ ਤੇਰੀ ਸੱਚੀ ਐ। ਰੌਲਾ ਰੱਪਾਂ ਹੋਰ ਪਾਲਟੀਆਂ ਆਲੇ ਬਾਹਲ਼ਾ ਪਾਉਂਦੇ ਐ, ਝੰਡੀ ‘ਕਾਲੀ ਲੈ ਜਾਂਦੇ ਐ। ਐਤਕੀਂ ਵੀ ਇਉਂ ਈਂ ਹੋਊ। ਜਿਮੇਂ ਆਪਾਂ ਨਿੱਕੇ ਹੁੰਦੇ ਕੰਚ ਦੀਆਂ ਗੋਲੀਆਂ ਨਾਲ ਨ੍ਹੀ ਖੇਡਦੇ ਕਹਿੰਦੇ ਹੁੰਦੇ ਸੀ ‘ਮੀਦੀ ਦੂਗੀ ਢਿੱਡ ਘਸਾਉਣ, ਫ਼ਾਡੀਆਂ ਨੂੰ ਗੱਫ਼ੇ ਆਉਣ’, ਓਮੇਂ ਮਗਰੋਂ ਜੇ ਆ ਕੇ ‘ਕਾਲੀਆਂ ਨੇ ਫ਼ੇਰ ਮੋਰਚਾ ਮਾਰ ਜਾਣਾ।”
ਮਾਹਲਾ ਨੰਬਰਦਾਰ ਕਹਿੰਦਾ, ”ਐਤਕੀਂ ਨ੍ਹੀ ਝੁੰਬਿਆ ‘ਕਾਲੀਆਂ ਦੇ ਗੁੱਲੀ ਦਣ ਪੈਣਾ। ਐਤਕੀਂ ਤਾਂ ਝਾੜੂ ਆਲਿਆਂ ਨੇ ਸਭ ਦੀ ਸੰਘੀ ਘੁੱਟ ਦੇਣੀ ਐਂ।”
ਬੁੱਘਰ ਦਖਾਣ ਕਹਿੰਦਾ, ”ਤੂੰ ਤਾਂ ਨੰਬਰਦਾਰ ਮਾਘੀ ‘ਤੇ ਗਿਆ ਨ੍ਹੀ। ਜਿਹੜੇ ਗਏ ਐ ਉਨ੍ਹਾਂ ਨੂੰ ਪੁੱਛ ਕੇ ਵੇਖ। ਝਾੜੂ ਆਲਿਆਂ ਨੇ ਇਹ ਕੁਸ ਤਾਂ ਕਿਹਾ ਨ੍ਹੀ ਬਈ ਅਸੀਂ ਪਿੰਡਾਂ ‘ਚ ਆਹ ਕੁਸ ਬਣਾਮਾਂਗੇ। ਆਹ ਕਰਾਂਗੇ ਵੌਹ ਕਰਾਂਗੇ। ‘ਕਾਲੀਆਂ ਤੇ ਕਾਂਗਰਸੀਆਂ ਨੂੰ ਨਿੰਦਣ ਤੋਂ ਬਿਨਾਂ ਹੋਰ ਕੁਸ ਮਨ੍ਹੀ ਬੋਲੇ ਝਾੜੂ ਆਲੇ।”
ਸਭ ਦੀਆਂ ਗੱਲ ਸੁਣ ਕੇ ਬਾਬੇ ਕੇਹਰ ਸਿਉਂ ਨੇ ਵੀ ਆਵਦਾ ਛੱਡਿਆ ਫ਼ਿਰ ਤੀਰ। ਨਾਲ ਬੈਠੇ ਪਾਖਰ ਬੁੜ੍ਹੇ ਨੂੰ ਕਹਿੰਦਾ, ”ਸੁਣਦੈਂ ਪਾਖਰ ਸਿਆਂ ਚੋਰਾਂ ਦੀਆਂ ਸਿਫ਼ਤਾਂ? ਇਹ ਜਿਹੜੇ ਲੀਡਰ ਲੋਕ ਹੁੰਦੇ ਐ, ਇਹ ਵੋਟਾਂ ਮੰਗਣ ਵੇਲੇ ਸਭ ਨੂੰ ਲੱਕੜ ਦੇ ਮੁੰਡੇ ਈ ਦਿੰਦੇ ਐ। ਨਾ ਰੋਵੇ, ਨਾ ਦੁੱਧ ਮੰਗੇ, ਨਾ ਮੂਤ ਕੇ ਲੀੜੇ ਭਿਊਮੇਂ। ਜਦੋਂ ਵੋਟਾਂ ਲੈ ਕੇ ਜਿੱਤ ਜਾਂਦੇ ਐ, ਫ਼ੇਰ ਤੂੰ ਕੌਣ ਤੇ ਮੈਂ ਕੌਣ।”
ਗੁਰਾ ਸੂਬੇਦਾਰ ਬਾਬੇ ਕੇਹਰ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਇੱਕ ਹੋਰ ਗੱਲ ਐ ਤਾਇਆ ਜੀ, ਜਦੋਂ ਵੋਟਾਂ ਦੇ ਦਿਨ ਨੇੜੇ ਆ ਜਾਂਦੇ ਐ ਇਹ ਲੀਡਰ ਜੇ ਸਭ ਕੁਸ ਈ ਜੀਪਾਂ ਕਾਰਾਂ ‘ਚ ਲੱਦੀ ਫ਼ਿਰਨਗੇ। ਸੜਕਾਂ ਵੀ ਜੀਪਾਂ ਕਾਰਾਂ ‘ਚੀ, ਪੱਕੀਆਂ ਨਾਲੀਆਂ ਵੀ ਗੱਡੀਆਂ ‘ਚੀ, ਗਰੀਬਾਂ ਦੀਆਂ ਧਰਮਸਾਲਾਂ ਵੀ ਗੱਡੀਆਂ ‘ਚ, ਬਿਜਲੀ ਵੀ ਗੱਡੀਆਂ ‘ਚ, ਨੌਕਰੀਆਂ ਵੀ ਗੱਡੀਆਂ ‘ਚ। ਜਿਹੜੇ ਜਿਹੜੇ ਪਿੰਡ ਵੋਟਾਂ ਮੰਗਣ ਜਾਂਦੇ ਐ ਜਦੋਂ ਪਿੰਡਾਂ ਆਲੇ ਕੋਈ ਮੰਗ ਮੰਗਦੇ ਐ ਤਾਂ ਉਦੋਂ ਈਂ ਗੱਡੀ ‘ਚੋਂ ਲਾਹ ਕੇ ਦੇ ਦੇਣਗੇ। ਨਾਲੇ ਕਹਿਣਗੇ ‘ਇੱਕ ਦਿਨ ‘ਕੱਠ ਕਰ ਲੋ ਆਪਾਂ ਅਧਘਾਟਨ ਕਰ ਦਿਆਂਗੇ’। ਪਿੰਡਾਂ ਆਲੇ ਫ਼ੋਕੀਆਂ ਗੱਲਾਂ ‘ਤੇ ਖੁਸ਼ ਹੋ ਕੇ ਵੋਟਾਂ ਪਾ ਦਿੰਦੇ ਐ। ਜਦੋਂ ਲੀਡਰ ਜਿੱਤ ਜਾਂਦੇ ਐ ਫ਼ੇਰ ਲੈਂਦੇ ਐ ਝੱਗੇ ਦਾ ਮੇਚ।”
ਬਾਬੇ ਨੇ ਅਮਲੀ ਵੱਲ ਫ਼ੇਰ ਮੋੜੀ ਮੁਹਾਰ, ”ਤੂੰ ਦੱਸ ਨਾਥਾ ਸਿਆਂ ਓੱਥੇ ਮਾਘੀ ‘ਤੇ ਵੀ ਲੀਡਰਾਂ ਨੇ ਕੁਸ ਵੰਡਿਆ ਕੁ ਗਪੌੜੇ ਮਾਰ ਕੇ ਈ ਉਠਗੇ?”
