ਗੰਗਾ ‘ਚ ਡੁੱਬੇ ਲੋਕਾਂ ਦੀ ਭਾਲ ਜਾਰੀ, ਵਿਰੋਧੀ ਧਿਰ ਨੇ ਨੀਤੀਸ਼ ਤੋਂ ਮੰਗਿਆ ਅਸਤੀਫਾ

ਪਟਨਾ— ਗੰਗਾ ਨਦੀ ‘ਚ ਸ਼ਨੀਵਾਰ ਦੀ ਸ਼ਾਮ ਨੂੰ ਕਿਸ਼ਤੀ ਡੁੱਬਣ ਨਾਲ 25 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ‘ਚ 40 ਤੋਂ ਜ਼ਿਆਦਾ ਲੋਕ ਸਵਾਰ ਹੋਣ ਦੀ ਗੱਲ ਸਾਹਮਣੇ ਆਈ ਹੈ । ਕੇਂਦਰੀ ਮੰਤਰੀ ਰਾਮਕ੍ਰਿਪਾਲ ਯਾਦਵ ਨੇ ਕਿਸ਼ਤੀ ਹਾਦਸੇ ਲਈ ਬਿਹਾਰ ਸਰਕਾਰ ਨੂੰ ਜ਼ਿੰਮੇਦਾਰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਇਹ ਹਾਦਸਾ ਹੋਇਆ। ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਇਸ ਹਾਦਸੇ ਦੀ ਨੈਤਿਕ ਜ਼ਿੰਮੇਦਾਰੀ ਲੈਂਦੇ ਹੋਏ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
ਅਸਲ ‘ਚ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਪਤੰਗਬਾਜੀ ਲਈ ਲੋਕ ਗੰਗਾ ਕਿਨਾਰੇ ਵੈਸ਼ਾਲੀ ਜ਼ਿਲੇ ਦੇ ਸਬਲਪੁਰ ਦਿਆਰਾ ਇਲਾਕੇ ‘ਚ ਗਏ ਸਨ ਅਤੇ ਫਿਰ ਇਕ ਕਿਸ਼ਤੀ ‘ਤੇ ਸਵਾਰ ਹੋ ਕੇ ਪਟਨਾ ਦੇ ਰਾਣੀ ਘਾਟ ਵੱਲ ਆ ਰਹੇ ਸਨ, ਉਦੋਂ ਹੀ ਇਹ ਹਾਦਸਾ ਹੋਇਆ। ਪਟਨਾ ਸਿਟੀ ਦੇ ਪੁਲਸ ਅਧਿਕਾਰੀ ਚੰਦਨ ਕੁਸ਼ਵਾਹਾ ਨੇ ਦੱਸਿਆ ਕਿ ਕੁਝ ਲੋਕ ਤੈਰ ਕੇ ਬਾਹਰ ਆ ਗਏ, ਜਦਕਿ ਕੁਝ ਲੋਕਾਂ ਨੇ ਸ਼ਿਕਇਤ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਲਾਪਤਾ ਹਨ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਜ਼ਿਲਾ ਅਧਿਕਾਰੀ ਸੰਜੇ ਕੁਮਾਰ ਅਗਰਵਾਲ ਅਤੇ ਚੰਦਨ ਕੁਸ਼ਵਾਹਾ ਹਾਦਸੇ ਵਾਲੀ ਥਾਂ ‘ਤੇ ਮੌਜੂਦ ਹਨ। ਐਨ.ਡੀ.ਆਰ.ਐਫ. ਦੇ ਡਿਪਟੀ ਕਮਾਂਡੇਂਟ ਰਵਿਕਾਂਤ ਨੇ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦਾ ਸ਼ੱਕ ਜਤਾਇਆ ਹੈ। ਉਥੇ ਹੀ ਇਸ ਹਾਦਸੇ ਨੂੰ ਲੈ ਕੇ ਬਿਹਾਰ ਸਰਕਾਰ ਨੇ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਨ ਕੀਤਾ ਗਿਆ ਹੈ।
