ਭਗਵੰਤ ਮਾਨ ਦੀ ਕੈਪਟਨ ਨੂੰ ਲਲਕਾਰ, ਕਿਹਾ ਜਲਾਲਾਬਾਦ ਤੋਂ ਲੜੇ ਚੋਣ

ਸ੍ਰੀ ਮੁਕਤਸਰ ਸਾਹਿਬ : ਕੈਪਟਨ ਅਮਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਜਲਾਲਾਬਾਦ ਤੋਂ ਚੋਣ ਲੜਨ ਲਈ ਕਿਹਾ ਹੈ। ਕੈਪਟਨ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਲੰਬੀ ਤੋਂ ਚੋਣ ਲੜਣ ਦੀ ਇੱਛਾ ਜ਼ਾਹਿਰ ਕਰਨ ਦੇ ਦਿੱਤੇ ਬਿਆਨ ‘ਤੇ ਭਗਵੰਤ ਮਾਨ ਆਪਣਾ ਪ੍ਰਤੀਕਰਮ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਜਲਾਲਾਬਾਦ ਤੋਂ ਚੋਣ ਕਿਉਂ ਨਹੀਂ ਲੜ ਰਹੇ ਹਨ। ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਲੰਬੀ ਤੋਂ ਉਮੀਦਵਾਰ ਜਰਨੈਲ ਸਿੰਘ ਦੇ ਹੱਕ ‘ਚ ਕੱਢੇ ਗਏ ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਧਰ ਲੰਬੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਕੈਪਟਨ ਵੀ ਆ ਜਾਣ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਬਲਕਿ ਉਨ੍ਹਾਂ ਨੂੰ ਦੋਵੇਂ ਮੁੱਖ ਮੰਤਰੀ ਦੇ ਉਮੀਦਵਾਰਾਂ ਨੂੰ ਹਰਾਉਣ ਦਾ ਮੌਕਾ ਮਿਲੇਗਾ। ਭਗਵੰਤ ਮਾਨ ਨੇ ਜਰਨੈਲ ਸਿੰਘ ਦੇ ਹੱਕ ‘ਚ ਰੋਡ ਸ਼ੋਅ ਕੱਢ ਕੇ ਲੋਕਾਂ ਨੂੰ ਝਾੜੂ ਦੇ ਨਿਸ਼ਾਨ ‘ਤੇ ਵੋਟ ਪਾਉਣ ਦੀ ਅਪੀਲ ਕੀਤੀ ਹੈ।