ਕੈਪਟਨ ਸਰਕਾਰ ਵੇਲੇ ਦੇ ਸ਼ੁਰੂ ਹੋਏ ਵਿਕਾਸ ਕੰਮਾਂ ਨੂੰ ਅਕਾਲੀਆਂ ਨੇ ਬੜੀ ਮੁਸ਼ਕਲ ਨਾਲ ਨੇਪਰੇ ਚਾੜ੍ਹਿਆ : ਕਾਂਗਰਸ

ਅੰਮ੍ਰਿਤਸਰ – ਵਿਧਾਨ ਸਭਾ ਹਲਕਾ ਮਜੀਠਾ ਦੇ ਅਕਾਲੀ ਆਗੂਆਂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ‘ਤੇ ਕੀਤੀ ਗਈ ਬਿਆਨਬਾਜ਼ੀ ‘ਤੇ ਪਲਟਵਾਰ ਕਰਦਿਆਂ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਕਿਹਾ ਹੈ ਕਿ ਉਹ ਪਹਿਲਾਂ ਇਹ ਦੱਸਣ ਕਿ 10 ਸਾਲ ਜਿਹੜੇ ਕੰਮ ਹੁੰਦੇ ਰਹੇ ਹਨ ਉਹ ਕਿਸ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਨ। ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਭਿੰਦਸ਼ਾਹ, ਬਲਵਿੰਦਰ ਸਿੰਘ ਮਰੜੀ, ਬਲਕਾਰ ਸਿੰਘ ਬੋਪਾਰਾਏ ਤੇ ਪੰਡਿਤ ਰਮੇਸ਼ ਗੋਪਾਲਪੁਰਾ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਿਛਲੇ ਲੰਬੇ ਸਮੇਂ ਤੋਂ ਲੋਕ ਹਿੱਤਾਂ ਦੀ ਲੜਾਈ ਕੌਣ ਤੇ ਕਿਹੜੀ ਪਾਰਟੀ ਲੜਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਸੱਤਾ ‘ਚ ਹੁੰਦੀ ਪਾਰਟੀ ਵੱਲੋਂ ਲੋਕਾਂ ਦੇ ਪੈਸਿਆਂ ਦੇ ਨਾਲ ਹੀ ਵਿਕਾਸ ਕੰਮ ਕਰਵਾਏ ਜਾਂਦੇ ਹਨ, ਨਾ ਕਿ ਕਿਸੇ ਆਗੂ ਵੱਲੋਂ ਘਰੋਂ ਲਿਆ ਕੇ ਪੈਸੇ ਖਰਚੇ ਜਾਂਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਕਾਂਗਰਸ ਸਰਕਾਰ ਸਮੇਂ ਸ਼ੁਰੂ ਹੋਏ ਪ੍ਰਾਜੈਕਟਾਂ ਅਤੇ ਲੋਕ ਭਲਾਈ ਦੀਆਂ ਸਕੀਮਾਂ ਨੂੰ ਬੜੀ ਮੁਸ਼ਕਲ ਨਾਲ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਚਲਾਇਆ ਗਿਆ ਪਰ ਪ੍ਰਾਜੈਕਟਾਂ ਵਿਚ ਵੀ ਕੀਤੀ ਗਈ ਵੱਡੀ ਬੇਈਮਾਨੀ ਸਾਹਮਣੇ ਆ ਗਈ ਹੈ ਅਤੇ ਉਹ ਕੰਮ ਵੀ ਅੱਧੇ-ਅਧੂਰੇ ਹਨ, ਜਿਨ੍ਹਾਂ ਨੂੰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੂਰਾ ਕਰ ਰਹੀ ਹੈ। ਯੂ. ਪੀ. ਏ. ਸਰਕਾਰ ਦੇ ਸਮੇਂ ਵੀ ਸ਼ੁਰੂ ਹੋਏ ਵੱਖ-ਵੱਖ ਪ੍ਰਾਜੈਕਟਾਂ ਨੂੰ ਮੌਜੂਦਾ ਸਰਕਾਰ ਨਾਂ ਬਦਲ ਕੇ ਆਪਣੇ ਸਿਰ ਸਿਹਰਾ ਸਜਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਸਰਕਾਰ ਵਾਂਗ ਕਾਂਗਰਸ ਸਰਕਾਰ ਕਿਸੇ ਸ਼ੌਹਰਤ ਦੀ ਭੁੱਖੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ‘ਤੇ ਨੀਂਹ ਪੱਥਰਾਂ ਤੇ ਫਜ਼ੂਲ ਖਰਚੀ ਨਹੀਂ ਕੀਤੀ ਜਾ ਰਹੀ ਸਗੋਂ ਕੰਮਾਂ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਈਮਾਨਦਾਰੀ ਨਾਲ ਆਪਣੇ ਕੰਮ ਸਿਰੇ ਲਾਉਣ ਕਿਉਂਕਿ ਉਨ੍ਹਾਂ ਦੇ ਕੰਮਾਂ ਨੂੰ ਸ਼੍ਰੀ ਰਾਮ ਟੈਸਟਿੰਗ ਲੈਬ ਤੋਂ ਟੈਸਟ ਕਰਵਾਇਆ ਜਾਣਾ ਹੈ। ਜੇਕਰ ਕਿਸੇ ਠੇਕੇਦਾਰ ਦੇ ਕੰਮ ‘ਚ ਕੋਈ ਕਮੀ-ਪੇਸ਼ੀ ਪਾਈ ਗਈ ਤਾਂ ਉਨ੍ਹਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ।