ਦਿੱਲੀ ‘ਚ 24 ਘੰਟਿਆਂ ਬਾਅਦ ਫਿਰ ਵਧਿਆ ਪ੍ਰਦੂਸ਼ਣ, ਓਡ-ਈਵਨ ‘ਤੇ ਚਰਚਾ ਸੋਮਵਾਰ ਨੂੰ

ਨਵੀਂ ਦਿੱਲੀ— ਓਡ-ਈਵਨ ਯੋਜਨਾ ਦੇ ਅਧੀਨ ਦੋਪਹੀਆ ਵਾਹਨਾਂ ਅਤੇ ਔਰਤਾਂ ਨੂੰ ਦਿੱਤੀ ਗਈ ਛੂਟ ਵਾਪਸ ਲੈਣ ਦੇ ਰਾਸ਼ਟਰੀ ਹਰਿਤ ਟ੍ਰਿਬਿਊਨਲ (ਐੱਨ.ਜੀ.ਟੀ.) ਦੇ ਆਦੇਸ਼ ਤੋਂ ਬਾਅਦ ਦਿੱਲੀ ਸਰਕਾਰ ਨੇ ਇਸ ਯੋਜਨਾ ਨੂੰ ਲਾਗੂ ਕਰਨ ‘ਚ ਅਸਮਰੱਥਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਦਿੱਲੀ ‘ਚ ਸੋਮਵਾਰ ਤੋਂ ਓਡ-ਈਵਨ ਯੋਜਨਾ ਚਾਲੂ ਨਹੀਂ ਹੋਵੇਗੀ। ਸਰਕਾਰ ਨੇ ਕਿਹਾ ਕਿ ਉਹ ਸੋਮਵਾਰ ਨੂੰ ਐੱਨ.ਜੀ.ਟੀ. ਤੋਂ ਆਪਣੇ ਆਦੇਸ਼ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰੇਗੀ ਅਤੇ ਜੇਕਰ ਛੂਟ ਮਿਲ ਗਈ ਤਾਂ ਯੋਜਨਾ ਨੂੰ ਮੰਗਲਵਾਰ ਤੋਂ ਲਾਗੂ ਕਰਨ ‘ਤੇ ਵਿਚਾਰ ਕੀਤਾ ਜਾਵੇਗਾ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ‘ਚ ਹੋਈ ਬੈਠਕ ਤੋਂ ਬਾਅਦ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਐਲਾਨ ਕੀਤਾ ਕਿ ਯੋਜਨਾ ਜੋ ਕਿ 13 ਤੋਂ 17 ਨਵੰਬਰ ਦਰਮਿਆਨ ਲਾਗੂ ਹੋਣੀ ਸੀ, ਉਸ ਨੂੰ ਵਾਪਸ ਲਿਆ ਜਾ ਰਿਹਾ ਹੈ, ਕਿਉਂਕਿ ਬੱਸਾਂ ਦੀ ਗਿਣਤੀ ਪੂਰੀ ਨਹੀਂ ਹੈ ਅਤੇ ਔਰਤਾਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸਰਕਾਰ ਨੇ ਬਾਅਦ ‘ਚ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਸ ਨੇ ਯੋਜਨਾ ਨੂੰ ਟਾਲ ਦਿੱਤਾ ਹੈ ਪਰ ਜੇਕਰ ਛੂਟ ਦੇ ਦਿੱਤੀ ਗਈ ਤਾਂ ਸਰਕਾਰ ਇਸ ਨੂੰ ਤੁਰੰਤ ਲਾਗੂ ਕਰਨ ਲਈ ਤਿਆਰ ਹੈ। ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਐੱਨ.ਜੀ.ਟੀ. ਦੇ ਨਿਰਦੇਸ਼ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ।
ਉੱਥੇ ਹੀ ਦਿੱਲੀ ਸਰਕਾਰ ਐੱਨ.ਜੀ.ਟੀ. ਦੇ ਆਦੇਸ਼ ਤੋਂ ਬਾਅਦ ਪਾਰਕਿੰਗ ਫੀਸ ਨੂੰ ਘੱਟ ਕਰਨ ਲਈ ਉੱਪ ਰਾਜਪਾਲ ਨੂੰ ਪੱਤਰ ਲਿਖੇਗੀ। ਪ੍ਰਦੂਸ਼ਣ ਕਾਰਨ ਦਿੱਲੀ ‘ਚ ਪਾਰਕਿੰਗ ਫੀਸ ਚਾਰ ਗੁਣਾ ਵਧਾ ਦਿੱਤੀ ਗਈ ਸੀ। ਉੱਥੇ ਹੀ ਦਿੱਲੀ ਦੀ ਹਵਾ ‘ਚ ਪਿਛਲੇ 24 ਘੰਟਿੱਾਂ ‘ਚ ਮਾਮੂਲੀ ਸੁਧਾਰ ਤੋਂ ਬਾਅਦ ਫਿਰ ਹਵਾ ਪ੍ਰਦੂਸ਼ਣ ‘ਚ ਵਾਧਾ ਹੋਇਆ। ਦਿੱਲੀ ‘ਚ ਸ਼ਨੀਵਾਰ ਦੀ ਸਵੇਰ ਹਵਾ ਦੀ ਗੁਣਵੱਤਾ ‘ਚ ਥੋੜ੍ਹਾ ਸੁਧਾਰ ਹੋਇਆ ਤਾਂ ਲੋਕਾਂ ਨੇ ਰਾਹਤ ਦਾ ਸਾਹ ਲਿਆ ਪਰ ਸ਼ਾਮ ਹੁੰਦੇ-ਹੁੰਦੇ ਕਿ ਵਾਰ ਫਿਰ ਤੋਂ ਪ੍ਰਦੂਸ਼ਣ ਦਾ ਪੱਧਰ ਵਧ ਗਿਆ, ਜਿਸ ਕਾਰਨ ਰਾਤ ਨੂੰ ਫਿਰ ਧੁੰਦ ਛਾ ਗਈ।