ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਾਰਟੀ ‘ਚੋਂ ਕੱਢੇ ਗਏ ਆਗੂ ਜਗਮੀਤ ਸਿੰਘ ਬਰਾੜ ਨਾਲ ਪੂਰੀ ਹਮਦਰਦੀ ਹੈ ਅਤੇ ਬਰਾੜ ਵੱਲੋਂ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਬੋਲੇ ਸ਼ਬਦਾਂ ਦੀ ਉਹ ਕੋਈ ਪਰਵਾਹ ਨਹੀਂ ਕਰਦੇ।
ਬਰਾੜ ਦੇ ਦੋਸ਼ਾਂ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਜਿਹੜਾ ਵਿਅਕਤੀ ਸਿਆਸੀ ਤੌਰ ‘ਤੇ ਅਪਾਹਿਜ ਬਣ ਚੁੱਕਾ ਹੈ ਅਤੇ ਇਕੱਲਾ ਪੈ ਗਿਆ ਹੈ, ਉਸਦੀ ਦਿਮਾਗੀ ਹਾਲਤ ਕਿਹੋ ਜਿਹੀ ਹੋਵੇਗੀ। ਇਹ ਸ਼ਾਂਤੀ ਤੇ ਦਿਮਾਗੀ ਸੰਤੁਲਨ ਦੋਵੇਂ ਖੋਹ ਬੈਠੇ ਲੱਗਦੇ ਹਨ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਕਦੇ ਵੀ ਜਗਮੀਤ ਬਰਾੜ ਤੇ ਸਿਮਰਨਜੀਤ ਸਿੰਘ ਮਾਨ ਵਰਗੇ ਲੋਕਾਂ ‘ਤੇ ਪ੍ਰਤੀਕ੍ਰਿਆ ਕਰਨਾ ਜ਼ਰੂਰੀ ਨਹੀਂ ਸਮਝਿਆ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਬਰਾੜ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਵਿਅਕਤੀ ਦੀ ਮਾੜੀ ਤੇ ਨਿਰਾਸ਼ਾਜਨਕ ਹਾਲਤ ਨੂੰ ਦੇਖ ਕੇ ਕਿਸੇ ਨੂੰ ਵੀ ਗੁੱਸੇ ਦੀ ਬਜਾਏ ਇਸ ‘ਤੇ ਹਮਦਰਦੀ ਮਹਿਸੂਸ ਹੋਵੇਗੀ।















