ਦੇਹਰਾਦੂਨ—ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ 25 ਮਈ ਤੋਂ ਸ਼ੁਰੂ ਹੋਣ ਵਾਲੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਫ਼ੌਜ ਦੇ ਜਵਾਨਾਂ ਨੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਤੇ ਪੈਦਲ ਮਾਰਗ ‘ਤੇ ਪਈ ਬਰਫ ਨੂੰ ਹਟਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੈਨਾ ਦੇ ਜਵਾਨਾਂ ਨੂੰ ਰੁੱਕ-ਰੁੱਕ ਕੇ ਹੋ ਰਹੀ ਬਰਫਬਾਰੀ ਕਾਰਨ ਬਰਫ ਹਟਾਉਣ ‘ਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਗੋਬਿੰਦ ਘਾਟ ਤੋਂ ਦੱਸਿਆ ਕਿ 20 ਮਈ ਤੱਕ ਬਰਫ ਨੂੰ ਹਟਾ ਕੇ ਰਸਤੇ ਨੂੰ ਸ਼ਰਧਾਲੂਆਂ ਲਈ ਖੋਲ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਸੇਵਾ ਵੀ 25 ਮਈ ਤੋਂ ਸੰਗਤਾਂ ਲਈ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਰਿਸ਼ੀਕੇਸ਼ ਤੋਂ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਦੇ ਰਸਤੇ ਆਉਣ ਵਾਲੇ ਗੁਰਦੁਆਰਿਆਂ ‘ਚ ਸੰਗਤਾਂ ਲਈ ਉਚਿਤ ਪ੍ਰਬੰਧ ਕਰ ਦਿੱਤੇ ਗਏ ਹਨ। ਹਰ ਗੁਰਦੁਆਰੇ ‘ਚ 100 ਤੋਂ ਵੱਧ ਸੇਵਾਦਾਰਾਂ ਨੂੰ ਸੰਗਤਾਂ ਦੇ ਸਹਿਯੋਗ ਲਈ ਤਾਇਨਾਤ ਕੀਤਾ ਗਿਆ ਹੈ। ਹਰ ਗੁਰਦੁਆਰੇ ‘ਚ ਸੰਗਤਾਂ ਲਈ ਲੰਗਰ, ਰਿਹਾਇਸ਼ ਤੇ ਡਾਕਟਰੀ ਸਹੂਲਤਾਂ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਦੇ ਪ੍ਰਬੰਧਕ ਨੇ ਦੱਸਿਆ ਕਿ ਮੈਨੇਜਮੈਂਟ ਟਰੱਸਟ ਦੀ ਬੇਨਤੀ ‘ਤੇ ਗੋਬਿੰਦ ਧਾਮ ‘ਚ ਭਾਰਤੀ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਵਲੋਂ ਆਧੁਨਿਕ ਮੋਬਾਈਲ ਟਾਵਰ ਵੀ ਲਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਅਜੇ ਤੱਕ ਇਹ ਸੁਵਿਧਾ ਗੋਬਿੰਦ ਘਾਟ ਤੱਕ ਹੀ ਸੀਮਤ ਸੀ, ਜਦੋਂ ਕਿ ਹੁਣ ਬੀ.ਐੱਸ.ਐੱਨ.ਐੱਲ. ਮੋਬਾਈਲ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ‘ਚ ਵੀ ਸੰਗਤਾਂ ਦੇ ਪਰਿਵਾਰਕ ਮੈਂਬਰ ਘਰ ਬੈਠੇ ਯਾਤਰੀਆਂ ਨਾਲ ਗੱਲਬਾਤ ਕਰ ਸਕਣਗੇ।















