ਇੰਟਰਨੈਸ਼ਨਲ ਡੈਸਕ- ਹਾਲੇ ਕੁਝ ਦਿਨ ਪਹਿਲਾਂ ਹੀ ਦੱਖਣੀ ਅਮਰੀਕੀ ਦੇਸ਼ ਕੋਲੰਬੀਆ ‘ਚ ਆਏ 7.4 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ, ਜਿੱਥੇ ਹੁਣ ਤੱਕ 200 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਹੁਣ ਮੱਧ ਅਮਰੀਕੀ ਦੇਸ਼ ਐਲ ਸਾਲਵਾਡੋਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 5.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਅਮਰੀਕੀ ਭੂ-ਵਿਗਿਆਨ ਕੇਂਦਰ ਅਨੁਸਾਰ ਇਸ ਭੂਚਾਲ ਦਾ ਕੇਂਦਰ ਚਿਰੀਲਾਗੁਆ ਤੋਂ ਲਗਭਗ 69 ਕਿਲੋਮੀਟਰ ਦੱਖਣ-ਦੱਖਣ-ਪੱਛਮ ਜ਼ਮੀਨ ਤੋਂ 56.8 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਸ ਭੂਚਾਲ ਦੇ ਝਟਕੇ ਐਲ ਸਾਲਵਾਡੋਰ ਤੋਂ ਇਲਾਵਾ ਗੁਆਂਢੀ ਦੇਸ਼ਾਂ ਹੌਂਡੂਰਾਸ ਅਤੇ ਨਿਕਾਰਾਗੁਆ ਦੇ ਕੁਝ ਹਿੱਸਿਆਂ ‘ਚ ਵੀ ਮਹਿਸੂਸ ਕੀਤੇ ਗਏ। ਫਿਲਹਾਲ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।
ਜ਼ਿਕਰਯੋਗ ਹੈ ਕਿ 10 ਅਗਸਤ ਨੂੰ ਕੋਲੰਬੀਆ ‘ਚ ਆਏ 7.4 ਤੀਬਰਤਾ ਦੇ ਭੂਚਾਲ ਨੇ ਦੇਸ਼ ‘ਚ ਭਾਰੀ ਤਬਾਹੀ ਮਚਾਈ ਹੋਈ ਹੈ। ਉੱਥੇ ਹੁਣ ਤੱਕ 200 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ ਸੈਂਕੜੇ ਹੋਰ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਕਈ ਇਮਾਰਤਾਂ ਵੀ ਭੂਚਾਲ ਕਾਰਨ ਢਹਿ-ਢੇਰੀ ਹੋ ਗਈਆਂ ਹਨ, ਜਿਸ ਕਾਰਨ ਰੈਸਕਿਊ ਕਾਰਜਾਂ ‘ਚ ਵੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।















