ਹਾਰ ਜਾਂ ਜਿੱਤ ਪਰ ਭਾਰਤੀ ਟੀਮ ਦਾ ਸਮਰਥਨ ਕਰੋ – ਯੂਸਫ਼ ਪਠਾਨ

ਆਬੂ ਧਾਬੀ – ਭਾਰਤ ਦੇ ਸਾਬਕਾ ਬੱਲੇਬਾਜ਼ ਯੂਸਫ਼ ਪਠਾਨ ਨੇ ਕਿਹਾ ਕਿ ਰਾਸ਼ਟਰੀ ਟੀਮ ਭਾਵੇਂ ਜਿੱਤੇ ਜਾਂ ਹਾਰੇ ਪਰ ਪ੍ਰਸ਼ੰਸਕਾਂ ਨੂੰ T-20 ਵਿਸ਼ਵ ਕੱਪ ਖੇਡ ਰਹੇ 15 ਖਿਡਾਰੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ। ਆਬੂ ਧਾਬੀ T-20 ਲੀਗ ਦੌਰਾਨ ਉਹ ਇੱਕ ਔਨਲਾਈਨ ਗੱਲਬਾਤ ‘ਚ ਭਾਰਤ ਦੀ ਪਾਕਿਸਤਾਨ ਦੇ ਹੱਥੋਂ T-20 ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ 10 ਵਿਕਟਾਂ ਨਾਲ ਹਾਰ ਤੋਂ ਬਾਅਦ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਅਨਲਾਈਨ ਆਲੋਚਨਾ ‘ਤੇ ਬੋਲ ਰਿਹਾ ਸੀ।
ਪਠਾਨ ਨੇ ਕਿਹਾ, ”ਜਿਵੇਂ ਕਿ ਮੈਂ ਕਿਹਾ ਕੋਈ ਕ੍ਰਿਕਟ ਟੀਮ ਜਾਂ ਕ੍ਰਿਕਟਰ ਹਾਰਨਾ ਨਹੀਂ ਚਾਹੁੰਦਾ। ਇਹ ਇੱਕ ਮੈਚ ਸੀ ਅਤੇ ਟੂਰਨਾਮੈਂਟ ਦੀ ਸ਼ੁਰੂਆਤ ਸੀ। ਇੱਕ ਪ੍ਰਸ਼ੰਸਕ ਦੇ ਤੌਰ ‘ਤੇ ਮੈਂ ਟੀਮ ਦਾ ਹੌਸਲਾ ਵਧਾਉਣਾ ਚਾਹੁੰਦਾ ਹਾਂ। ਸਾਨੂੰ ਟੀਮ ਦਾ ਸਾਥ ਦੇਣਾ ਚਾਹੀਦਾ ਹੈ। ਪਾਕਿਸਤਾਨ ਨੂੰ ਸਾਡੇ ‘ਤੇ ਜਿੱਤ ਹਾਸਿਲ ਕਰਨ ਲਈ 29 ਸਾਲ ਲੱਗੇ ਹਨ। ਉਸ ਨੇ ਕਿਹਾ ਕਿ ਸਾਨੂੰ 15 ਖਿਡਾਰੀਆਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਵਿਸ਼ਵ ਕੱਪ ਦੇ ਲਈ ਚੁਣੇ ਗਏ ਹਨ। ਅਸੀਂ ਉਨ੍ਹਾਂ ਨੂੰ ਦੱਸਣਾ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਹਾਂ। ਟੀਮ ਦੇ ਜਿੱਤਣ ‘ਤੇ ਕਾਫ਼ੀ ਸ਼ਲਾਘਾ ਹੁੰਦੀ ਹੈ, ਪਰ ਮੁਸ਼ਕਿਲ ਸਮੇਂ ‘ਚ ਵੀ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲਾ ਮੈਚ ਸੀ ਅਤੇ ਅਜੇ ਬਹੁਤ ਕ੍ਰਿਕਟ ਖੇਡਣੀ ਹੈ। ਅਸੀਂ ਹਾਲੇ ਵੀ ਵਿਸ਼ਵ ਕੱਪ ਜਿੱਤ ਸਕਦੇ ਹਾਂ।