ਘੱਟ ਤੇਲ ਪਾਉਣ ਦੀਆਂ ਸ਼ਿਕਾਇਤਾਂ ਕਾਰਨ ਕਈ ਪੰਪਾਂ ‘ਤੇ ਕੀਤੀ ਛਾਪੇਮਾਰੀ

ਜਲੰਧਰ  -ਪੰਜਾਬ ਸਰਕਾਰ ਪੈਟਰੋਲ ਪ੍ਰਾਡਕਟਸ ਨੂੰ ਲੈ ਕੇ ਖਪਤਕਾਰਾਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਬਾਰੇ ‘ਇਨ ਐਕਸ਼ਨ’ ਨਜ਼ਰ ਆ ਰਹੀ ਹੈ ਜਿਸ ਕਾਰਨ ਕਈ ਵਿਭਾਗਾਂ ਨੂੰ ਕਲੱਬ ਕਰ ਕੇ ਇਕ ਟੀਮ ਗਠਿਤ ਕੀਤੀ ਗਈ ਹੈ, ਜਿਸ ਵੱਲੋਂ ਪੈਟਰੋਲ ਪੰਪਾਂ ‘ਤੇ ਛਾਪੇਮਾਰੀ ਕਰ ਕੇ ਚੈਕਿੰਗ ਕੀਤੀ ਜਾ ਰਹੀ ਹੈ। ਅੱਜ 11 ਵਜੇ ਦੇ ਕਰੀਬ ਵਿਭਾਗ ਵੱਲੋਂ ਜ਼ਿਲੇ ਦੇ ਵੱਖ-ਵੱਖ ਪੈਟਰੋਲ ਪੰਪਾਂ ‘ਤੇ ਛਾਪੇਮਾਰੀ ਕੀਤੀ ਗਈ ਤਾਂ ਕਿ ਜਾਂਚ ਕੀਤੀ ਜਾ ਸਕੇ ਕਿ ਖਪਤਕਾਰਾਂ ਨੂੰ ਪੂਰੀ ਮਾਤਰਾ ‘ਚ ਪੈਟਰੋਲ ਤੇ ਡੀਜ਼ਲ ਮਿਲ ਰਿਹਾ ਹੈ ਜਾਂ ਨਹੀਂ।
ਫੂਡ ਸਪਲਾਈ ਵਿਭਾਗ ਦੇ ਪ੍ਰਿੰਸੀਪਲ ਸੈਕਰੇਟਰੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਸਾਰੇ ਜ਼ਿਲਿਆਂ ‘ਚ ਪੈਟਰੋਲ ਪੰਪਾਂ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬੀਤੇ ਦਿਨ ਫੂਡ ਸਪਲਾਈ ਵਿਭਾਗ ਸਣੇ ਤੇਲ ਕੰਪਨੀਆਂ ਦੇ ਅਧਿਕਾਰੀਆਂ ਨੇ ਨਾਪ-ਤੋਲ ਵਿਭਾਗ ਦੀ ਅਗਵਾਈ ‘ਚ ਜਿਸ ਟੀਮ ਦਾ ਗਠਨ ਕੀਤਾ ਉਸ ਨੇ ਬੀਤੇ ਦਿਨ 13 ਦੇ ਕਰੀਬ ਪੈਟਰੋਲ ਪੰਪਾਂ ‘ਤੇ ਜਾਂਚ ਕੀਤੀ, ਜਿਨ੍ਹਾਂ ‘ਚੋਂ 3 ਪੰਪ ਅਧਿਕਾਰਤ ਮਾਪ-ਦੰਡਾਂ ‘ਤੇ ਖਰੇ ਨਹੀਂ ਉਤਰ ਸਕੇ, ਜਿਸ ਕਾਰਨ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ। ਉਕਤ ਪੰਪਾਂ ‘ਚ ਪਠਾਨਕੋਟ ਚੌਕ ਕੋਲ ਸਥਿਤ ਇਕ ਪੰਪ, ਲਾਡੋਵਾਲੀ ਰੋਡ ‘ਤੇ ਫਾਟਕ ਦੇ ਕੋਲ ਵਾਲਾ ਪੰਪ, ਕਰਤਾਰਪੁਰ ਦਾ ਪੈਟਰੋਲ ਪੰਪ ਸ਼ਾਮਿਲ ਹਨ। ਵਿਭਾਗੀ ਅਧਿਕਾਰੀਆਂ ਮੁਤਾਬਿਕ ਕਈ ਪੰਪਾਂ ਵੱਲੋਂ ਮਸ਼ੀਨਾਂ ‘ਚ ਹੇਰਾ-ਫੇਰੀ ਕਰ ਕੇ ਖਪਤਕਾਰਾਂ ਨੂੰ ਘੱਟ ਤੇਲ ਪਾਇਆ ਜਾ ਰਿਹਾ ਹੈ, ਜਿਸ ਦੇ ਬਾਰੇ ਸ਼ਿਕਾਇਤ ਮਿਲਣ ਤੋਂ ਬਾਅਦ ਪੂਰੇ ਪੰਜਾਬ ‘ਚ ਕਾਰਵਾਈ ਹੋ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਅੱਜ ਐਤਵਾਰ ਨੂੰ ਵੀ ਜਾਰੀ ਰਹੇਗੀ।