ਕਾਲਜ ਦੇ ਕਲਰਕ ਦਾ ਐਤਵਾਰ ਨੂੰ ਸੱਦ ਕੇ ਕਰ’ਤਾ ਕਤਲ ! ਲਾਸ਼ ਟਿਕਾਣੇ ਲਾਉਣ ਗਿਆ ਪ੍ਰਿੰਸੀਪਲ ਤੇ ਸਾਥੀ ਗ੍ਰਿਫ਼ਤਾਰ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਏਟਾ ਜ਼ਿਲ੍ਹੇ ਦੇ ਜੈਥਰਾ ਥਾਣਾ ਖੇਤਰ ਸਥਿਤ ਮਾਧਵਾਨੰਦ ਇੰਟਰ ਕਾਲਜ ਦੇ ਕਲਰਕ ਰਾਹੁਲ ਕੁਮਾਰ ਪਾਂਡੇ (35) ਦਾ ਕਥਿਤ ਤੌਰ ’ਤੇ ਪ੍ਰਸ਼ਾਸਨਿਕ ਗਲਬੇ ਦੀ ਲੜਾਈ ’ਚ ਕਤਲ ਕਰ ਦਿੱਤਾ ਗਿਆ। ਪੁਲਸ ਨੇ ਲਾਸ਼ ਨੂੰ ਕਾਰ ਰਾਹੀਂ ਕਾਸਗੰਜ ਲਿਜਾ ਕੇ ਟਿਕਾਣੇ ਲਾਉਣ ਦਾ ਯਤਨ ਕਰ ਰਹੇ ਕਾਲਜ ਦੇ ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਪਾਂਡੇ ਅਤੇ ਉਨ੍ਹਾਂ ਦੇ ਇਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ।
ਪੁਲਸ ਮੁਤਾਬਕ, ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਥਾਣਾ ਖੇਤਰ ’ਚ ਵਾਹਨ ਚੈਕਿੰਗ ਦੌਰਾਨ ਸ਼ੱਕੀ ਕਾਰ ਨੂੰ ਰੋਕਿਆ ਗਿਆ। ਤਲਾਸ਼ੀ ਲੈਣ ’ਤੇ ਕਾਰ ਦੀ ਡਿੱਗੀ ’ਚੋਂ ਰਾਹੁਲ ਦੀ ਲਾਸ਼ ਬਰਾਮਦ ਹੋਈ, ਜਿਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਸ਼ੁਰੂਆਤੀ ਜਾਂਚ ’ਚ ਕਾਲਜ ਦੇ ਪ੍ਰਸ਼ਾਸਨਿਕ ਗਲਬੇ ਅਤੇ ਪ੍ਰਬੰਧਨ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਕਤਲ ਦਾ ਕਾਰਨ ਮੰਨਿਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਰਾਹੁਲ ਨੂੰ ਐਤਵਾਰ ਨੂੰ ਕਾਲਜ ਬੁਲਾ ਕੇ ਸਾਜ਼ਿਸ਼ ਤਹਿਤ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।