ਮੈਲ਼ੀ ਜੀ ਖੇਸੀ ਦੀ ਬੁੱਕਲ ਮਾਰੀ ਬੈਠਾ ਰਤਨੇ ਕਾ ਘੀਲੂ ਕਹਿੰਦਾ, ”ਝਾੜੂ ਆਲਿਆਂ ਨੇ ਤਾਂ ਕਿਹਾ ਬਈ ਕਸਾਨਾਂ ਦੇ ਕਬਜੇ ‘ਤੇ ਲਖੀਰ ਮਾਰਾਂਗੇ। ਨਾਲੇ ਕਹਿੰਦੇ ਵੱਢੀ ਨ੍ਹੀ ਲੈਣ ਦੇਣੀ ਕਿਸੇ ਅਸਫ਼ਰ ਨੂੰ। ਹੋਰ ਪਾਲਟੀ ਆਲਿਆਂ ਨੇ ਕੁਸ ਮਨ੍ਹੀ ਕਿਹਾ। ਉਹ ਤਾਂ ਝਾੜੂ ਆਲਿਆਂ ਨੂੰ ਈ ਨਿੰਦੀ ਗਏ ਐ ਅਕੇ ਇਨ੍ਹਾਂ ਨੇ ਕੀ ਕਰਨਾ ਜਮਾਂਦਾਰਾਂ ਨੇ।”
ਮਾਹਲਾ ਨੰਬਰਦਾਰ ਕਹਿੰਦਾ, ”ਕਬਜੇ ‘ਤੇ ਲਖੀਰ ਨ੍ਹੀ ਓਏ, ਕਰਜੇ ‘ਤੇ ਕਿਹਾ ਹੋਣਾ।”
ਨਾਥਾ ਅਮਲੀ ਘੀਲੂ ਦੀ ਗੱਲ ਸੁਣ ਕੇ ਘੀਲੂ ਨੂੰ ਗਰਮੈਸ਼ ‘ਚ ਬੋਲਿਆ, ”ਤੈਨੂੰ ਕੀ ਪਤਾ ਓਏ ਰਤਨੇ ਕਿਆ ਕੀਹਨੇ ਕੀ ਕਿਹਾ ਓੱਥੇ। ਤੂੰ ਤਾਂ ਅੱਪੜਿਆ ਈ ਨ੍ਹੀ ਓੱਥੇ ਓਏ। ਰਾਹ ‘ਚ ਜਾਂਦਿਆਂ ਨੂੰ ਵੀ ‘ਕੱਠ ਏਨਾ ਸੀ ਓੱਥੋਂ ਦੀ ਤਾਂ ਬੱਸਾਂ ਟਰੱਕਾਂ ਨੂੰ ਵੀ ਨੰਘਣ ਨੂੰ ਥਾਂ ਨ੍ਹੀ ਸੀ, ਆਹ ਜਿਹੜੀ ਤੂੰ ਭੂੰਡੀ ਜੀ ਲਈ ਫ਼ਿਰਦੈਂ ਸਕੂਟਰੀ ਜੀ ਇਹਨੂੰ ਕੀਹਨੇ ਨੰਘਣ ਦੇਣਾ ਸੀ। ਰਾਹ ‘ਚੋਂ ਤਾਂ ਤੂੰ ਮੁੜਿਆਇਆਂ ਪਟਰੌਲ ਪੰਪ ਤੋਂ, ਗੱਲਾਂ ਇਉਂ ਮਾਰਦੈਂ ਜਿਮੇਂ ਬਾਦਲ ਪ੍ਰਗਾਸ ਨਾਲ ਮੂਹਰੇ ਬੈਠਾ ਹੁਨੈ।”
ਬਾਬੇ ਕੇਹਰ ਸਿਉਂ ਨੇ ਪੁੱਛਿਆ, ”ਕਿਹੜੇ ਪਟਰੌਲ ਪੰਪ ਤੋਂ ਮੁੜਿਆਇਆ ਇਹੇ ਨਾਥਾ ਸਿਆਂ?”
