ਸਾਨੂੰ ਹਮੇਸ਼ਾ ਇਹ ਨਹੀਂ ਪਤਾ ਹੁੰਦਾ ਕਿ ਸਾਨੂੰ ਕਿਸ ਚੀਜ਼ ਦੀ ਲੋੜ ਹੈ, ਪਰ ਕੇਵਲ ਓਦੋਂ ਤਕ ਜਦੋਂ ਤਕ ਅਚਾਨਕ, ਕਿਸੇ ਤਰ੍ਹਾਂ, ਉਹ ਲੋੜ ਪੂਰੀ ਨਹੀਂ ਹੋ ਜਾਂਦੀ। ਜੇ ਅਜਿਹੀ ਛੁਪੀ ਹੋਈ ਲੋੜ ਕਦੇ ਪੂਰੀ ਹੀ ਨਾ ਹੋਵੇ ਤਾਂ ਫ਼ਿਰ ਸਾਨੂੰ ਇਹ ਪਤਾ ਕਿਵੇਂ ਚੱਲੇਗਾ ਕਿ ਸਾਨੂੰ ਉਸ ਦੀ ਕਦੇ ਲੋੜ ਵੀ ਸੀ? ਉਸ ਸੂਰਤ ਵਿੱਚ, ਸ਼ਾਇਦ ਅਸੀਂ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਇੱਕ ਅਜਿਹੀ ਜ਼ਿੰਦਗੀ ਜਿਊਂਦੇ ਹੋਏ ਪਾਵਾਂਗੇ ਜਿਸ ਵਿੱਚ ਦੋ ਲੋੜਾਂ ਹੋਣਗੀਆਂ। ਇੱਕ ਤਾਂ ਸਾਨੂੰ ਉਹ ਚਾਹੀਦਾ ਹੈ ਜਿਸ ਬਾਰੇ ਸਾਨੂੰ ਪਤਾ ਵੀ ਨਹੀਂ ਕਿ ਸਾਨੂੰ ਉਸ ਦੀ ਲੋੜ ਹੈ, ਫ਼ਿਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੀ ਹੈ ਜੋ ਸਾਨੂੰ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਉਹ ਵੱਡੀ (ਬੇਸ਼ੱਕ ਛੁਪੀ ਹੋਈ) ਲੋੜ ਪੂਰੀ ਕਰਨ ਦੀ ਕੋਸ਼ਿਸ਼ ਕਰ ਸਕੀਏ। ਜੇਕਰ ਇਸ ਸਾਰੀ ਗੱਲਬਾਤ ਦੌਰਾਨ ਤੁਹਾਨੂੰ ਵੀ ਆਪਣੀ ਕਿਸੇ ਅਜਿਹੀ ਲੋੜ ਦਾ ਸ਼ਿੱਦਤ ਨਾਲ ਅਹਿਸਾਸ ਹੋ ਗਿਆ ਹੋਵੇ ਜਿਹੜੀ ਆਸਾਨੀ ਨਾਲ ਪੂਰੀ ਨਹੀਂ ਕੀਤੀ ਜਾ ਸਕਦੀ ਤਾਂ ਉਸ ਤੋਂ ਪਰੇਸ਼ਾਨ ਹੋਣ ਦੀ ਬਜਾਏ ਪ੍ਰੇਰਿਤ ਹੋਵੋ। ਘੱਟ ਘੱਟ ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਹੀ ਗਿਆ ਹੈ ਕਿ ਤੁਸੀਂ ਕੀ ਭਾਲਦੇ ਫ਼ਿਰਦੇ ਹੋ।
