ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ‘ਤੇ ਜਨ ਲੋਕਪਾਲ ਸਮੇਤ “ਵਾਅਦੇ ਤੋੜਨ” ਦਾ ਦੋਸ਼ ਲਾਉਂਦੇ ਹੋਏ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਮੀਦਵਾਰ ਦੀ ਪਰਵਾਹ ਕੀਤੇ ਬਿਨਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵੋਟ ਪਾਉਣ। ਦਿੱਲੀ ਛਾਉਣੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਦਾਅਵਾ ਕੀਤਾ, “ਭਾਜਪਾ ਇਕਲੌਤੀ ਅਜਿਹੀ ਪਾਰਟੀ ਹੈ, ਜਿਸਨੇ ਆਪਣੇ ਮੈਨੀਫੈਸਟੋ ਵਿੱਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ… ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਸਭ ਕੁਝ ਭੁੱਲ ਜਾਓ ਅਤੇ ਭਾਜਪਾ ਨੂੰ ਵੋਟ ਦਿਓ।”
ਉਨ੍ਹਾਂ ਕਿਹਾ, ”ਦਿੱਲੀ ਵਿੱਚ ਭਾਜਪਾ ਦੇ ਹੱਕ ਵਿੱਚ ਵੋਟ ਪਾਓ ਅਤੇ ਇਹ ਨਾ ਦੇਖੋ ਕਿ ਉਮੀਦਵਾਰ ਕੌਣ ਹੈ। ਤੁਹਾਡੀ ਵੋਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਹੋਵੇਗੀ।” ਰੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਜੇਕਰ ਭਾਜਪਾ ਦਿੱਲੀ ਵਿੱਚ ਸਰਕਾਰ ਬਣਾਉਂਦੀ ਹੈ ਤਾਂ ਸਾਰੀਆਂ ਯੋਜਨਾਵਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਦਿੱਲੀ ਵਾਸੀ ‘ਆਯੁਸ਼ਮਾਨ ਭਾਰਤ’ ਵਰਗੀਆਂ ਕੇਂਦਰੀ ਯੋਜਨਾਵਾਂ ਦਾ ਲਾਭ ਵੀ ਲੈ ਸਕਣਗੇ, ਜੋ ਸਰਕਾਰ ਬਣਨ ਦੇ 10 ਦਿਨਾਂ ਦੇ ਅੰਦਰ ਲਾਗੂ ਕੀਤੀਆਂ ਜਾਣਗੀਆਂ। ਸਾਰੀਆਂ ਝੁੱਗੀਆਂ-ਝੌਂਪੜੀਆਂ ਵਿੱਚ ‘ਅਟਲ ਕੰਟੀਨ’ ਸਥਾਪਤ ਕੀਤੀਆਂ ਜਾਣਗੀਆਂ, ਜੋ ਪੰਜ ਰੁਪਏ ਵਿੱਚ ਖਾਣਾ ਮੁਹੱਈਆ ਕਰਵਾਉਣਗੀਆਂ। ‘ਆਪ’ ‘ਤੇ ਹਮਲਾ ਕਰਦਿਆਂ ਉਨ੍ਹਾਂ ਪਾਰਟੀ ਲਈ “ਆਫ਼ਤ” ਸ਼ਬਦ ਦੀ ਵਰਤੋਂ ਕੀਤੀ ਅਤੇ ਇਸ ‘ਤੇ ਆਪਣੇ ਚੋਣ ਵਾਅਦਿਆਂ, ਖਾਸ ਕਰਕੇ ਜਨ ਲੋਕਪਾਲ ਸਥਾਪਤ ਕਰਨ ਦੇ ਵਾਅਦੇ ਨੂੰ ਪੂਰਾ ਨਾ ਕਰਨ ਦਾ ਦੋਸ਼ ਲਗਾਇਆ।
ਰਾਜਨਾਥ ਨੇ ਕਿਹਾ, “ਅੰਨਾ ਹਜ਼ਾਰੇ ਦੇ ਅੰਦੋਲਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਕੋਈ ਰਾਜਨੀਤਿਕ ਪਾਰਟੀ ਨਹੀਂ ਬਣਾਉਣਗੇ। ਅੰਨਾ ਹਜ਼ਾਰੇ ਦੇ ਅੰਦੋਲਨ ‘ਤੇ ਲੋਕਾਂ ਨੇ ਜੋ ਭਰੋਸਾ ਜਤਾਇਆ, ਉਸ ਦਾ ਇਸਤੇਮਾਲ ਉਨ੍ਹਾਂ (ਕੇਜਰੀਵਾਲ) ਦਿੱਲੀ ਵਿੱਚ ਸਰਕਾਰ ਬਣਾਉਣ ਲਈ ਕੀਤਾ… ਪਰ ਕੀ ਉਨ੍ਹਾਂ ਨੇ ਆਪਣੇ ਵਾਅਦੇ ਪੂਰੇ ਕੀਤੇ?” ਰੱਖਿਆ ਮੰਤਰੀ ਨੇ ਕਿਹਾ, “ਉਨ੍ਹਾਂ (ਕੇਜਰੀਵਾਲ) ਨੇ ਕਿਹਾ ਸੀ ਕਿ ਉਹ ਜਨ ਲੋਕਪਾਲ ਸਥਾਪਤ ਕਰਨਗੇ… ਪਰ ਅੱਜ ਦਿੱਲੀ ਵਿੱਚ ਬਹੁਤ ਸਾਰੇ ਘੁਟਾਲੇ ਹੋਏ ਹਨ।” ਰਾਜਨਾਥ ਨੇ ਕਿਹਾ ਕਿ ਇਹ ਭਾਜਪਾ ਹੀ ਸੀ, ਜਿਸਨੇ ਦਿੱਲੀ ਨੂੰ ਰਾਜ ਦਾ ਦਰਜਾ ਦਿੱਤਾ ਅਤੇ ਕਈ ਕਲੋਨੀਆਂ ਨੂੰ ਨਿਯਮਤ ਕੀਤਾ। ਉਹਨਾਂ ਦੋਸ਼ ਲਾਇਆ ਕਿ ਆਪ ਦੀ ਸਰਕਾਰ ਉਹਨਾਂ ਨੂੰ ਪਾਣੀ ਅਤੇ ਡਰੇਨੇਜ ਦੀਆਂ ਸਹੂਲਤਾਂ ਤੱਕ ਮੁਹੱਈਆਂ ਨਹੀਂ ਕਰਵਾ ਸਕੀ।