ਅਮਲੀ ਕਹਿੰਦਾ, ”ਇਹ ਐਥੋਂ ਤਾਂ ਭੂੰਡੀ ਜੀ ਇਉਂ ਲੈ ਗਿਆ ਜਿਮੇਂ ਗਾਹਾਂ ਵੱਡਾ ਭਿਟਭਿਟੀਆ ਹੁੰਦਾ ਰੀਂਢਲ ਫ਼ੀਂਢਲ। ਗਾਹਾਂ ਜਾਂਦੀ ‘ਚੋਂ ਤੇਲ ਮੁੱਕ ਗਿਆ। ਜਦੋਂ ਇਹਨੇ ਤੇਲ ਪਵਾਉਣ ਨੂੰ ਰਾਹ ‘ਚ ਪਟਰੌਲ ਪੰਪ ‘ਤੇ ਕਾਰਾਂ ਦੇ ਵਿੱਚ ਜਾ ਖੜ੍ਹਾਈ ਤਾਂ ਪੰਪ ਆਲਾ ਭਾਈ ਜਾ ਇਹਨੂੰ ਪਤਾ ਕੀ ਕਹਿੰਦਾ? ਕਹਿੰਦਾ ਪਰ੍ਹਾਂ ਕਰ ਓਏ ਮੇਮਨੀ ਜੀ ਨੂੰ। ਗੜਵੀ ਤੇਲ ਦੀ ਪੈਂਦੀ ਐ ਖਾਣੀ ਨਹੀਂ, ਕਾਰਾਂ ‘ਚ ਇਉਂ ਲਿਆ ਫ਼ਸਾਈ ਜਿਮੇਂ ਪੰਪ ‘ਚ ਹਿੱਸਾ ਪਾਇਆ ਹੁੰਦਾ। ਗਾਹਾਂ ਤਾਂ ਬਾਬਾ ਇਹਤੋਂ ਮੁਕਸਰ ਫ਼ੇਰ ਜਾਇਆ ਨ੍ਹੀ ਗਿਆ, ਇਹਨੇ ਕਿਸੇ ਤੋਂ ਕੁੱਪੀ ਦੋ ਕੁੱਪੀਆਂ ਤੇਲ ਲੈ ਕੇ ਪਿੰਡ ਨੂੰ ਈਂ ਮੋੜੇ ਪਾ ‘ਤੇ। ਇਹਨੂੰ ਕੀ ਪਤਾ ਓੱਥੇ ਕਿਹੜਾ ਲੀਡਰ ਕੀ ਬੋਲਿਆ। ਇਹ ਤਾਂ ਸੁਣੀਆਂ ਸਣਾਈਆਂ ਗੱਲਾਂ ਕਰਦਾ।”
ਏਨੇ ਚਿਰ ਨੂੰ ਗਿਆਨੀ ਜੱਸਾ ਸਿਉਂ ਬਾਬੇ ਕੇਹਰ ਸਿਉਂ ਨੂੰ ਸੱਥ ‘ਚ ਆ ਕੇ ਕਹਿੰਦਾ, ”ਹੁਣ ਤਾਂ ਧੁੰਦ ਡਿੱਗਣ ਲੱਗ ਪੀ ਤਾਊ, ਠੰਢ ਨਾ ਲੁਆ ਲੀਂ ਕਿਤੇ। ਐਸ ਵੇਲੇ ਤਾਂ ਘਰੇ ਰਜਾਈ ਦੱਬਣ ਦੀ ਕਰਿਆ ਕਰੋ। ਮੈਂ ਤਾਂ ਆਪ ਗੁਰਦੁਆਰਾ ਸਾਹਿਬ ਤੋਂ ਦਿਨ ਛਿਪਦੇ ਨਾਲ ਈ ਘਰੇ ਆ ਜਾਨਾ। ਆ ਚੱਲੀਏ ਘਰ ਨੂੰ।” ਜਿਉਂ ਹੀ ਬਾਬਾ ਕੇਹਰ ਸਿਉਂ ਸੱਥ ‘ਚੋਂ ਉਠ ਕੇ ਗਿਆਨੀ ਜੱਸਾ ਸਿਉਂ ਨਾਲ ਤੁਰਿਆ ਤਾਂ ਸੱਥ ਵਾਲੇ ਬਾਕੀ ਦੇ ਵੀ ਮੁਕਤਸਰ ਮਾਘੀ ਦੀਆਂ ਗੱਲਾਂ ਕਰਦੇ ਆਪੋ ਆਪਣੇ ਘਰਾਂ ਨੂੰ ਚੱਲ ਪਏ।