ਰਿਸ਼ਤੇ, ਲਗਦਾ ਹੈ, ਹੁਣ ਉਹ ਨਹੀਂ ਰਹੇ ਜੋ ਉਹ ਕਦੇ ਹੁੰਦੇ ਸਨ। ਅੱਜਕੱਲ੍ਹ ਲੋਕ ਇੱਕ ਦੂਜੇ ਤੋਂ ਬਹੁਤ ਜ਼ਿਆਦਾ ਤਵੱਕੋ ਰੱਖਦੇ ਹਨ। ਜੇਕਰ ਅਸੀਂ ਕਿਸੇ ਨਾਲ ਵੀ ਡੂੰਘਾ ਕੋਨੈਕਸ਼ਨ ਬਣਾਉਣਾ ਜਾਂ ਭਾਵਨਾਤਮਕ ਸਬੰਧ ਨੂੰ ਹੋਰ ਗੂੜ੍ਹਾ ਕਰਨਾ ਚਾਹੁੰਦੇ ਹੋਈਏ ਤਾਂ ਸਾਨੂੰ ਉਨ੍ਹਾਂ ਰਿਸ਼ਤਿਆਂ ਅਤੇ ਲੋਕਾਂ ‘ਤੇ ਖਾਸੀ ਮਿਹਨਤ ਕਰਨੀ ਪੈਂਦੀ ਹੈ। ਦੂਸਰਿਆਂ ਨੂੰ ਸਮਝਣਾ ਸੌਖਾ ਨਹੀਂ ਹੁੰਦਾ, ਅਤੇ ਨਾ ਹੀ ਅਸੀਂ ਓਨੇ ਸਿੱਧੇ ਸਾਦੇ ਤੇ ਸਾਧਾਰਣ ਹਾਂ ਜਿੰਨਾ ਅਸੀਂ ਸੋਚਦੇ ਹਾਂ। ਤੁਹਾਡੀ ਨਿੱਜੀ ਜ਼ਿੰਦਗੀ ਦੀ ਕਹਾਣੀ ਦਾ ਸਾਰਾ ਦਾਰੋਮਦਾਰ ਕਿਸੇ ਚੁਣੌਤੀ ਭਰਪੂਰ ਮਾਮਲੇ ਵਿੱਚ ਵਿਹਾਰਕ ਛੋਟ ਦੇਣ ਦੀ ਲੋੜ ‘ਤੇ ਹੈ। ਇਹ ਤੁਹਾਡੇ ਜਾਂ ਕਿਸੇ ਹੋਰ ਲਈ ਸੌਖਾ ਨਹੀਂ ਹੋਣ ਵਾਲਾ। ਪਰ ਦੋ ਵਿਅਕਤੀਆਂ ਦੇ ਆਪਸੀ ਸਹਿਯੋਗ ਨਾਲ ਸਫ਼ਲਤਾ ਸੰਭਵ ਹੈ!
ਇਹ ਸੰਸਾਰ, ਇੰਝ ਲਗਦਾ ਹੈ, ਜਿਵੇਂ ਕੋਈ ਸਰਕਸ ਹੋਵੇ ਜਿਸ ਵਿੱਚ ਸਾਨੂੰ ਅੱਗ ਲੱਗੀ ਇੱਕ ਗੋਲ ਤਾਰ ਦੇ ਚੱਕਰ ਵਿੱਚੋਂ ਦੀ ਕੁੱਦਣਾ ਪੈਂਦਾ ਹੈ, ਕਾਇਦੇ ਜਿਨ੍ਹਾਂ ਦੀ ਸਾਨੂੰ ਪਾਲਣਾ ਕਰਨੀ ਪੈਂਦੀ ਹੈ, ਸਮਝੌਤੇ ਜਿਨ੍ਹਾਂ ਦਾ ਮਾਣ ਰੱਖਣਾ ਸਾਡੀ ਮਜਬੂਰੀ ਹੈ ਅਤੇ ਵਾਅਦੇ ਜਿਨ੍ਹਾਂ ਨੂੰ ਪੂਰਾ ਕਰਨ ਦਾ ਸਾਡੇ ‘ਤੇ ਦਬਾਅ ਹੈ। ਜੇਕਰ ਅਸੀਂ ਉਨ੍ਹਾਂ ਉਮੀਦਾਂ ਨਾਲ ਨਜਿੱਠ ਸਕਦੇ ਹਾਂ ਜਿਹੜੀਆਂ ਦੂਸਰੇ ਸਾਡੇ ਤੋਂ ਰੱਖਦੇ ਹਨ ਤਾਂ ਫ਼ਿਰ ਸਭ ਕੁਝ ਠੀਕ ਹੈ। ਪਰ ਜੇਕਰ ਸਾਡੇ ਤੋਂ ਉਸ ਦੀ ਮੰਗ ਕੀਤੀ ਜਾਵੇ ਜੋ ਅਸੀਂ ਸਪਲਾਈ ਹੀ ਨਾ ਕਰ ਸਕਦੇ ਹੋਈਏ ਤਾਂ ਫ਼ਿਰ ਟੈਨਸ਼ਨ ਪੈਦਾ ਹੋ ਸਕਦੀ ਹੈ। ਹਾਲੀਆ ਘਟਨਾਵਾਂ ਨੇ ਤੁਹਾਨੂੰ ਇਹ ਸੋਚਣ ‘ਤੇ ਮਜਬੂਰ ਕੀਤਾ ਹੈ ਕਿ ਤੁਸੀਂ ਕਿਸੇ ਖ਼ਾਸ ਵਿਅਕਤੀ ਜਾਂ ਸਥਿਤੀ ਲਈ ਆਪਣਾ ਕਿੰਨਾ ਵਕਤ ਅਤੇ ਆਪਣੀ ਕਿੰਨੀ ਸ਼ਕਤੀ ਸਮਰਪਿਤ ਕਰਨਾ ਚਾਹੁੰਦੇ ਹੋ। ਪਰ ਛੇਤੀ ਹੀ ਤੁਹਾਨੂੰ ਇਸ ਲਈ ਨਵਾਂ ਜੋਸ਼ ਪ੍ਰਾਪਤ ਹੋਵੇਗਾ।
ਕੁਝ ਲੋਕਾਂ ਦਾ ਇੱਕ ਖ਼ਾਸ ਕਿਸਮ ਦਾ ਰੋਅਬ ਹੁੰਦਾ ਹੈ, ਉਹ ਹਮੇਸ਼ਾ ਇੱਕ ਆਕਰਸ਼ਕ ਸਖ਼ਸੀਅਤ ਦੇ ਤੌਰ ‘ਤੇ ਉਭਰ ਕੇ ਸਾਹਮਣੇ ਆਉਂਦੇ ਹਨ ਅਤੇ ਲਗਭਗ ਹਰ ਉਸ ਵਿਅਕਤੀ ਦੇ ਦਿਲ ਵਿੱਚ ਆਪਣੇ ਪ੍ਰਤੀ ਸ਼ਰਧਾ ਜਗਾ ਲੈਂਦੇ ਹਨ ਜਿਸ ਨੂੰ ਵੀ ਉਹ ਮਿਲਦੇ ਹਨ। ਹੁਣ ਜਦੋਂ ਤੁਸੀਂ ਮੇਰੀਆਂ ਇਨ੍ਹਾਂ ਸਤਰਾਂ ਨੂੰ ਪੜ੍ਹ ਰਹੇ ਹੋ ਅਤੇ ਇਹ ਸੋਚਦੇ ਹੋਏ ਪਰੇਸ਼ਾਨ ਹੋ ਰਹੇ ਹੋ, ‘ਇਹ ਮੇਰੀ ਜ਼ਿੰਦਗੀ ਵਿਚਲੇ ਕਿਹੜੇ ਵਿਅਕਤੀ ਬਾਰੇ ਗੱਲ ਕਰ ਰਿਹੈ?’ ਕਿਰਪਾ ਕਰ ਕੇ ਇਸ ਸੰਭਾਵਨਾ ਨੂੰ ਵੀ ਜ਼ਰੂਰ ਵਿਚਾਰਿਓ ਕਿ ਮੈਂ ਤੁਹਾਡੇ ਬਾਰੇ ਵੀ ਗੱਲ ਕਰ ਰਿਹਾ ਹੋ ਸਕਦਾਂ! ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਆਪ ਵਿੱਚ ਅਤੇ ਜੋ ਤੁਸੀਂ ਦੂਸਰਿਆਂ ਨੂੰ ਦੇ ਸਕਦੇ ਹੋ ਉਸ ਵਿੱਚ ਵਿਸ਼ਵਾਸ ਦਿਖਾਇਆਂ ਕੁਝ ਚਿਰ ਗੁਜ਼ਰ ਚੁੱਕਾ ਹੋਵੇ। ਤਨਾਵਾਂ ਅਤੇ ਮੁਸ਼ਕਿਲਾਂ ਨੇ ਤੁਹਾਨੂੰ ਕੁਝ ਹੱਦ ਤਕ ਕਮਜ਼ੋਰ ਕਰ ਦਿੱਤਾ ਹੈ। ਪਰ ਹੁਣ, ਤਾਕਤ ਤੇ ਸਵੈ-ਵਿਸ਼ਵਾਸ ਸਹੀ ਰੂਪ ਵਿੱਚ ਵਾਪਿਸ ਪਰਤ ਰਹੇ ਹਨ।
