ਰੂਪਨਗਰ : ਜ਼ਿਲੇ ‘ਚ ਚੋਣ ਜ਼ਾਬਤੇ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਇਹ ਹਦਾਇਤ ਜ਼ਿਲਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਰੂਪਨਗਰ ਕਰਨੇਸ਼ ਸ਼ਰਮਾਂ ਨੇ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਸ਼੍ਰੀ ਅਨੰਦਪੁਰ ਸਾਹਿਬ, ਰੋਪੜ ਅਤੇ ਸ਼੍ਰੀ ਚਮਕੌਰ ਸਾਹਿਬ ਵਿਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਕੀਤੀ। ਉਨ੍ਹਾਂ ਉਮੀਦਵਾਰਾਂ ਨੂੰ ਇਹ ਵੀ ਕਿਹਾ ਕਿ ਕਿਸੇ ਵੀ ਸਰਕਾਰੀ ਇਮਾਰਤ ‘ਤੇ ਪੋਸਟਰ ਬੈਨਰ ਆਦਿ ਨਾ ਲਾਇਆ ਜਾਵੇ, ਇਸ ਦੇ ਨਾਲ-ਨਾਲ ਜੇਕਰ ਕਿਸੇ ਦੀ ਨਿੱਜੀ ਇਮਾਰਤ ‘ਤੇ ਵੀ ਪੋਸਟਰ ਆਦਿ ਲਾਉਣਾ ਹੈ ਤਾ ਉਸ ਦੀ ਪਹਿਲਾਂ ਪ੍ਰਵਾਨਗੀ ਜ਼ਰੂਰ ਲੈ ਲਈ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪਬਲਿਕ ਡਿਫੇਸਮੈਂਟ ਐਕਟ ਤਹਿਤ ਕਾਰਵਾਈ ਕੀਤੀ ਜਾਵੇ। ਜ਼ਿਲਾ ਚੋਣ ਅਫਸਰ ਨੇ ਜ਼ਿਲੇ ਦੇ ਸਰਕਾਰੀ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਉਮੀਦਵਾਰ ਸਰਕਾਰੀ ਇਮਾਰਤਾਂ ‘ਤੇ ਚੋਣ ਸਮੱਗਰੀ ਲਾਉਂਦਾ ਹੈ ਤਾਂ ਉਸ ਉਮੀਦਵਾਰ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਉਮੀਦਵਾਰਾਂ ਨੂੰ ਕਿਹਾ ਕਿ ਉਹ ਆਪਣੀ ਹਰੇਕ ਰੈਲੀ, ਜਨਸਭਾ ਆਦਿ ਦੀ ਅਗਾਊਂ ਮਨਜ਼ੂਰੀ ਰਿਟਰਨਿੰਗ ਅਫ਼ਸਰ ਤੋਂ ਲੈਣੀ ਯਕੀਨੀ ਬਣਾਉਣ। ਚੋਣ ਪ੍ਰਚਾਰ ਵਿਚ ਲੱਗੇ ਵਾਹਨਾਂ ਦੀ ਆਗਿਆ ਵੀ ਰਿਟਰਨਿੰਗ ਅਫ਼ਸਰ ਤੋਂ ਅਗਾਊਂ ਤੌਰ ‘ਤੇ ਲਈ ਜਾਵੇ ਅਤੇ ਇਸ਼ਤਿਹਾਰਾਂ ਦੀ ਛਪਾਈ ਲਈ ਵੀ ਚੋਣ ਜ਼ਾਬਤੇ ਵਿਚ ਦਰਸਾਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ । ਉਨ੍ਹਾਂ ਪ੍ਰਕਾਸ਼ਿਤ ਪ੍ਰਚਾਰ ਸਮਗਰੀ ‘ਤੇ ਪ੍ਰਿੰਟਰ ਅਤੇ ਪਬਲਿਸ਼ਰ ਦਾ ਨਾਂਅ ਪਤਾ ਦਰਜ ਕਰਨ ਲਈ ਵੀ ਕਿਹਾ । ਉਨਾਂ ਕਿਹਾ ਕਿ ਜੋ ਸਰਕਾਰੀ ਥਾਵਾਂ ਇਸ਼ਤਿਹਾਰਬਾਜੀ ਲਈ ਨਿਸ਼ਚਿਤ ਹਨ ਉਨਾਂ ਨੂੰ ਕੋਈ ਵੀ ਪਾਰਟੀ/ਉਮੀਦਵਾਰ ਕਿਰਾਏ ਤੇ ਲੈ ਸਕਦਾ ਹੈ ਪ੍ਰੰਤੂ ਹਰ ਤਰਾਂ ਦੀ ਇਸ਼ਤਿਹਾਰਬਾਜੀ ਕਰਨ ਦੀ ਪਹਿਲਾ ਪ੍ਰਵਾਨਗੀ ਜ਼ਰੂਰ ਲੈ ਲਈ ਜਾਵੇ ।















