ਪੇਸ਼ਾਬ ‘ਚ ਖ਼ੂਨ ਆਉਣ ‘ਤੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

thudi sahatਸਰੀਰ ਦੇ ਕਿਸੇ ਵੀ ਹਿੱਸੇ ਜਾਂ ਅੰਗ ‘ਚੋਂ ਅਸਾਧਾਰਣ ਖ਼ੂਨ ਵਗੇ ਤਾਂ ਗੰਭੀਰ ਸਥਿਤੀ ਹੁੰਦੀ ਹੈ। ਇਹ ਖ਼ੂਨ, ਨੱਕ ‘ਚੋਂ (ਨਕਸੀਰ), ਖ਼ਾਂਸੀ ਤੇ ਬਲਗ਼ਮ ਨਾਲ, ਖ਼ੂਨ ਦੀ ਉਲਟੀ, ਟੱਟੀ ਰਸਤੇ ਖ਼ੂਨ, ਅਸਾਧਾਰਣ ਮਹਾਵਾਰੀ ਜਾਂ ਪਿਸ਼ਾਬ ਰਸਤੇ ਖ਼ੂਨ ਆ ਸਕਦਾ ਹੈ। ਅਸਾਧਾਰਣ ਖ਼ੂਨ ਦਾ ਆਉਣਾ ਖ਼ਤਰਨਾਕ ਹੁੰਦਾ ਹੈ, ਬੰਦਾ ਇਕਦਮ ਤਵੱਜੋ ਦਿੰਦਾ ਹੈ ਤੇ ਫ਼ੌਰਨ ਡਾਕਟਰ ਕੋਲ ਜਾਂਦਾ ਹੈ; ਤੇ ਜਾਣਾ ਵੀ ਚਾਹੀਦਾ ਹੈ। ਖ਼ੂਨ ਜ਼ਿਆਦਾ ਆ ਰਿਹਾ ਹੋਵੇ (ਗਰੌਸ ਹੀਮੇਚੂਰੀਆ) ਤਾਂ ਰੋਗੀ ਜਾਂ ਉਸ ਦੇ ਮਾਪਿਆਂ ਨੂੰ ਪਿਸ਼ਾਬ ਦੇ ਰੰਗ ਤੋਂ ਹੀ ਪਤਾ ਲੱਗ ਜਾਂਦਾ ਹੈ ਤੇ ਜੇਕਰ ਘਟ ਹੋਵੇ ਤਾਂ ਖ਼ੁਰਦਬੀਨੀ ਜਾਂਚ ਤੋਂ ਪਤਾ ਲੱਗਦਾ ਹੈ। ਪਰ ‘ਕਿਨ੍ਹਾਂ ਸਥਿਤੀਆਂ ਵਿੱਚ ਖ਼ੂਨ ਆ ਸਕਦਾ ਹੈ? ਇਸ ਨੂੰ ਸਮਝਣ ਵਾਸਤੇ ਪਿਸ਼ਾਬ ਪ੍ਰਣਾਲੀ ਦੀ ਬਣਤਰ ਵੱਲ ਨਜ਼ਰ ਮਾਰਨ ਦੀ ਜ਼ਰੂਰਤ ਹੈ, ਕਿਉਂਕਿ ਇਸ ਪ੍ਰਣਾਲੀ ਵਿੱਚ ਕਿਸੇ ਪੱਧਰ ‘ਤੇ ਵੀ ਕੁਝ ਅਸਾਧਾਰਣ ਵਾਪਰ ਜਾਵੇ ਤਾਂ ਖ਼ੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਉਂਝ ਕੁਝ ਕਾਰਨ ਇਸ ਪ੍ਰਣਾਲੀ ਤੋਂ ਬਾਹਰ/ਬਗੈਰ ਵੀ ਹੋ ਸਕਦੇ ਹਨ ਜਿਨ੍ਹਾਂ ਬਾਰੇ ਵੀ ਮੈਂ ਗੱਲ ਕਰਾਂਗਾ। ਪਿਸ਼ਾਬ ਪ੍ਰਣਾਲੀ (ਯੂਰੀਨਰੀ ਸਿਸਟਮ) ਗੁਰਦਿਆਂ ਤੋਂ ਸ਼ੁਰੂ ਹੁੰਦਾ ਹੈ। ਪ੍ਰਮਾਤਮਾ ਨੇ ਹਰੇਕ ਵਿਅਕਤੀ ਨੂੰ ਸੱਜਾ ਤੇ ਖੱਬਾ ਦੋ ਗੁਰਦੇ ਬਖ਼ਸ਼ੇ ਹੋਏ ਹਨ ਜੋ ਆਪਣੇ ਧੜ ਦੇ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਆਸੇ-ਪਾਸੇ ਫ਼ਿੱਟ ਹਨ। ਖੜੇ ਵਿਅਕਤੀ ਦੇ ਹਿਸਾਬ ਨਾਲ ਵੇਖੀਏ ਤਾ ਖੱਬੇ ਨਾਲੋਂ ਸੱਜਾ ਗੁਰਦਾ ਥੋੜ੍ਹਾ ਜਿਹਾ ਉੱਚਾ ਫ਼ਿੱਟ ਕੀਤਾ ਹੋਇਆ ਹੈ। ਗੁਰਦੇ ਇਕ ਛਾਨਣੀ ਦਾ ਕੰਮ ਕਰਦੇ ਹਨ। ਇਨ੍ਹਾਂ ਦੀਆਂ ਨਾੜੀਆਂ ‘ਚੋਂ ਜਦ ਖੂਨ ਗੁਜ਼ਰਦਾ ਹੈ ਤਾਂ ਉਹ ਪੁਣਿਆਂ ਜਾਂਦਾ ਹੈ ਜਿਸ ਵਿੱਚੋਂ ਫ਼ਾਲਤੂ ਪਦਾਰਥ ਤੇ ਵਾਧੂ ਪਾਣੀ ਖਿੱਚੇ ਜਾਂਦੇ ਹਨ। ਛੋਟੀਆਂ ਛੋਟੀਆਂ ਨਾਲੀਆਂ ਜੁੜ ਕੇ ਵੱਡੀਆਂ ਪਿਸ਼ਾਬ-ਨਾਲੀਆਂ ਬਣਦੀਆਂ ਹਨ। ਇਸ ਤਰ੍ਹਾਂ ਹਰੇਕ ਗੁਰਦੇ ‘ਚੋਂ ਇਕ ਇਕ ਨਾਲੀ (ਯੁਰੇਟਰ) ਨਿਕਲ ਕੇ ਹੇਠਾਂ ਨੂੰ ਮਸਾਨੇ ਜਾਂ ਯੂਰੀਨਰੀ ਬਲੈਡਰ ਵਿੱਚ ਖੁੱਲ੍ਹਦੀ ਹੈ। ਇਸ ਵਿੱਚ ਪਿਸ਼ਾਬ ਜਮ੍ਹਾਂ ਰਹਿੰਦਾ ਹੈ ਤੇ ਹਾਜਤ ਹੋਣ ‘ਤੇ ਵਿਅਕਤੀ ਆਪਣੀ ਮਰਜ਼ੀ ਨਾਲ ਉਸ ਨੂੰ ਖਾਲੀ ਕਰਦਾ ਹੈ। ਮਸਾਨੇ ਤੋਂ ਹੇਠਾਂ ਵਾਲੀ ਨਾਲੀ ਨੂੰ ਯਰੇਥਰਾ ਕਿਹਾ ਜਾਂਦਾ ਹੈ ਜਿਸ ਦੀ ਲੰਬਾਈ ਔਰਤਾਂ ਨਾਲੋਂ ਮਰਦਾਂ ਵਿੱਚ ਵਧੇਰੇ ਹੁੰਦੀ ਹੈ।
ਆਓ ਹੁਣ ਇਸ ਵਿੱਚ ਖ਼ੂਨ ਆਉਣ ਦੇ ਕਾਰਨ ਸਮਝਣ ਦੀ ਕੋਸ਼ਿਸ਼ ਕਰੀਏ:
ਪੱਥਰੀਆਂ: ਪਿਸ਼ਾਬ ਪ੍ਰਣਾਲੀ ਵਿੱਚ ਪੱਥਰੀਆਂ ਇਕ ਆਮ ਸਮੱਸਿਆ ਹੈ। ਇਹ ਕਿਸੇ ਵੀ ਲੈਵਲ ‘ਤੇ ਬਣ ਜਾਂਦੀਆਂ ਹਨ, ਜਿਵੇਂ ਗੁਰਦੇ, ਯੁਰੇਟਰ, ਬਲੈਡਰ, ਯਰੇਥਰਾ। ਪੱਥਰੀ ਉਸ ਜਗ੍ਹਾ ਦੇ ਅੰਦਰਲੇ ਹਿੱਸੇ ਨੂੰ ਜ਼ਖ਼ਮੀ ਕਰ ਦੇਂਦੀ ਹੈ ਜਿਸ ਨਾਲ ਲਹੂ ਨਿਕਲ ਕੇ ਪਿਸ਼ਾਬ ਵਿੱਚ ਰਲ ਜਾਂਦਾ ਹੈ। ਗੁਰਦਿਆਂ ਅੰਦਰਲੀਆਂ ਪਿਸ਼ਾਬ-ਨਾਲੀਆਂ ਵਿੱਚ ਪਹਿਲਾਂ ਛੋਟੀਆਂ ਤੇ ਬਾਅਦ ਵਿੱਚ ਉਹੀ ਵੱਡੀਆਂ ਪੱਥਰੀਆਂ ਬਣ ਜਾਂਦੀਆਂ ਹਨ। ਜਦ ਪੱਥਰੀ ਛੋਟੇ ਸਾਈਜ਼ ਦੀ ਹੁੰਦੀ ਹੈ ਤਾਂ ਉਹ ਜ਼ਿਆਦਾ ਤਕਲੀਫ਼ ਦਿੰਦੀ ਹੈ, ਪੀੜ ਵੀ ਤੇ ਪਿਸ਼ਾਬ ਵਿੱਚ ਖ਼ੂਨ ਵੀ। ਪਰ ਜਦ ਇਹ ਵੱਡੇ ਆਕਾਰ ਦੀ ਬਣ ਜਾਂਦੀ ਹੈ ਤਾਂ ਫ਼ਿਕਸ ਹੋ ਕੇ ਇਕ ਜਗ੍ਹਾ ‘ਤੇ ਟਿਕੀ ਰਹਿੰਦੀ ਹੈ। ਦਰਦ ਤੇ ਖੂਨ ਭਾਵੇਂ ਘੱਟ ਆਵੇ ਜਾਂ ਨਾ ਆਵੇ, ਪਰ ਗੁਰਦੇ ਦਾ ਨੁਕਸਾਨ ਕਰੀ ਜਾਂਦੀ ਹੈ। ਇਸੇ ਤਰ੍ਹਾਂ ਯੁਰੇਟਰ ਵਿੱਚ ਵੀ ਛੋਟੀ ਪੱਥਰੀ, ਖੂਨ ਤੇ ਅਸਹਿ ਦਰਦ ਦਿੰਦੀ ਹੈ। ਬਲੈਡਰ ਵਿੱਚ, ਕਿਉਂਕਿ ਖੁੱਲ੍ਹੀ ਜਗ੍ਹਾ ਹੁੰਦੀ ਹੈ, ਇਸ ਵਿੱਚ ਪੱਥਰੀ(ਆਂ) ਵੱਡੀਆਂ ਬਣਦੀਆਂ ਹਨ। ਪਥਰੀਆਂ, ਐਕਸਰੇ ਵਿੱਚ ਨਜ਼ਰ ਆ ਜਾਂਦੀਆਂ ਹਨ। ਜ਼ਿਆਦਾ ਖ਼ੂਨ ਹੋਵੇ ਤਾਂ ਪਿਸ਼ਾਬ ਦੇ ਰੰਗ ਤੋਂ ਪਤਾ ਲਗ ਜਾਂਦਾ ਹੈ ਵੈਸੇ ਇਸ ਦੀ ਖ਼ੁਰਦਬੀਨੀ ਜਾਂਚ ਤੋਂ ਪੱਕਾ ਪਤਾ ਲੱਗ ਜਾਂਦਾ ਹੈ। ਪੂਰੇ ਸਿਸਟਮ ਵਿੱਚ ਕਿਤੇ ਵੀ ਪੱਥਰੀ ਹੋਵੇ ਤਾਂ ਪਿਸ਼ਾਬ ਵਿੱਚ ਖ਼ੂਨ ਆਉਂਦਾ ਹੈ। ਜ਼ਿਆਦਾ ਸਮਾਂ ਖ਼ੂਨ ਆਉਂਦਾ ਰਹੇ (ਇਵੇਂ ਹੀ ਬੀਤ ਜਾਵੇ) ਤਾਂ ਖੂਨ ਦੀ ਕਮੀ ਦੇ ਲੱਛਣ ਵੀ ਪ੍ਰਗਟ ਹੋ ਜਾਂਦੇ ਹਨ।
ਗੁਰਦਿਆਂ ਦੀਆਂ ਸੋਜ ਨਾਲ ਸਬੰਧਤ ਬੀਮਾਰੀਆਂ: ਇਨ੍ਹਾਂ ਨੂੰ ਗਲੋਮੈਰੂਲੋ-ਨੈਫ਼ਰਾਇਟਿਸ ਕਿਹਾ ਜਾਂਦਾ ਹੈ ਜਿਸ ਦੀਆਂ ਕਈ ਕਿਸਮਾਂ ਹਨ। ਇਨ੍ਹਾਂ ਵਿੱਚ ਪਿਸ਼ਾਬ ਵਿੱਚ ਖੂਨ ਆਉਂਦਾ ਹੈ ਜੋ ਖ਼ੁਰਦਬੀਨੀ ਜਾਂਚ ਤੋਂ ਪਤਾ ਲਗਦਾ ਹੈ।