‘ਇੰਡੀਆ’ ਗਠਜੋੜ ਨੇ ਚੋਣਾਂ ਨਾਲ ਜੁੜੇ ਮੁੱਦਿਆਂ ‘ਤੇ ਚੀਫ਼ ਜਸਟਿਸ ਨੂੰ ਭੇਜੀ ਚਿੱਠੀ : ਜੈਰਾਮ ਰਮੇਸ਼

ਨਵੀਂ ਦਿੱਲੀ- ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੰਗਲਵਾਰ ਨੂੰ ਕਿਹਾ ਕਿ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇੰਕਲੂਸਿਵਲ ਅਲਾਇੰਸ’ (ਇੰਡੀਆ) ਦੇ 23 ਘਟਕ ਦਲਾਂ ਅਤੇ ਇਕ ਆਜ਼ਾਦ ਮੈਂਬਰ ਨੇ ਚੋਣ ਕਮਿਸ਼ਨ ਦੀ ਵਿਸ਼ੇਸ਼ ਤੀਬਰ ਸਮੀਖਿਆ (ਐੱਸਆਈਆਰ) ਪ੍ਰਕਿਰਿਆ ਅਤੇ ਚੋਣ ਨਾਲ ਜੁੜੇ ਹੋਰ ਮੁੱਦਿਆਂ ‘ਤੇ ਚੀਫ਼ ਜਸਟਿਸ ਸੂਰੀਆਕਾਂਤ ਨੂੰ ਇਕ ਸਾਂਝੀ ਚਿੱਠੀ ਭੇਜੀ ਹੈ। ‘ਇੰਡੀਆ’ ਗਠਜੋੜ ਦੇ ਘਟਕ ਦਲਾਂ ਨੇ 8 ਜੂਨ ਨੂੰ ਇੱਥੇ ਹੋਈ ਬੈਠਕ ‘ਚ ਚੀਫ਼ ਜਸਟਿਸ ਨੂੰ ਚਿੱਠੀ ਭੇਜਣ ਦਾ ਫੈਸਲਾ ਕੀਤਾ ਸੀ। ਫਿਲਹਾਲ ਇਸ ਚਿੱਠੀ ਦੇ ਵੇਰਵੇ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਰਮੇਸ਼ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ,”8 ਜੂਨ 2026 ਨੂੰ ਆਯੋਜਿਤ ‘ਇੰਡੀਆ ਜਨਬੰਧਨ’ ਦੀ ਬੈਠਕ ‘ਚ 21 ਸਿਆਸੀ ਦਲਾਂ ਅਤੇ ਇਕ ਆਜ਼ਾਦ ਮੈਂਬਰ ਨੇ ਹਿੱਸਾ ਲਿਆ ਸੀ। ਬੈਠਕ ‘ਚ ਚੋਣ ਕਮਿਸ਼ਨ ਦੀ ਐੱਸਆਈਆਰ ਪ੍ਰਕਿਰਿਆ ਅਤੇ ਚੋਣ ਸੰਬੰਧੀ ਹੋਰ ਮੁੱਦਿਆਂ ‘ਤੇ ਭਾਰਤ ਦੇ ਚੀਫ਼ ਜਸਟਿਸ ਨੂੰ ਸੰਯੁਕਤ ਚਿੱਠੀ ਭੇਜਣ ਦਾ ਫੈਸਲਾ ਲਿਆ ਗਿਆ ਸੀ।” ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਹੁਣ 23 ਸਿਆਸੀ ਦਲਾਂ ਅਤੇ ਇਕ ਆਜ਼ਾਦ ਮੈਂਬਰ ਦੇ ਦਸਤਖ਼ਤ ਵਾਲੀ ਸੰਯੁਕਤ ਚਿੱਠੀ ਮੰਗਲਵਾਰ ਨੂੰ ਚੀਫ਼ ਜਸਟਿਸ ਨੂੰ ਭੇਜ ਦਿੱਤੀ ਗਈ ਹੈ। ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਵਿਰੋਧੀ ਦਲ ‘SURE’ ਯਾਨੀ ‘ਸਾਲਿਡੈਰਿਟੀ, ਯੂਨਿਟੀ ਐਂਡ ਰੇਜੀਲੀਐਂਸ’ (ਇਕਜੁਟਤਾ, ਏਕਤਾ ਅਤੇ ਦ੍ਰਿੜਤਾ) ਦੇ ਸਿਧਾਂਤਾਂ ‘ਤੇ ਮਜ਼ਬੂਤੀ ਨਾਲ ਕਾਇਮ ਹੈ।