ਆਰ.ਜੇ.ਡੀ. ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਕਿਸ਼ਤੀ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ, ਉਨ੍ਹਾਂ ਨੇ ਐਤਵਾਰ ਨੂੰ ਆਪਣੇ ਆਵਾਸ ‘ਤੇ ਆਯੋਜਿਤ ਚੂੜਾ-ਦਹੀ ਪ੍ਰੋਗਰਾਮ ਨੂੰ ਵੀ ਮੁਲਤਵੀ ਕਰ ਦਿੱਤਾ ਹੈ। ਆਰ.ਜੇ.ਡੀ. ਸਾਂਸਦ ਅਤੇ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਮੀਸਾ ਭਾਰਤੀ ਨੇ ਹਾਦਸੇ ਨੂੰ ਮੰਦਭਾਗਾ ਦੱਸਦੇ ਹੋਏ ਪ੍ਰਭਾਵਿਤ ਲੋਕਾਂ ਅਤੇ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਨੇ ਵੀ ਇਸ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਫਤ ਪ੍ਰਬੰਧਨ ਨਾਲ ਜੁੜ੍ਹੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਰਾਹਤ ਅਤੇ ਬਚਾਅ ਕੰਮ ਨੂੰ ਤੇਜ਼ੀ ਨਾਲ ਚਲਾਇਆ ਜਾਵੇ। ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਵੀ ਹਾਦਸੇ ‘ਤੇ ਦੁੱਖ ਜਤਾਉਂਦੇ ਹੋਏ ਮਾਰੇ ਗਏ ਲੋਕਾਂ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
ਇਸ ਹਾਦਸੇ ਨੂੰ ਲੈ ਕੇ ਵਿਰੋਧੀ ਧਿਰ ਨੇ ਸਰਕਾਰ ਨੂੰ ਦੋਸ਼ੀ ਠਹਿਰਾਉਂਣੇ ਹੋਏ ਘਟੀਆ ਪ੍ਰਬੰਧ ਦਾ ਦੋਸ਼ ਲਗਾਇਆ ਹੈ। ਬੀ.ਜੇ.ਪੀ. ਨੇਤਾ ਪ੍ਰੇਮ ਕੁਮਾਰ ਨੇ ਕਿਹਾ ਕਿ ਇਹ ਹੀ ਕਾਰਨ ਹੈ ਕਿ ਇਕ ਹੀ ਕਿਸ਼ਤੀ ‘ਤੇ ਜ਼ਿਆਦਾ ਲੋਕ ਸਵਾਰ ਹੋਏ ਅਤੇ ਇਹ ਹਾਦਸਾ ਹੋਇਆ। ਪ੍ਰੇਮ ਕੁਮਾਰ ਨੇ ਨੀਤੀਸ਼ ਕੁਮਾਰ ਨੂੰ ਐਤਵਾਰ ਨੂੰ ਹੋਣ ਵਾਲਾ ਦਹੀ-ਚੂੜਾ ਦਾ ਪ੍ਰੋਗਰਾਮ ਰੱਦ ਕਰਨ ਦੀ ਮੰਗ ਕੀਤੀ ਹੈ। ਸਥਾਨਕ ਲੋਕ ਵੀ ਪ੍ਰਸ਼ਾਸਨ ਵਲੋਂ ਪਤੰਗ ਉਤਸਵ ‘ਚ ਸ਼ਾਮਲ ਹੋਣ ਗਏ ਲੋਕਾਂ ਨੂੰ ਵਾਪਸ ਲਿਆਉਣ ਲਈ ਕੋਈ ਖਾਸ ਇੰਤਜ਼ਾਮ ਨਾ ਹੋਣ ਦੀ ਗੱਲ ਕਹਿ ਰਹੇ ਹਨ। ਇਸ ਕਾਰਨ ਲੋਕਾਂ ‘ਚ ਵਾਪਸ ਆਉਂਦੇ ਸਮੇਂ ਕਿਸ਼ਤੀ ‘ਤੇ ਚੜ੍ਹਨ ਨੂੰ ਲੈ ਕੇ ਅਫਰਾ-ਦਫੜੀ ਮਚ ਗਈ। ਲੋਕਾਂ ਦੀ ਮੰਨੋਂ ਤਾਂ ਕਿਸ਼ਤੀ ‘ਤੇ ਜ਼ਿਆਦਾ ਲੋਕ ਸਵਾਰ ਹੋਣ ਕਾਰਨ ਇਹ ਹਾਦਸਾ ਹੋਇਆ।