ਤ੍ਰਿਣਮੂਲ ਨੇ ਮਮਤਾ ਬੈਨਰਜੀ ਨੂੰ ਪਾਰਟੀ ਪ੍ਰਧਾਨ ਦੱਸਿਆ, ਚੋਣ ਕਮਿਸ਼ਨ ਨੂੰ ਭੇਜੀ ਅਹੁਦੇਦਾਰਾਂ ਦੀ ਸੂਚੀ

ਨਵੀਂ ਦਿੱਲੀ/ਕੋਲਕਾਤਾ- ਤ੍ਰਿਣਮੂਲ ਕਾਂਗਰਸ ’ਚ ਲੀਡਰਸ਼ਿਪ ਅਤੇ ਸੰਗਠਨ ’ਤੇ ਕੰਟਰੋਲ ਨੂੰ ਲੈ ਕੇ ਚੱਲ ਰਹੀ ਲੜਾਈ ਮੰਗਲਵਾਰ ਨੂੰ ਹੋਰ ਤੇਜ਼ ਹੋ ਗਈ। ਇਕ ਪਾਸੇ ਪਾਰਟੀ ਮੁਖੀ ਮਮਤਾ ਬੈਨਰਜੀ ਦੀ ਅਗਵਾਈ ਵਾਲੇ ਧੜੇ ਨੇ ਚੋਣ ਕਮਿਸ਼ਨ ਨੂੰ ਨਵੀਂ ਰਾਸ਼ਟਰੀ ਕਾਰਜਕਾਰਨੀ ਅਤੇ ਅਹੁਦੇਦਾਰਾਂ ਦੀ ਸੂਚੀ ਸੌਂਪ ਕੇ ਆਪਣੇ ਸੰਗਠਨਾਤਮਕ ਕੰਟਰੋਲ ਦਾ ਦਾਅਵਾ ਮਜ਼ਬੂਤ ਕੀਤਾ, ਉੱਥੇ ਹੀ ਦੂਜੇ ਪਾਸੇ ਬਾਗੀ ਧੜੇ ਨੇ ਸਮਾਨਾਂਤਰ ਲੀਡਰਸ਼ਿਪ ਢਾਂਚੇ ਦਾ ਐਲਾਨ ਕਰ ਕੇ ਪਾਰਟੀ ਦੇ ਅੰਦਰੂਨੀ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ।
ਚੋਣ ਕਮਿਸ਼ਨ ਨੂੰ ਭੇਜੀ ਗਈ ਸੂਚੀ ’ਚ ਮਮਤਾ ਬੈਨਰਜੀ ਨੂੰ ਪਾਰਟੀ ਪ੍ਰਧਾਨ, ਸੁਬਰਤ ਬਖਸ਼ੀ ਨੂੰ ਉਪ-ਪ੍ਰਧਾਨ ਤੇ ਅਭਿਸ਼ੇਕ ਬੈਨਰਜੀ ਨੂੰ ਰਾਸ਼ਟਰੀ ਜਨਰਲ ਸਕੱਤਰ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਡੈਰੇਕ ਓ’ਬ੍ਰਾਇਨ ਅਤੇ ਡੋਲਾ ਸੇਨ ਨੂੰ ਸੰਯੁਕਤ ਸਕੱਤਰ ਅਤੇ ਸ਼ੁਭਾਸ਼ੀਸ਼ ਚੱਕਰਵਰਤੀ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਪਾਰਟੀ ਦੀ 24 ਮੈਂਬਰੀ ਰਾਸ਼ਟਰੀ ਕਾਰਜਕਾਰਨੀ ਨੂੰ 20 ਜੂਨ 2026 ਤੱਕ ਦੀ ਸਥਿਤੀ ਦੇ ਆਧਾਰ ’ਤੇ ਅੰਤਿਮ ਰੂਪ ਦਿੱਤਾ ਗਿਆ ਅਤੇ ਇਸ ਦੀ ਜਾਣਕਾਰੀ ਬਾਗੀ ਧੜੇ ਦੀ ਬੈਠਕ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਸੀ।
ਬਾਗੀ ਧੜੇ ਨੇ ਅਰੂਪ ਰਾਏ ਨੂੰ ਚੁਣਿਆ ਸੀ ਪ੍ਰਧਾਨ
ਇਕ ਦਿਨ ਪਹਿਲਾਂ ਰਿਤਬਰਤ ਬੈਨਰਜੀ ਦੀ ਅਗਵਾਈ ਵਾਲੇ ਅਸੰਤੁਸ਼ਟ ਧੜੇ ਨੇ ਕੋਲਕਾਤਾ ’ਚ ਵਿਸ਼ੇਸ਼ ਅਜਲਾਸ ਕਰ ਕੇ ਸੀਨੀਅਰ ਵਿਧਾਇਕ ਅਰੂਪ ਰਾਏ ਨੂੰ ਤ੍ਰਿਣਮੂਲ ਦਾ ਨਵਾਂ ਪ੍ਰਧਾਨ ਚੁਣੇ ਜਾਣ ਅਤੇ 30 ਮੈਂਬਰੀ ਰਾਸ਼ਟਰੀ ਕਾਰਜਕਾਰਨੀ ਗਠਿਤ ਕਰਨ ਦਾ ਐਲਾਨ ਕੀਤਾ ਸੀ। ਬਾਗੀ ਨੇਤਾਵਾਂ ਦਾ ਦਾਅਵਾ ਹੈ ਕਿ ਫਰਵਰੀ, 2022 ’ਚ ਗਠਿਤ ਪੁਰਾਣੀ ਰਾਸ਼ਟਰੀ ਕਾਰਜਕਾਰਨੀ ਦਾ ਕਾਰਜਕਾਲ ਖ਼ਤਮ ਹੋ ਚੁੱਕਾ ਸੀ, ਇਸ ਲਈ ਨਵਾਂ ਸੰਗਠਨਾਤਮਕ ਢਾਂਚਾ ਬਣਾਉਣਾ ਜ਼ਰੂਰੀ ਹੋ ਗਿਆ ਸੀ।