ਨਗਰ ਨਿਗਮ ਚੋਣਾਂ ਸਬੰਧੀ ਜ਼ਿਲਾ ਕਾਂਗਰਸ ਨੇ ਕੋਆਰਡੀਨੇਟਰ ਦੀ ਸੂਚੀ ਕੀਤੀ ਜਾਰੀ

ਜਲੰਧਰ — ਜ਼ਿਲਾ ਕਾਂਗਰਸ ਸ਼ਹਿਰੀ ਨੂੰ ਨਗਰ ਨਿਗਮ ਚੋਣਾਂ ਸਬੰਧੀ ਕੋਆਰਡੀਨੇਟਰ ਦੀ ਸੂਚੀ ਜਾਰੀ ਕਰਦੇ ਹੋਏ 80 ਵਾਰਡਾਂ ਲਈ ਕਾਂਗਰਸ ਆਗੂਆਂ ਦੀ ਡਿਊਟੀ ਲਾਈ ਹੈ। ਇਸ ਸੂਚੀ ਵਿਚ ਸ਼ਾਮਲ ਜ਼ਿਆਦਾਤਰ ਨਾਂ ਉਨ੍ਹਾਂ ਆਗੂਆਂ ਦੇ ਹਨ, ਜਿਨ੍ਹਾਂ ਕਾਂਗਰਸ ਤੋਂ ਟਿਕਟ ਲਈ ਦਾਅਵੇਦਾਰੀ ਕੀਤੀ ਸੀ ਪਰ ਉਨ੍ਹਾਂ ਦੀ ਥਾਂ ਪਾਰਟੀ ਨੇ ਹੋਰ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਸੀ, ਜਿਸ ਕਾਰਨ ਕਈ ਆਗੂ ਪਾਰਟੀ ਦੇ ਫੈਸਲੇ ਤੋਂ ਨਾਰਾਜ਼ ਸਨ, ਜਿਨ੍ਹਾਂ ਨੂੰ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਤੇ ਸਬੰਧਤ ਹਲਕਾ ਵਿਧਾਇਕਾਂ ਨੇ ਮਨਾ ਲਿਆ ਸੀ ਪਰ ਚੋਣਾਂ ਦੇ ਐਨ ਮੌਕੇ ਵਾਰਡ ਲੈਵਲ ‘ਤੇ ਕੋਆਰਡੀਨੇਟਰ ਲਾਉਣਾ ਟਿਕਟ ਦਾਅਵੇਦਾਰਾਂ ਤੇ ਹੋਰ ਆਗੂਆਂ ਨੂੰ ਸਿਰਫ 7 ਦਿਨਾਂ ਲਈ ਐਡਜਸਟ ਕਰਨ ਸਮਾਨ ਹੈ ਕਿਉਂਕਿ 15 ਦਸੰਬਰ ਤੱਕ ਚੋਣ ਪ੍ਰਚਾਰ ਖਤਮ ਹੋ ਜਾਵੇਗਾ। 17 ਦਸੰਬਰ ਨੂੰ ਨਿਗਮ ਚੋਣਾਂ ਲਈ ਵੋਟ ਪਾਉਣੀ ਹੋਵੇਗੀ। ਉਸ ਦੇ ਚੋਣ ਨਤੀਜੇ ਵੀ ਐਲਾਨ ਹੋ ਜਾਣਗੇ। ਕਾਂਗਰਸ ਦੀ ਅਜਿਹੀ ਲੇਟ-ਲਤੀਫੀ ਦੇ ਪਾਰਟੀ ਉਮੀਦਵਾਰਾਂ ਨੂੰ ਕੀ ਲਾਭ ਮਿਲੇਗਾ, ਇਸ ‘ਤੇ ਸਵਾਲੀਆ ਨਿਸ਼ਾਨ ਹੈ। ਕੋਆਰਡੀਨੇਟਰ ਦੀ ਸੂਚੀ ਵਿਚ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਸਤਨਾਮ ਬਿੱਟਾ, ਅੰਮ੍ਰਿਤ ਖੋਸਲਾ, ਮਨਜਿੰਦਰ ਸਿੰਘ ਜੌਹਲ, ਮਨੋਜ ਅਗਰਵਾਲ, ਸੁਸ਼ਮਾ ਗੌਤਮ ਸਮੇਤ ਵਰਿੰਦਰ ਸ਼ਰਮਾ, ਚੌਧਰੀ ਸੁਰਿੰਦਰ, ਡਾ. ਮਨਜੀਤ ਸਰੋਆ, ਰਾਜੇਸ਼ ਭੱਟੀ, ਹਰਕ੍ਰਿਸ਼ਨ ਸਿੰਘ ਬਾਵਾ, ਬੱਬੂ ਥਾਪਰ, ਗੀਤ ਰਤਨ ਖਹਿਰਾ, ਡਾ. ਸੁਨੀਲ ਸ਼ਰਮਾ, ਸੁਨੀਤਾ ਗਿੱਲ, ਸ਼ਿਵ ਵਰਮਾ, ਨਰੇਸ਼ ਵਰਮਾ ਤੇ ਹੋਰ ਵੀ ਮੌਜੂਦ ਹਨ।