ਹਮੇਸ਼ਾ ਅਜਿਹੇ ਲੋਕ ਮੌਜੂਦ ਰਹਿੰਦੇ ਹਨ ਜੋ ਸਾਨੂੰ ਦੱਸ ਦੇਣਗੇ ਕਿ ਅਸੀਂ ਕਿੱਥੇ ਗ਼ਲਤ ਹਾਂ ਅਤੇ ਕਿਉਂ। ਉਨ੍ਹਾਂ ਦੀ ਮਨਸ਼ਾ ਚੰਗੀ ਹੋ ਸਕਦੀ ਹੈ, ਪਰ ਸਾਡੇ ਵਿੱਚੋਂ ਕਿਸੇ ਨੂੰ ਵੀ ਆਪਣਾ ਧਿਆਨ ਉਨ੍ਹਾਂ ਪੱਖਾਂ ਵੱਲ ਦਿਵਾਇਆ ਜਾਣਾ ਪਸੰਦ ਨਹੀਂ ਆਉਂਦਾ ਜਿਨ੍ਹਾਂ ਨੂੰ ਅਸੀਂ ਢੱਕਣਾ ਜਾਂ ਲੁਕੋ ਕੇ ਰੱਖਣਾ ਚਾਹੁੰਦੇ ਹੋਈਏ। ਨਾ ਹੀ ਸਾਨੂੰ ਓਦੋਂ ਚੰਗਾ ਲਗਦਾ ਹੈ ਜਦੋਂ ਘਟਨਾਵਾਂ ਕਿਸੇ ਤਰ੍ਹਾਂ ਇਸ ਚੀਜ਼ ਦੀ ਸੰਭਾਵਨਾ ਦਿਖਾਉਂਦੀਆਂ ਲੱਗਣ ਕਿ ਅਸੀਂ ਅਤੀਤ ਵਿੱਚ ਕੁਝ ਗ਼ਲਤ ਚੋਣਾਂ ਕੀਤੀਆਂ ਹਨ। ਤੁਸੀਂ ਇਸ ਵੇਲੇ ਉਸ ਤੋਂ ਉਭਰ ਰਹੇ ਹੋ ਜੋ ਕਿ ਤੁਹਾਡੇ ਕੁਦਰਤੀ ਸਵੈ-ਵਿਸ਼ਵਾਸ ‘ਤੇ ਇੱਕ ਜ਼ਬਰਦਸਤ ਚੜ੍ਹਾਈ ਹੀ ਕਹੀ ਜਾਵੇਗੀ। ਘਬਰਾਓ ਨਾ, ਛੇਤੀ ਹੀ ਤੁਸੀਂ ਵਾਪਿਸ ਸਾਬਿਤ ਕਦਮ ਹੋ ਜਾਵੋਗੇ!
ਪਹਿਲੀ ਨਜ਼ਰ ਵਿੱਚ ਪਿਆਰ ਹੋਣ ਜਿਹੀ ਕੋਈ ਚੀਜ਼ ਹੁੰਦੀ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ, ਪਰ ਕਿਸੇ ਨੂੰ ਪਹਿਲਾਂ ਤੋਂ ਹੀ ਜਾਣਨ ਦਾ ਇੱਕ ਅਜਿਹਾ ਅਹਿਸਾਸ ਵੀ ਹੁੰਦਾ ਹੈ ਜਿਹੜਾ ਕਈ ਵਾਰ ਦੋ ਅਣਜਾਣ ਵਿਅਕਤੀਆਂ ਦਰਮਿਆਨ ਪਹਿਲੀ ਵਾਰ ਮਿਲਣ ‘ਤੇ ਹੀ ਦੇਖਣ ਨੂੰ ਮਿਲਦਾ ਹੈ। ਰਹੱਸ ਵਿਦਿਆ ਦੇ ਮਾਹਿਰ ਇਸ ਨੂੰ ਪਿੱਛਲੇ ਜਨਮ ਦਾ ਕੋਈ ਰਿਸ਼ਤਾ ਕਹਿੰਦੇ ਹਨ। ਮਨੋਵਿਗਿਆਨੀ ਇਸ ਦਾ ਤਰਜਮਾ ਇੱਕ ਅਜਿਹੇ ਸਾਂਝੇ ਸੁਪਨੇ ਜਾਂ ਕਲਪਨਾ ਦੇ ਰੂਪ ਵਿੱਚ ਕਰਦੇ ਹਨ ਜੋ ਸ਼ਾਇਦ ਸਿਹਤਮੰਦ ਹੋਵੇ ਸ਼ਾਇਦ ਨਾ। ਕਿਸੇ ਵਿਅਕਤੀ ਨਾਲ ਤੁਹਾਡੇ ਸਬੰਧਾਂ ਦੀ ਤਾਕਤਵਰ ਭਾਵਨਾ ਇਸ ਵੇਲੇ ਇੰਨੀ ਸ਼ਕਤੀਸ਼ਾਲੀ ਹੈ ਕਿ ਇਸ ਨੂੰ ਨਜ਼ਰਅੰਦਾਜ਼ ਕਰਨਾ ਸੰਭਵ ਨਹੀਂ। ਵਿਸ਼ਵਾਸ ਰੱਖੋ ਕਿ ਇਹ ਭਾਵਨਾ ਸਾਕਾਰਾਤਮਕ ਹੈ।













