ਦੁਬਈ – ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਪਾਕਿਸਤਾਨ ਦੇ ਵਿਰੁੱਧ T-20 ਵਿਸ਼ਵ ਕੱਪ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ 57 ਦੌੜਾਂ ਦੀ ਪਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੁਸ਼ਕਿਲ ਹਾਲਾਤ ‘ਚ ਖੇਡੀ ਗਈ ਇਹ ਇੱਕ ਸ਼ਾਨਦਾਰ ਪਾਰੀ ਸੀ। ਕੋਹਲੀ ਨੇ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 49 ਗੇਂਦਾਂ ‘ਚ 57 ਦੌੜਾਂ ਬਣਾਈਆਂ, ਪਰ ਭਾਰਤ ਨੂੰ ਪਾਕਿਸਤਾਨ ਨੇ 10 ਵਿਕਟਾਂ ਨਾਲ ਹਰਾ ਦਿੱਤਾ। ਵਿਸ਼ਵ ਕੱਪ ‘ਚ ਪਾਕਿਸਤਾਨ ਦੀ ਭਾਰਤ ‘ਤੇ ਇਹ ਪਹਿਲੀ ਜਿੱਤ ਸੀ। ਗਾਵਸਕਰ ਨੇ ਸਟਾਰ ਸਪੋਰਟਸ ਦੇ ਸ਼ੋਅ ‘ਚ ਕਿਹਾ ਕਿ ਇਹ ਇੱਕ ਸ਼ਾਨਦਾਰ ਪਾਰੀ ਸੀ ਕਿਉਂਕਿ ਭਾਰਤ ਨੇ ਪਾਵਰ ਪਲੇਅ ‘ਚ ਹੀ ਸਲਾਮੀ ਬੱਲੇਬਾਜ਼ਾਂ ਦੇ ਵਿਕਟ ਗੁਆ ਦਿੱਤੇ ਸਨ, ਅਤੇ ਕੋਹਲੀ ਦੇ ਮੋਢਿਆਂ ‘ਤੇ ਵੱਡੀ ਜ਼ਿੰਮੇਦਾਰੀ ਸੀ।
ਉਨ੍ਹਾਂ ਨੇ ਕਿਹਾ ਕਿ ਕੋਹਲੀ ਨੇ ਜਿਸ ਤਰ੍ਹਾਂ ਨਾਲ ਪਾਰੀ ਖੇਡੀ, ਉਹ ਸ਼ਾਨਦਾਰ ਸੀ ਅਤੇ ਖ਼ਾਸਕਰ ਸ਼ਾਹੀਨ ਅਫ਼ਰੀਦੀ ਨੂੰ ਜੋ ਛੱਕਾ ਲਗਾਇਆ, ਉਹ ਕਮਾਲ ਦਾ ਸੀ। ਗਾਵਸਕਰ ਨੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਦੀ ਵੀ ਸ਼ਲਾਘਾ ਕੀਤੀ। ਗਵਾਸਕਰ ਨੇ ਕਿਹਾ ਕਿ ਜਿਸ ਅੰਦਾਜ਼ ‘ਚ ਉਹ ਗੇਂਦਬਾਜ਼ੀ ਕਰ ਰਿਹਾ ਸੀ, ਠੀਕ ਕੋਣ ਬਣਾ ਕੇ ਗੇਂਦ ਸੁੱਟਣ ਤੋਂ ਬਾਅਦ ਉਹ ਸਵਿੰਗ ਦਾ ਇਸਤੇਮਾਲ ਕਰ ਰਿਹਾ ਸੀ, ਕਮਾਲ ਦਾ ਸੀ। ਅਜਿਹੇ ‘ਚ ਕੋਹਲੀ ਦਾ ਇਸ ਤਰ੍ਹਾਂ ਨਾਲ ਖੇਡਣਾ ਜ਼ਰੂਰੀ ਸੀ। ਬਾਹਰ ਨਿਕਲ ਕੇ ਖੇਡਣ ਨਾਲ ਹੀ ਉਹ ਅਫ਼ਰੀਦੀ ਸਾਹਮਣੇ ਦੌੜਾਂ ਬਣਾ ਸਕਿਆ। ਸਾਬਕਾ ਬੱਲੇਬਾਜ਼ ਵੀ.ਵੀ.ਐੱਸ.ਲਕਸ਼ਮਣ ਨੇ ਕਿਹਾ ਕਿ ਪਾਕਿਸਤਾਨ ਤੋਂ ਮਿਲੀ ਹਾਰ ਨਾਲ ਤਿੰਨ ਸਬਕ ਮਿਲਦੇ ਹਨ। ਪਹਿਲਾ ਸਬਕ ਇਹ ਕਿ ਪਾਵਰ ਪਲੇਅ ‘ਚ ਵਿਕਟਾਂ ਨਹੀਂ ਗਵਾਉਣਾ, ਕਿਉਂਕਿ ਫ਼ਿਰ ਤੁਸੀਂ ਉਸ ਦਾ ਫ਼ਾਇਦਾ ਨਹੀਂ ਚੁੱਕ ਸਕਦੇ। ਇਸੇ ਤਰ੍ਹਾਂ ਗੇਂਦਬਾਜ਼ੀ ਕਰਦੇ ਹੋਏ ਪਾਵਰ ਪਲੇਅ ‘ਚ ਵਿਕਟਾਂ ਹਾਸਿਲ ਕਰਨ ਦੀ ਵੀ ਲੋੜ ਹੁੰਦੀ ਹੈ ਖ਼ਾਸ ਕਰ ਜਦੋ ਤੁਸੀਂ ਜ਼ਿਆਦਾ ਦੌੜਾਂ ਨਾ ਬਣਾਈਆਂ ਹੋਣ।











